49 ਮਾਮਲਿਆਂ ’ਚ 16 ਦੋਸ਼ੀ ਗ੍ਰਿਫ਼ਤਾਰ; ਪੁਲਿਸ ਨੇ ਲੋਕਾਂ ਤੋਂ ਹੋਰ ਜਾਣਕਾਰੀ ਮੰਗੀ-
ਕੈਲਗਰੀ ( ਦਲਵੀਰ ਜੱਲੋਵਾਲੀਆ) -ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀਆਂ ਫਿਰੌਤੀ (ਐਕਸਟੋਰਸ਼ਨ) ਦੀਆਂ ਲੜੀਵਾਰ ਵਾਰਦਾਤਾਂ ਦੀ ਜਾਂਚ ਦੌਰਾਨ ਕੈਲਗਰੀ ਪੁਲਿਸ ਨੇ ਜਨਤਾ ਤੋਂ ਹੋਰ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਿਸ ਨੇ ਇਸ ਸਿਲਸਿਲੇ ਵਿੱਚ ਕੁਝ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਵਿਅਕਤੀਆਂ ਜਾਂ ਉਨ੍ਹਾਂ ਦੇ ਸਾਥੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕੀਤਾ ਜਾਵੇ।
ਪੁਲਿਸ ਮੁਤਾਬਕ ਅਪ੍ਰੈਲ 2025 ਤੋਂ ਸ਼ੁਰੂ ਹੋਈ ਇਸ ਐਕਸਟੋਰਸ਼ਨ ਲੜੀ ਦੌਰਾਨ ਕੈਲਗਰੀ ਵਿੱਚ ਹੁਣ ਤੱਕ 49 ਫਿਰੌਤੀ ਨਾਲ ਸੰਬੰਧਿਤ ਘਟਨਾਵਾਂ ਦਰਜ ਹੋਈਆਂ ਹਨ। ਇਨ੍ਹਾਂ ਵਿੱਚੋਂ 19 ਗੋਲੀਬਾਰੀ ਦੀਆਂ ਘਟਨਾਵਾਂ ਸਿੱਧੇ ਤੌਰ ’ਤੇ ਇਸ ਲੜੀ ਨਾਲ ਜੁੜੀਆਂ ਹਨ, ਜਿਨ੍ਹਾਂ ਵਿੱਚ ਫਿਰੌਤੀ ਦੇ ਪੀੜਤਾਂ ਅਤੇ ਸ਼ੱਕੀ ਵਿਅਕਤੀਆਂ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਜਾਂਚ ਦੌਰਾਨ ਹੁਣ ਤੱਕ 16 ਵਿਅਕਤੀਆਂ ਖ਼ਿਲਾਫ਼ 56 ਅਪਰਾਧਿਕ ਦੋਸ਼ ਦਰਜ ਕੀਤੇ ਜਾ ਚੁੱਕੇ ਹਨ। ਇਸ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਕੈਲਗਰੀ ਪੁਲਿਸ ਦੀ ਆਰਗੇਨਾਈਜ਼ਡ ਕਰਾਈਮ ਐਂਡ ਆਫੈਂਡਰ ਮੈਨੇਜਮੈਂਟ ਸੈਕਸ਼ਨ ਨੇ ਇਸ ਸਾਲ ਦੋ ਵਿਸ਼ੇਸ਼ ਮੁਹਿੰਮਾਂ ‘ਓਪਰੇਸ਼ਨ ਓਰਾਇਨ’ ਅਤੇ ‘ਓਪਰੇਸ਼ਨ ਆਊਟੇਜ’ ਸ਼ੁਰੂ ਕੀਤੀਆਂ, ਜੋ ਅਜੇ ਵੀ ਜਾਰੀ ਹਨ। ਇਨ੍ਹਾਂ ਦਾ ਉਦੇਸ਼ ਫਿਰੌਤੀ ਨਾਲ ਜੁੜੀ ਹਿੰਸਾ ਨੂੰ ਰੋਕਣਾ, ਦੋਸ਼ੀਆਂ ਨੂੰ ਕਾਬੂ ਕਰਨਾ ਅਤੇ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ ਕਈ ਮਹੱਤਵਪੂਰਨ ਗ੍ਰਿਫ਼ਤਾਰੀਆਂ ਹੋਈਆਂ ਹਨ, ਦੋਸ਼ ਦਰਜ ਕੀਤੇ ਗਏ ਹਨ ਅਤੇ ਫਿਰੌਤੀ ਦੀਆਂ ਕੋਸ਼ਿਸ਼ਾਂ ਵਿੱਚ ਵੀ ਕਮੀ ਆਈ ਹੈ। ਹਾਲਾਂਕਿ ਜਾਂਚ ਅਤੇ ਕਾਰਵਾਈ ਅਜੇ ਵੀ ਜਾਰੀ ਹੈ।
ਪੁਲਿਸ ਨੇ ਕਿਹਾ ਕਿ ਸੰਭਵ ਹੈ ਜਿਨ੍ਹਾਂ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹ ਭਾਈਚਾਰੇ ਵਿੱਚ ਕਿਸੇ ਹੋਰ ਨਾਂ ਨਾਲ ਜਾਣੇ ਜਾਂਦੇ ਹੋਣ। ਇਸ ਲਈ ਜੇਕਰ ਕਿਸੇ ਕੋਲ ਇਨ੍ਹਾਂ ਵਿਅਕਤੀਆਂ, ਉਨ੍ਹਾਂ ਦੇ ਸਾਥੀਆਂ ਜਾਂ ਫਿਰੌਤੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਜਾਂ ਗੁਪਤ ਤਰੀਕੇ ਨਾਲ ਕੈਲਗਰੀ ਕ੍ਰਾਈਮ ਸਟਾਪਰਜ਼ ਨੂੰ ਜਾਣਕਾਰੀ ਦੇਵੇ।
ਪੁਲਿਸ ਨੇ ਇਹ ਵੀ ਦੁਹਰਾਇਆ ਕਿ ਜੇ ਕੋਈ ਵਿਅਕਤੀ ਫਿਰੌਤੀ ਦਾ ਸ਼ਿਕਾਰ ਬਣਦਾ ਹੈ ਤਾਂ ਕਿਸੇ ਵੀ ਹਾਲਤ ਵਿੱਚ ਪੈਸੇ ਨਾ ਦੇਵੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਜਨਤਾ ਦੀ ਸਹੂਲਤ ਲਈ ਦੋਸ਼ੀਆਂ ਦੀਆਂ ਤਸਵੀਰਾਂ ਕਾਨੂੰਨੀ ਪ੍ਰਕਿਰਿਆ ਅਧੀਨ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਨੇ ਜਾਂਚ ਵਿੱਚ ਮਿਲੇ ਭਾਈਚਾਰੇ ਦੇ ਸਹਿਯੋਗ ਅਤੇ ਭਰੋਸੇ ਲਈ ਧੰਨਵਾਦ ਵੀ ਪ੍ਰਗਟ ਕੀਤਾ ਹੈ।
