Jul 1, 2026

ਮਹਿਲਾਵਾਂ ਦੇ ਖਾਤਿਆਂ ਵਿਚ ਆਵੇਗੀ ਤਿੰਨ ਮਹੀਨੇ ਦੀ ਰਾਸ਼ੀ-

ਚੰਡੀਗੜ- ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਜੁਲਾਈ ਤੋਂ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕਰਨਗੇ। ਪਹਿਲੀ ਤਰੀਕ ਨੂੰ ਧੂਰੀ ’ਚ ਨਿਰੋਲ ਔਰਤਾਂ ਦਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ‘ਆਪ’ ਮਹਿਲਾ ਵਿਧਾਇਕਾਂ ਤੋਂ ਇਲਾਵਾ ਉਚੇਚੇ ਤੌਰ ’ਤੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਅਮਲੀ ਰੂਪ ਦੇਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪਹਿਲੀ ਜੁਲਾਈ ਤੋਂ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਮਿਲੇਗੀ।

ਵੇਰਵਿਆਂ ਅਨੁਸਾਰ ਪਹਿਲੀ ਜੁਲਾਈ ਨੂੰ ਦੁਪਹਿਰ ਮਗਰੋਂ ਲੱਖਾਂ ਔਰਤਾਂ ਦੇ ਫ਼ੋਨ ’ਤੇ ਇੱਕੋ ਸਮੇਂ ਸਤਿਕਾਰ ਭੱਤੇ ਦੀ ਰਾਸ਼ੀ ਖਾਤੇ ’ਚ ਆਉਣ ਦੇ ਸੁਨੇਹੇ ਪੁੱਜਣਗੇ। ‘ਆਪ’ ਸਰਕਾਰ ਆਪਣੀ ਆਖ਼ਰੀ ਗਰੰਟੀ ਨੂੰ ਪੂਰੀ ਕਰਨ ਲਈ ਭਲਕੇ ਜਨਰਲ ਵਰਗ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦੇਣਾ ਸ਼ੁਰੂ ਕਰੇਗੀ। ਪੰਜਾਬ ਦੀਆਂ ਕਰੀਬ 97 ਫ਼ੀਸਦੀ ਔਰਤਾਂ ਇਸ ਸਕੀਮ ’ਚ ਕਵਰ ਹੋਣਗੀਆਂ। ਪੰਜਾਬ ਸਰਕਾਰ ਨੇ 13 ਅਪਰੈਲ ਤੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਅਤੇ ਮੰਗਲਵਾਰ ਸਵੇਰੇ 9 ਵਜੇ ਤੱਕ ਇਸ ਸਕੀਮ ਤਹਿਤ 44.41 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ। ਇਸ ਵਿੱਚ ਦਲਿਤ ਵਰਗ ਦੀਆਂ 14.28 ਲੱਖ ਔਰਤਾਂ ਅਤੇ ਜਨਰਲ ਵਰਗ ਦੀਆਂ 30.13 ਲੱਖ ਔਰਤਾਂ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖ਼ਰੀ ਪੰਜ ਦਿਨਾਂ ’ਚ ਪੰਜਾਬ ਭਰ ਵਿੱਚ 8.99 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ। 26 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਸੀ।

Leave a Reply

Your email address will not be published. Required fields are marked *