Jun 29, 2026

230 ਟੀਮਾਂ ਲੈਣਗੀਆਂ ਹਿੱਸਾ, ਜੇਤੂ ਟੀਮ ਨੂੰ ਮਿਲੇਗਾ 15 ਹਜ਼ਾਰ ਡਾਲਰ ਦਾ ਨਕਦ ਇਨਾਮ

ਵੈਨਕੂਵਰ, (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦਾ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3, 4 ਅਤੇ 5 ਜੁਲਾਈ ਨੂੰ ਸਰੀ ਦੇ ਨਿਊਟਨ ਐਥਲੈਟਿਕ ਪਾਰਕ ਵਿਖੇ ਕਰਵਾਉਣ ਜਾ ਰਿਹਾ ਹੈ।
ਅਜਿੰਦਰਪਾਲ ਸਿੰਘ ਮਾਂਗਟ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਟਰੋਂਟੋ ਵਿਨੀ ਪੈਗ ਐਡਮਿੰਟਨ ਅਤੇ ਕੈਲਗਰੀ ਨਾਲ ਸੰਬੰਧਿਤ  230 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਅੰਡਰ-5 ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ ਜਿਸ ਕਾਰਨ ਇਹ ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਭਾਈਚਾਰਕ ਫੁੱਟਬਾਲ ਟੂਰਨਾਮੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਟੂਰਨਾਮੈਂਟ ਦੇ ਪ੍ਰੀਮੀਅਰ ਡਿਵੀਜ਼ਨ ਦੇ ਜੇਤੂ ਨੂੰ 15 ਹਜ਼ਾਰ ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ
3 ਜੁਲਾਈ  ਨੂੰ ਸ਼ਾਮ 5:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਮੁਕਾਬਲੇ ਖੇਡੇ ਜਾਣਗੇ। 4 ਅਤੇ 5 ਜੁਲਾਈ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਲਗਾਤਾਰ ਮੈਚ ਚੱਲਣਗੇ। ਐਤਵਾਰ ਸ਼ਾਮ 7 ਵਜੇ ਮੁੱਖ ਮੈਦਾਨ ਵਿੱਚ ਚੈਂਪੀਅਨਸ਼ਿਪ ਫਾਈਨਲ ਮੈਚ ਖੇਡਿਆ ਜਾਵੇਗਾ, ਜਿਸ ਤੋਂ ਪਹਿਲਾਂ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ।
ਟੂਰਨਾਮੈਂਟ ਦੌਰਾਨ ਆਉਣ ਵਾਲੇ ਦਰਸ਼ਕਾਂ ਲਈ ਤਿੰਨਾਂ ਦਿਨਾਂ ਇੱਕ ਵਿਸ਼ਾਲ ਐਲ.ਈ.ਡੀ. ਪਰਦੇ ‘ਤੇ ਫ਼ੀਫ਼ਾ ਵਿਸ਼ਵ ਕੱਪ ਦੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਤਾਂ ਜੋ ਖੇਡ ਪ੍ਰੇਮੀ ਇਕੱਠੇ ਹੋ ਕੇ ਦੋਵਾਂ ਟੂਰਨਾਮੈਂਟਾਂ ਦਾ ਆਨੰਦ ਮਾਣ ਸਕਣ। ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦਰਸ਼ਕਾਂ ਲਈ ਸ਼ਨੀਵਾਰ ਅਤੇ ਐਤਵਾਰ ਮੁਫ਼ਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਆਯੋਜਕਾਂ ਨੇ ਦੱਸਿਆ ਕਿ 230 ਟੀਮਾਂ ਦੀ ਸ਼ਮੂਲੀਅਤ ਕਾਰਨ ਨਿਊਟਨ ਐਥਲੈਟਿਕ ਪਾਰਕ ਵਿੱਚ ਪਾਰਕਿੰਗ ਸੀਮਤ ਹੋਵੇਗੀ। ਇਸ ਲਈ ਵਾਧੂ ਪਾਰਕਿੰਗ ਦੀ ਵਿਵਸਥਾ ਪਾਰਕ ਦੇ ਸਾਹਮਣੇ ਅਤੇ ਐੱਫ. ਡੀ. ਸਿੰਕਲੇਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ ਹੈ।

Leave a Reply

Your email address will not be published. Required fields are marked *