ਰੌਬਿਨ ਉਰਬੈਕ-
ਮੈਂ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਉਹਨਾਂ ਸ਼ਬਦਾਂ ਦੀ ਸਿਆਸੀ ਅਹਿਮੀਅਤ ਸਮਝਦੀ ਹਾਂ ਕਿ ਉਹ “ਇੱਕ ਸੰਯੁਕਤ ਕੈਨੇਡਾ ਦੇ ਅੰਦਰ ਇੱਕ ਖੁਦਮੁਖਤਿਆਰ ਅਲਬਰਟਾ” ਦਾ ਸਮਰਥਨ ਕਰਦੀ ਹੈ, ਜਦੋਂਕਿ ਉਹ ਹਰ ਵਾਰ ਜਦੋਂ ਅਲਬਰਟਾ ਦੀ ਆਜ਼ਾਦੀ ਬਾਰੇ ਉਸਦੀ ਨਿੱਜੀ ਰਾਏ ਪੁੱਛੀ ਜਾਂਦੀ ਹੈ ਤਾਂ ਉਹ ਟਾਲ-ਮਟੋਲ ਕਰਦੀ ਨਜ਼ਰ ਆਉਂਦੀ ਹੈ। ਉਹ ਵੱਖਵਾਦੀ ਨਹੀ, ਇਕ ਮੌਕਾਪ੍ਰਸਤ ਆਗੂ ਹੈ।
ਅਲਬਰਟਾ ਦੀ ਐਨਡੀਪੀ ਉਸਨੂੰ ਇਕ ਮੁੱਦੇ ਤੇ ਘੇਰਨ ਵਿਚ ਰੁੱਝੀ ਹੋਈ ਹੈ ਕਿ ਪ੍ਰੀਮੀਅਰ ਅਤੇ ਉਸਦਾ ਪੂਰਾ ਕਾਕਸ “ਅਲੱਗਵਾਦੀ ਹਨ ਜਦੋਂਕਿ ਡੈਨੀਅਲ ਸਮਿਥ ਦਾ ਸੂਬੇ ਵਿੱਚ ਇੱਕ ਜਨਤਕ ਸ਼ਖਸੀਅਤ ਵਜੋਂ ਲੰਮਾ ਕਾਰਜਕਾਲ ਇਸ ਧਾਰਨਾ ਲਈ ਬਹੁਤ ਘੱਟ ਸਬੂਤ ਪ੍ਰਦਾਨ ਕਰਦਾ ਹੈ ਕਿ ਉਹ ਸੱਚਮੁੱਚ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਇਆ ਦੇਖਣਾ ਚਾਹੁੰਦੀ ਹੈ।
ਇਹ ਮੰਨਣਾ ਮੁਸ਼ਕਲ ਹੈ ਕਿ ਪ੍ਰੀਮੀਅਰ ਸਫਲ ਅਲਹਿਦਗੀ ਵੋਟ ਉਪਰੰਤ ਤੁਰੰਤ ਸਾਹਮਣੇ ਆਉਣ ਵਾਲੀਆਂ ਵੱਡੀਆਂ ਵਿੱਤੀ, ਲੌਜਿਸਟਿਕਲ ਅਤੇ ਰਾਜਨੀਤਿਕ ਚੁਣੌਤੀਆਂ ਤੋਂ ਅਣਜਾਣ ਨਹੀਂ ਹੈ। ਪਰ ਉਹ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੀ ਅਗਵਾਈ ਲਈ ਆਪਣੀ ਮੁਹਿੰਮ ਅਤੇ ਪ੍ਰੀਮੀਅਰ ਵਜੋਂ ਸ਼ੁਰੂਆਤੀ ਦਿਨਾਂ ਦੌਰਾਨ – ਉਸ ਵਿਸ਼ਾਲ ਊਰਜਾ, ਸੰਗਠਨਾਤਮਕ ਸ਼ਕਤੀ ਅਤੇ ਵਿੱਤੀ ਸਰੋਤਾਂ ਤੋਂ ਵੀ ਅਣਜਾਣ ਨਹੀਂ ਹੈ ਜੋ ਪੱਛਮੀ ਅਲਹਿਦਗੀ ਦੀ ਅੱਗ ਨੂੰ ਭੜਕਾ ਕੇ ਵਰਤੇ ਜਾ ਸਕਦੇ ਹਨ।
ਇਸ ਲਈ ਉਹ ਇਹ ਸਭ ਜਾਣਬੁਝ ਕੇ ਕਰ ਰਹੀ ਹੈ। ਪਹਿਲਾਂ, ਪ੍ਰਭੂਸੱਤਾ ਐਕਟ ‘ਤੇ ਮੁਹਿੰਮ ਚਲਾ ਕੇ (ਅਤੇ ਬਾਅਦ ਵਿੱਚ ਪਾਸ ਕਰਕੇ), ਜੋ ਉਸਦੀ ਸਰਕਾਰ ਨੂੰ ਫੈਡਰਲ ਕਾਨੂੰਨਾਂ ਦੇ ਵਿਰੁੱਧ ਕੰਮ ਕਰਨ ਦੀ ਆਗਿਆ ਦੇਵੇਗਾ ਜੋ ਉਹ ਅਲਬਰਟਾ ਦੇ ਹਿੱਤਾਂ ਲਈ “ਨੁਕਸਾਨਦੇਹ” ਸਮਝਦਾ ਹੈ, ਅਤੇ ਫਿਰ ਜਨਮਤ ਸੰਗ੍ਰਹਿ ਲਈ ਨਿਯਮਾਂ ਨੂੰ ਬਦਲ ਕੇ, ਵੱਖਵਾਦੀਆਂ ਲਈ ਅਲਬਰਟਾ ਦੀ ਆਜ਼ਾਦੀ ਦੇ ਸਵਾਲ ਨੂੰ ਵੋਟ ਲਈ ਰੱਖਣਾ ਆਸਾਨ ਬਣਾ ਦਿੰਦਾ ਹੈ। ਇਹ ਕਾਫ਼ੀ ਸਿੱਧਾ ਹੋਣਾ ਚਾਹੀਦਾ ਸੀ ਕਿ ਡੈਨੀਅਲ ਸਮਿਥ ਵੱਖਵਾਦੀਆਂ ਨੂੰ ਉਨ੍ਹਾਂ ਦੇ ਸਮਰਥਨ ਦੇ ਬਦਲੇ ਇੱਕ ਜਾਂ ਦੋ ਹੱਡੀਆਂ ਸੁੱਟ ਦੇਵੇਗੀ, ਪਰ ਇੱਕ ਫੈਡਰਲ ਕੈਨੇਡਾ ਲਈ ਆਪਣੇ ਸਮਰਥਨ ਨੂੰ ਦੁਹਰਾਉਂਦੇ ਹੋਏ ਆਪਣੇ ਆਪ ਨੂੰ ਮੈਦਾਨ ਤੋਂ ਬਾਹਰ ਰੱਖੇਗੀ।
ਪਰ ਪ੍ਰੀਮੀਅਰ ਹੁਣ ਇੱਕ ਨਾਜ਼ੁਕ ਦੌਰ ਵਿੱਚ ਹੈ ਕਿਉਂਕਿ ਅਲਬਰਟਾ ਅਦਾਲਤ ਦੇ ਜੱਜ ਨੇ ਜਨਮਤ ਸੰਗ੍ਰਹਿ ਲਈ ਵੱਖ ਹੋਣ ਦੇ ਸਵਾਲ ਨੂੰ ਪ੍ਰਾਪਤ ਕਰਨ ਲਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਸਦੀ ਸਰਕਾਰ ਇਸ ਫੈਸਲੇ ਖਿਲਾਫ ਅਪੀਲ ਕਰੇਗੀ, ਜਿਸ ਨੇ ਸਿੱਟਾ ਕੱਢਿਆ ਕਿ “ਕ੍ਰਾਊਨ ਆਦਿਵਾਸੀ ਸਮੂਹਾਂ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ”, ਪਰ ਹੁਣ ਉਹ ਖੁਦ ਆਜ਼ਾਦੀ ਦੇ ਸਵਾਲ ਨੂੰ ਵੋਟ ਪੱਤਰ ‘ਤੇ ਰੱਖਣ ਲਈ ਵਧਦੇ ਦਬਾਅ ਦਾ ਸਾਹਮਣਾ ਕਰ ਰਹੀ ਹੈ।
ਇਸ ਮੁੱਦੇ ਤੇ ਡੈਨੀਅਲ ਸਮਿਥ ਬੁਰੀ ਤਰਾਂ ਫਸ ਗਈ ਹੈ: ਜੇਕਰ ਉਹ ਪਟੀਸ਼ਨ ਨੂੰ ਬਾਈਪਾਸ ਕਰਦੀ ਹੈ ਅਤੇ ਸਿੱਧੇ ਤੌਰ ‘ਤੇ ਸਵਾਲ ਨੂੰ ਜਨਮਤ ਸੰਗ੍ਰਹਿ ਲਈ ਰੱਖਦੀ ਹੈ, ਤਾਂ ਫਸਟ ਨੇਸ਼ਨਜ਼ ਦੇ ਨੇਤਾਵਾਂ ਨੇ ਕਿਹਾ ਹੈ ਕਿ ਉਹ ਇਸਨੂੰ ਆਪਣੇ ਲੋਕਾਂ ‘ਤੇ ਹਮਲਾ ਸਮਝਣਗੇ। ਭਾਵੇਂ ਉਹ ਫੈਡਰਲਿਸਟ ਫਾਰਐਵਰ ਕੈਨੇਡੀਅਨ ਪਟੀਸ਼ਨ ਦੀ ਵਰਤੋਂ ਕਰਕੇ ਜਨਮਤ ਸੰਗ੍ਰਹਿ ਬੁਲਾਉਂਦੀ ਹੈ, ਇਹ ਇੱਕ ਫੈਡਰਲ ਹਾਮੀ ਵਜੋਂ ਉਸਦੀ ਸਥਿਤੀ ਨੂੰ ਵੱਡਾ ਨੁਕਸਾਨ ਪਹੁੰਚਾਏਗਾ, ਜਿਸਦਾ ਅਲਬਰਟਾ (ਜੋ ਕਿ ਪਹਿਲਾਂ ਹੀ ਵੱਖ ਹੋਣ ਵਾਲੇ ਜਨਮਤ ਸੰਗ੍ਰਹਿ ਦੀ ਸੰਭਾਵਨਾ ਕਾਰਣ ਪੀੜਤ ਹੈ) ਵਿੱਚ ਨਿਵੇਸ਼ ਅਤੇ ਪਾਈਪਲਾਈਨ ਵਿਕਾਸ ਅਤੇ ਹੋਰ ਉਦਯੋਗਿਕ ਪਹਿਲਕਦਮੀਆਂ ਨੂੰ ਲੈ ਕੇ ਓਟਾਵਾ ਨਾਲ ਸਬੰਧਾਂ ਉਪਰ ਪ੍ਰਭਾਵ ਪਵੇਗਾ।
ਜੇਕਰ ਉਹ ਅਜਿਹਾ ਨਹੀਂ ਕਰਦੀ, ਤਾਂ ਉਸਨੂੰ ਵਖਵਾਦੀ ਅੰਦੋਲਨ ਦੇ ਨੇਤਾਵਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨੇ ਪਹਿਲਾਂ ਹੀ ਡੈਨੀਅਲ ਸਮਿਥ ‘ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਉਸਦੇ ਦੋਸਤਾਨਾ ਸਬੰਧਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ, ਵਖਵਾਦੀ ਤੇ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਵਿੱਚੋਂ ਇੱਕ, ਜੈਫਰੀ ਰਾਥ ਨੇ ਐਕਸ ‘ਤੇ ਪੋਸਟ ਕੀਤਾ ਕਿ ਡੈਨੀਅਲ ਸਮਿਥ ਨੂੰ “ਮਾਰਕ ਕਾਰਨੀ ਨਾਲ ਕਾਰਬਨ ਟੈਕਸ ਸਮਝੌਤਾ ‘ਤੇ ਦਸਤਖਤ ਕਰਨ ਲਈ ਉਸਦੀ ਪਾਰਟੀ ਤੋਂ ਕੋਈ ਆਦੇਸ਼ ਨਹੀਂ ਸੀ । “ਡੈਨੀਅਲ ਸਮਿਥ ਨੂੰ ਹੁਣ ਯੂਸੀਪੀ ਦੇ ਮੈਂਬਰਾਂ ਦਾ ਵਿਸ਼ਵਾਸ ਹਾਸਲ ਨਹੀ ਹੈ। ਰਾਥ ਸਪੱਸ਼ਟ ਤੌਰ ‘ਤੇ ਯੂਸੀਪੀ ਲਈ ਨਹੀਂ ਬੋਲਦੇ, ਪਰ ਉਹ ਇਸਦੇ ਇੱਕ ਖਾਸ ਹਿੱਸੇ ਲਈ ਬੋਲਦੇ ਹਨ। ਇੱਕ ਉਹ ਹਿੱਸਾ ਜੋ ਹੁਣ ਡੈਨੀਅਲ ਸਮਿਥ ਤੋਂ ਮਸ਼ਾਲ ਲੈ ਅੱਗੇ ਵਧਣ ਦੀ ਉਮੀਦ ਕਰਦਾ ਹੈ । ਕੁਝ ਵੀ ਉਹਨਾਂ ਦੀ ਇਸ ਉਮੀਦ ਨੂੰ ਠੱਲ੍ਹ ਨਹੀਂ ਪਾਵੇਗਾ, ਹਾਲਾਂਕਿ ਪ੍ਰੀਮੀਅਰ ਕੁਝ ਹੋਰ ਸੋਚਦੇ ਜਾਪਦੇ ਹਨ। ਸ਼ੁੱਕਰਵਾਰ ਨੂੰ ਓਟਾਵਾ ਨਾਲ ਊਰਜਾ ਸਮਝੌਤੇ ਦੀ ਘੋਸ਼ਣਾ ਤੋਂ ਬਾਅਦ, ਡੈਨੀਅਲ ਸਮਿਥ ਨੇ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਸਮਝੌਤੇ “ਲੋਕਾਂ ਦੇ ਇੱਕ ਵੱਡੇ ਸਮੂਹ ਨੂੰ ਤਸੱਲੀ ਦੇਣਗੇ ਜੋ ਆਰਥਿਕ ਮੁੱਦਿਆਂ ਕਾਰਨ ਫੈਡਰਲ ਸਰਕਾਰ ਤੋਂ ਨਾਰਾਜ਼ ਹਨ।
ਇਹ ਔਸਤਨ ਨਾਰਾਜ਼ ਅਲਬਰਟਨ ਲਈ ਰਾਹਤ ਭਰਿਆ ਹੋ ਸਕਦਾ ਹੈ, ਜੋ ਲੰਬੇ ਸਮੇਂ ਤੋਂ ਪੂਰੇ ਕੈਨੇਡਾ ਨੂੰ ਅਲਬਰਟਾ ਦੀ ਮਿਹਨਤ ਅਤੇ ਕੁਦਰਤੀ ਸਰੋਤਾਂ ਦਾ ਲਾਭ ਲੈਣ ਦੇ ਬਾਵਜੂਦ ਅਲਬਰਟਾ ਦੇ ਉਦਯੋਗ ਨੂੰ ਅੱਖੋ ਪਰੋਖਾ ਕੀਤੇ ਜਾਣ ਦਾ ਮਲਾਲ ਰੱਖਦੇ ਹਨ। ਪਰ ਇਹ ਅਲਬਰਟਾ ਦੇ ਆਜ਼ਾਦੀ ਪ੍ਰਚਾਰਕਾਂ ਲਈ ਅਜਿਹੇ ਮਾਇਨੇ ਨਹੀਂ ਰੱਖਦਾ, ਜਿਨ੍ਹਾਂ ਲਈ ਟੀਚਾ ਇੱਕ ਨਵੀਂ ਪਾਈਪਲਾਈਨ, ਜਾਂ ਘੱਟ ਕਾਰਬਨ ਟੈਕਸ, ਜਾਂ ਓਟਾਵਾ ਤੋਂ ਵੱਧ ਪ੍ਰਸ਼ੰਸਾ ਨਹੀਂ ਹੈ। ਟੀਚਾ ਅਲਬਰਟਾ ਦੀ ਪ੍ਰਭੂਸੱਤਾ ਹੈ। ਪ੍ਰਧਾਨ ਮੰਤਰੀ ਨਾਲ ਹੱਥ ਮਿਲਾਉਣ ਦਾ ਦ੍ਰਿਸ਼ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰਦਾ ਬਲਕਿ ਉਹਨਾਂ ਦੇ ਗੁੱਸੇ ਨੂੰ ਵਧਾਉਂਦਾ ਹੈ।
ਜਿਕਰਯੋਗ ਹੈ ਕਿ ਡੈਨੀਅਲ ਸਮਿਥ ਨੇ ਵੱਖਵਾਦ ਦੇ ਦੈਂਤ ਨੂੰ ਕੇਵਲ ਪੈਦਾ ਹੀ ਨਹੀ ਕੀਤਾ ਬਲਕਿ ਉਸਨੇ ਇਸਨੂੰ ਖੁਆਇਆ ਅਤੇ ਪਾਲਿਆ ਵੀ ਹੈ। ਪਰ ਹੁਣ ਇਸ ਦੈਂਤ ਉਪਰ ਉਸਦਾ ਕੋਈ ਕੰਟਰੋਲ ਨਹੀ ਰਿਹਾ। ਉਸਨੂੰ ਹੁਣ ਉਸ ਕਾਕਸ ਸਟਾਫ ਨਾਲ ਵੀ ਨਜਿੱਠਣਾ ਪੈਂ ਰਿਹਾ ਹੈ ਜੋ ਇੱਕ ਵੱਖਵਾਦੀ ਸਮੂਹ ਦੁਆਰਾ ਆਯੋਜਿਤ ਇੱਕ ਵਰਚੁਅਲ ਮੀਟਿੰਗ ਵਿੱਚ ਬੈਠਕੇ ਕਥਿਤ ਤੌਰ ‘ਤੇ ਗਲਤ ਢੰਗ ਨਾਲ ਵੋਟਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਜਿੰਮੇਵਾਰ ਹੈ।
ਉਸਨੂੰ ਹੁਣ ਓਟਵਾ ਨਾਲ ਸਬੰਧਾਂ ਦੇ ਨਾਲ ਆਪਣੀ ਪਾਰਟੀ ਦੇ ਵੱਖਵਾਦੀ ਵਿੰਗ ਦੇ ਸਮਰਥਨ ਨੂੰ ਬਣਾਈ ਰੱਖਣ ਲਈ ਵੀ ਤਰੱਦਦ ਕਰਨਾ ਪਵੇਗਾ। ਉਸਨੂੰ 3 ਲੱਖ ਐਲਾਨੀਆ ਵੱਖਵਾਦੀਆਂ ਅਤੇ 4 ਲੱਖ ਐਲਾਨੀਆ ਫੈਡਰਲ ਸਮਰਥਕਾਂ ਵਿਚਾਲੇ ਸੰਤੁਲਨ ਬਣਾਉਣਾ ਬਹੁਤ ਮੁਸ਼ਕਲ ਹੋਵੇਗਾ। ਇਸਦੇ ਨਾਲ ਉਹਨਾਂ ਨੂੰ ਆਦਿਵਾਸੀ ਸਮੂਹਾਂ ਜਿਨ੍ਹਾਂ ਨੇ ਸਰਕਾਰ ਦੁਆਰਾ ਬੁਲਾਏ ਗਏ ਆਜ਼ਾਦੀ ਜਨਮਤ ਸੰਗ੍ਰਹਿ ਬਾਰੇ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਹਨ, ਅਤੇ ਲੱਖਾਂ ਹੋਰ ਅਲਬਰਟਨ ਜੋ ਵੱਖਵਾਦ ਦੇ ਮੁੱਦੇ ਤੇ ਖੁਸ਼ ਨਹੀ ਹਨ, ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪਵੇਗਾ। ਵੱਖਵਾਦ ਦੇ ਰਾਖਸ਼ ਨੂੰ ਪਾਲਣ ਦੀ ਸਥਿਤੀ ਇਹ ਹੈ ਕਿ ਇਹ ਉਸਨੂੰ ਵੀ ਨਿਗਲ ਸਕਦਾ ਹੈ। ( ਧੰਨਵਾਦ ਸਹਿਤ-ਦਾ ਗਲੋਬ ਐਂਡ ਮੇਲ)
