ਉਜਾਗਰ ਸਿੰਘ—
‘ਖੋਦਿਆ ਪਹਾੜ ਤੇ ਨਿਕਲਿਆ ਚੂਹਾ’ ਲੰਬੀ ਉਡੀਕ ਤੋਂ ਬਾਅਦ ਅਖ਼ੀਰ ਕਾਂਗਰਸ ਹਾਈ ਕਮਾਂਡ ਵੀ ਗੂੜ੍ਹੀ ਨੀਂਦ ਤੋਂ ਜਾਗਦਿਆਂ ਨਵਾਂ ਪ੍ਰਧਾਨ ਬਣਾਉਣ ਦੀ ਥਾਂ ਇੱਕ ਨਵਾਂ ਫਾਰਮੂਲਾ ਲਿਆਂਦਾ ਹੈ ਜਿਸ ਨਾਲ ਪ੍ਰਧਾਨਗੀ ਅਤੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਸੀਨੀਅਰ ਨੇਤਾਵਾਂ ਨੇ ਚੁੱਪੀ ਸਾਧ ਲਈ ਹੈ। ਕਿਸੇ ਸੀਨੀਅਰ ਨੇਤਾ ਨੇ ਨਵੇਂ ਫਾਰਮੂਲੇ ਦਾ ਤਾਂ ਸਵਾਗਤ ਕੀਤਾ ਹੀ ਨਹੀਂ ਇਥੋਂ ਤੱਕ ਕਿਸੇ ਵਰਕਰ ਦਾ ਪ੍ਰਤੀਕਰਮ ਵੀ ਨਹੀਂ ਆਇਆ। ਆਮ ਤੌਰ ‘ਤੇ ਜਦੋਂ ਕੋਈ ਅਹੁਦਾ ਦਿੱਤਾ ਜਾਂਦਾ ਹੈ ਤਾਂ ਉਸਦੇ ਸਵਾਗਤ ਲਈ ਬਿਆਨਾਂ ਦੀ ਝੜੀ ਲੱਗ ਜਾਂਦੀ ਹੈ। ਸਰਬ ਹਿੰਦ ਕਾਂਗਰਸ ਪਾਰਟੀ ਦੇ ਕੰਮ ਕਾਰ ਦਾ ਢੰਗ ਬਿਲਕੁਲ ਨਿਆਰਾ ਸਰਕਾਰੀ ਦਫ਼ਤਰਾਂ ਵਰਗਾ ਹੈ। ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਫਾਈਲ ਇੱਕ ਮੇਜ ਤੋਂ ਦੂਜੇ ਮੇਜ ਤੇ ਜਾਂਦੀ ਸਮਾਂ ਲਗਾ ਦਿੰਦੀ ਹੈ, ਬਿਲਕੁਲ ਉਸੇ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਹੁੰਦਾ ਹੈ। ਜਦੋਂ ਕਿਸੇ ਰਾਜ ਦਾ ਕੋਈ ਅਹੁਦੇਦਾਰ ਨਿਯੁਕਤ ਕਰਨਾ ਹੁੰਦਾ ਹੈ ਤਾਂ ਪਹਿਲਾਂ ਇਹ ਕੁਝ ਨੇਤਾਵਾਂ ਨੂੰ ਉਸ ਰਾਜ ਵਿੱਚ ਭੇਜਕੇ ਸੰਬੰਧਤ ਨੇਤਾਵਾਂ ਦੀ ਕਾਰਗੁਜ਼ਾਰੀ ਦੀ ਫੀਡਬੈਕ ਲੈਂਦੇ ਹਨ। ਫਿਰ ਉਹ ਇਸ ਜਾਣਕਾਰੀ ਬਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਹਾਈ ਕਮਾਂਡ ਨੂੰ ਲਿਖਕੇ ਦਿੰਦੇ ਹਨ। ਉਸਤੋਂ ਬਾਅਦ ਹਾਈ ਕਮਾਂਡ ਦੇ ਸੀਨੀਅਰ ਨੇਤਾ ਵਿਚਾਰ ਵਟਾਂਦਰਾ ਕਰਦੇ ਹਨ ਤੇ ਅਖ਼ੀਰ ਵਿੱਚ ਪ੍ਰਧਾਨ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਇਸ ਕੰਮ ਵਿੱਚ ਹਰ ਸਟੇਜ ‘ਤੇ ਲੰਬਾ ਸਮਾਂ ਲੱਗ ਜਾਂਦਾ ਹੈ। ਅਕਸਰ ਅਜਿਹੇ ਫੈਸਲਿਆਂ ਵਿੱਚ ਦੇਰੀ ਹੋ ਜਾਂਦੀ ਹੈ। ਜਿਸਦਾ ਪਾਰਟੀ ਨੂੰ ਦੇਰੀ ਹੋਣ ਦਾ ਨੁਕਸਾਨ ਹੋ ਜਾਂਦਾ ਹੈ। ਜਿਵੇਂ ਪੰਜਾਬ ਵਿੱਚ ਹੁਣ ਹੋਇਆ ਹੈ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਨੇ ਇੱਕ ਸਾਲ ਪਹਿਲਾਂ ਤੋਂ ਹੀ ਚੋਣ ਸੰਬੰਧੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਹਨ। ਸਿਰਫ ਛੇ ਮਹੀਨੇ ਬਾਕੀ ਰਹਿੰਦੇ ਹਨ। ਹੁਣ ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰਨ ਦੀ ਥਾਂ ਇੱਕ ਨਵਾਂ ਫਾਰਮੂਲਾ ਲਿਆਂਦਾ ਹੈ। ਜਦੋਂ ਕਿ ਲਗਪਗ ਪਿਛਲੇ ਇੱਕ ਸਾਲ ਤੋਂ ਵਰਤਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਥਾਂ ਨਵਾਂ ਪ੍ਰਧਾਨ ਲਗਾਉਣ ਲਈ ਵਿਚਾਰ ਵਟਾਂਦਰਾ ਹੋ ਰਿਹਾ ਹੈ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਨੌਜਵਾਨ ਹੈ, ਪ੍ਰੰਤੂ ਨਾ ਤਾਂ ਕਾਂਗਰਸ ਪਾਰਟੀ ਨੂੰ ਇੱਕਮੁੱਠ ਰੱਖ ਸਕਿਆ ਅਤੇ ਨਾ ਹੀ ਪਾਰਟੀ ਮਜ਼ਬੂਤ ਹੋਈ ਹੈ, ਸਗੋਂ ਉਸਦੇ ਨਰਮ ਵਿਵਹਾਰ ਕਰਕੇ ਵਰਤਮਾਨ ਸਰਕਾਰ ਨੂੰ ਮਹੱਤਵਪੂਰਨ ਮੁੱਦਿਆਂ ‘ਤੇ ਕਾਂਗਰਸ ਪਾਰਟੀ ਘੇਰ ਨਹੀਂ ਸਕੀ। ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਹਮੇਸ਼ਾ ਦੀ ਤਰ੍ਹਾਂ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਅਤੇ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਲਈ ਨਵੇਂ ਫਾਰਮੂਲੇ ਦਾ ਐਲਾਨ ਕੀਤਾ ਹੈ। ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਲਈ ਇਹ ਪਹਿਲੀ ਵਾਰ ਕੋਈ ਨਵਾਂ ਫਾਰਮੂਲਾ ਨਹੀਂ ਆਇਆ, ਸਗੋਂ ਕਾਂਗਰਸ ਪਾਰਟੀ ਦੀ ਇਹ ਨਵੇਂ- ਨਵੇਂ ਫਾਰਮੂਲੇ ਬਣਾਕੇ ਕਾਂਗਰਸੀਆਂ ਨੂੰ ਇੱਕਮੁਠ ਕਰਨ ਦੀ ਪੁਰਾਣੀ ਪਰੰਪਰਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਅਤੇ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੋਵੇਂ ਜੱਟ ਸਿੱਖਾਂ ਨੂੰ ਬਦਲਿਆ ਨਹੀਂ ਗਿਆ। ਇੱਕ ਤਾਂ ਸਰਬ ਹਿੰਦ ਕਾਂਗਰਸ ਨੇ ਚੰਗੀ ਗੱਲ ਕੀਤੀ ਹੈ ਕਿ ਚੋਣਾਂ ਸਿਰ ‘ਤੇ ਆਉਣ ਸਮੇਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਦਲਿਆ। ਹੁਣ ਤੱਕ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ‘ਤੇ ਕੋਈ ਹੋਰ ਨੇਤਾ ਨਵਾਂ ਪ੍ਰਧਾਨ ਬਣਾਇਆ ਜਾਵੇਗਾ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਵੰਨ-ਸਵੰਨੇ ਬਿਆਨਾ ਕਰਕੇ ਵਾਦ-ਵਿਵਾਦ ਖੜ੍ਹਾ ਕਰ ਦਿੰਦੇ ਰਹੇ ਹਨ, ਜਿਸ ਕਰਕੇ ਪਾਰਟੀ ਲਈ ਉਸਨੂੰ ਕਈ ਵਾਰ ਇਨ੍ਹਾਂ ਬਿਆਨਾ ਕਰਕੇ ਮਾਫ਼ੀ ਵੀ ਮੰਗਣੀ ਪਈ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਕੇ ਕਾਂਗਰਸ ਪਾਰਟੀ ਜੇ ਕਿਸੇ ਨੂੰ ਪ੍ਰਧਾਨ ਬਣਾਉਂਦੀ ਤਾਂ ਲੋਕਾਂ ਵਿੱਚ ਇਹ ਪ੍ਰਭਾਵ ਜਾਣਾ ਸੀ ਕਿ ਉਹ ਭਾਵੀ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ। ਪੰਜਾਬ ਕਾਂਗਰਸ ਦੇ ਤਾਂ ਪਹਿਲਾਂ ਹੀ ਪੰਜ ਮੁੱਖ ਮੰਤਰੀ ਦੇ ਦਾਅਵੇਦਾਰ ਬਣੇ ਫਿਰਦੇ ਸਨ। ਘੱਟੋ ਘੱਟ ਉਨ੍ਹਾਂ ਨੂੰ ਤਾਂ ਲਗਾਮ ਪਾ ਦਿੱਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਸੁਨੀਲ ਕੁਮਾਰ ਜਾਖੜ ਦੀ ਥਾਂ ਇੱਕ ਜੱਟ ਸਿੱਖ ਕੇਵਲ ਸਿੰਘ ਢਿਲੋਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਸੀ। ਇਸ ਲਈ ਇੱਕ ਜੱਟ ਸਿੱਖ ਨੂੰ ਬਦਲਣਾ ਕਾਂਗਰਸ ਪਾਰਟੀ ਲਈ ਭਾਰਾ ਪੈ ਸਕਦਾ ਸੀ। ਕਾਂਗਰਸ ਪਾਰਟੀ ਨੇ ਰਾਜਾ ਵੜਿੰਗ ਦੇ ਨਾਲ ਸੁਖਵਿੰਦਰ ਸਿੰਘ ਡੈਨੀ ਤੇ ਰਾਜ ਕੁਮਾਰ ਵੇਰਕਾ ਦੋਵੇਂ ਪੱਟੀਦਰ ਜਾਤੀਆਂ ਅਤੇ ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼੍ਰੇਣੀਆਂ ਵਿੱਚੋਂ ਤਿੰਨ ਵਰਕਿੰਗ ਪ੍ਰੈਜੀਡੈਂਟ ਬਣਾਕੇ ਇਨ੍ਹਾਂ ਸ਼੍ਰੇਣੀਆਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ਦੀ ਕੋਸਿਸ਼ ਕੀਤੀ ਹੈ, ਪ੍ਰੰਤੂ ਉਥੇ ਹੀ ਇਨ੍ਹਾਂ ਦੇ ਬਣਨ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਹਿਮੀਅਤ ਵੀ ਘਟਾ ਦਿੱਤੀ ਹੈ। ਰਾਮਦਾਸੀਆ ਅਤੇ ਬਾਲਮੀਕ ਭਾਈਚਾਰੇ ਨੂੰ ਵੀ ਸੰਤੁਸ਼ਟ ਕੀਤਾ ਗਿਆ ਹੈ। ਕਾਂਗਰਸ ਹਾਈ ਕਮਾਂਡ ਕਿਸੇ ਲੋਕ ਸਭਾ ਦੇ ਮੈਂਬਰ ਨੂੰ ਵਿਧਾਨ ਸਭਾ ਦੀ ਚੋਣ ਲੜਾਉਣ ਦਾ ਹੌਸਲਾ ਨਹੀਂ ਕਰੇਗੀ ਕਿਉਂਕਿ ਸਾਂਝੇ ਗੱਠ ਜੋੜ ਦੇ ਮੈਂਬਰਾਂ ਦੀ ਗਿਣਤੀ ਘਟਾ ਦੇਵੇਗੀ। ਇਸਦਾ ਅਰਥ ਇਹ ਹੋਇਆ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਮੋਹਰੀ ਚਾਹਵਾਨ ਮੁੱਖ ਮੰਤਰੀ ਦੀ ਦੌੜ ਵਿੱਚੋਂ ਆਪਣੇ ਆਪ ਬਾਹਰ ਹੋ ਗਏ ਹਨ।
ਕਾਂਗਰਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵਟੋਰਨ ਦੇ ਇਰਾਦੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ, ਪ੍ਰੰਤੂ ਉਹ ਤਜਰਬਾ ਵੀ ਫੇਲ੍ਹ ਹੋ ਗਿਆ ਸੀ, ਕਾਂਗਰਸ ਪਾਰਟੀ ਕਿਉਂਕਿ ਬੁਰੀ ਤਰ੍ਹਾਂ ਹਾਰ ਤਾਂ ਗਈ ਹੀ ਸੀ, ਪ੍ਰੰਤੂ ਚਰਨਜੀਤ ਸਿੰਘ ਚੰਨੀ ਦੋਵੇਂ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਵਿੱਚੋਂ ਹਾਰੇ ਹੀ ਨਹੀਂ ਸਗੋਂ ਜ਼ਮਨਾਤਾਂ ਵੀ ਜ਼ਬਤ ਹੋ ਗਈਆਂ ਸਨ। ਨਵੇਂ ਫਾਰਮੂਲੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਫਾਰਮੂਲਾ ਬੈਲੈਂਸ ਹੈ ਤਾਂ ਵੀ ਠੀਕ ਹੋਵੇਗਾ, ਕਿਉਂਕਿ ਸਾਰੇ ਵਰਗਾਂ ਸਮੁਦਾਇ ਅਤੇ ਜਾਤਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਨਵੇਂ ਫਾਰਮੂਲੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ, ਸੁਖਵਿੰਦਰ ਸਿੰਘ ਡੈਨੀ ਤੇ ਰਾਜ ਕੁਮਾਰ ਵੇਰਕਾ ਨੂੰ ਵਰਕਿੰਗ ਪ੍ਰੈਜੀਡੈਂਟ ਅਤੇ ਡਾ ਅਮਰ ਸਿੰਘ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਇਹ ਚਾਰੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਹਨ। ਵਿਜੇ ਇੰਦਰ ਸਿੰਗਲਾ ਜੋ ਬਾਣੀਆਂ ਸਮੁਦਾਇ ਨਾਲ ਸੰਬੰਧਤ ਹਨ, ਉਸਨੂੰ ਇਲੈਕਸ਼ਨ ਮੈਨੇਜਮੈਂਟ ਤੇ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਬ੍ਹਾਹਮਣ ਭਾਈਚਾਰੇ ਵਿੱਚੋਂ ਭਰਤ ਭੂਸ਼ਣ ਆਸ਼ੂ, ਓ ਪੀ ਸੋਨੀ ਅਤੇ ਡਾ ਧਰਮਵੀਰ ਗਾਂਧੀ ਨੂੰ ਸਹਿ ਚੇਅਰਮੈਨ ਬਣਾਇਆ ਗਿਆ ਹੈ। ਜੱਟ ਸਿੱਖਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਵੱਖ ਵੱਖ ਕਮੇਟੀਆਂ ਦੇ ਸਹਿ ਚੇਅਰਮੈਨ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਕਿਸੇ ਕਿਸਮ ਦਾ ਵਾਦਵਿਵਾਦ ਨਾ ਹੋਵੇ ਤੇ ਧੜੇਬੰਦੀ ਖ਼ਤਮ ਕੀਤੀ ਜਾ ਸਕੇ। ਇਸ ਫਾਰਮੂਲੇ ਵਿੱਚ ਪੰਜਾਬ ਵਿੱਚੋਂ ਲੋਕ ਸਭਾ ਦੇ ਚੁਣੇ ਹੋਏ ਇੱਕ ਐਮ ਪੀ ਸ਼ੇਰ ਸਿੰਘ ਘੁਬਾਇਆ ਨੂੰ ਛੱਡਕੇ ਬਾਕੀ ਸੱਤ ਮੈਂਬਰਾਂ ਨੂੰ ਵੀ ਅਡਜਸਟ ਕਰ ਲਿਆ ਹੈ। ਇਸ ਫਾਰਮੂਲੇ ਵਿੱਚ ਪੰਜਾਬ ਦੇ ਤਿੰਨੋ ਇਲਾਕੇ ਮਾਝਾ ਮਾਲਵਾ ਅਤੇ ਦੁਆਬਾ ਦੀ ਆਬਾਦੀ ਅਨੁਸਾਰ ਅਹੁਦੇ ਦਿੱਤੇ ਗਏ ਹਨ। ਮਾਲਵੇ ਵਿੱਚੋਂ ਸਭ ਤੋਂ ਵੱਧ ਅੱਠ, ਦੁਆਬੇ ਵਿੱਚੋਂ ਪੰਜ ਅਤੇ ਮਾਝੇ ਵਿੱਚੋਂ ਛੇ ਮੈਂਬਰ ਲਏ ਗਏ ਹਨ। ਭਾਰਤ ਭੂਸ਼ਣ ਆਸ਼ੂ ਸਾਬਕਾ ਵਰਕਿੰਗ ਪ੍ਰਧਾਨ ਜਿਹੜਾ ਲੁਧਿਆਣਾ ਪੱਛਮੀ ਦੀ ਉਪ ਚੋਣ ਵਿੱਚ ਹਾਰਨ ਅਤੇ ਆਪਣੇ ਅੱਖੜ ਸੁਭਾਅ ਕਰਕੇ ਹਾਸ਼ੀਏ ‘ਤੇ ਕਰ ਦਿੱਤਾ ਗਿਆ ਸੀ, ਮੁੜ ਮੁੱਖ ਧਾਰਾ ਵਿੱਚ ਆ ਗਿਆ ਹੈ। ਇਹ ਵੀ ਚੰਗਾ ਫ਼ੈਸਲਾ ਹੈ ਕਿ ਇਸ ਫਾਰਮੂਲੇ ਵਿੱਚ ਕਿਸੇ ਇੱਕ ਨੇਤਾ ਨੂੰ ਸਿਰਮੌਰ ਨੇਤਾ ਸਾਬਤ ਕਰਕੇ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਬਣਨ ਦਿੱਤਾ ਗਿਆ। ਹੁਣ ਸਾਰੇ ਨੇਤਾਵਾਂ ਨੂੰ ਲਾਲੀਪਾਪ ਫੜ੍ਹਾ ਦਿੱਤੇ ਹਨ ਤਾਂ ਜੋ ਉਹ ਜ਼ੋਰ ਸ਼ੋਰ ਨਾਲ ਚੋਣਾਂ ਜਿੱਤਣ ਲਈ ਕੰਮ ਕਰਦੇ ਰਹਿਣ। ਚਾਰੇ ਕਮੇਟੀਆਂ ਦਾ ਕੋਈ ਵੀ ਮੈਂਬਰ ਨਹੀਂ ਬਣਾਇਆ, ਸਗੋਂ ਚੇਅਰਮੈਨ ਦੇ ਨਾਲ ਬਾਕੀ ਸਾਰਿਆਂ ਨੂੰ ਸਹਿ ਚੇਅਰਮੈਨ ਦੇ ਅਹੁਦੇ ਦੇ ਕੇ ਉਨ੍ਹਾਂ ਦੀ ਈਗੋ ਸੈਟਸਫਾਈ ਕੀਤੀ ਗਈ ਹੈ। ਇਹ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਹਿੰਦੂ ਨੇਤਾਵਾਂ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼,ੂ ਡਾ ਧਰਮਵੀਰ ਗਾਂਧੀ ਅਤੇ ਓ ਪੀ ਸੋਨੀ, ਪਛੜੀਆਂ ਸ਼੍ਰੇਣੀਆਂ ਵਿੱਚੋਂ ਸੰਗਤ ਸਿੰਘ ਗਿਲਜੀਆਂ, ਅੰਗਦ ਸਿੰਘ ਸੈਣੀ ਅਤੇ ਹਰਦਿਆਲ ਸਿੰਘ ਕੰਬੋਜ ਅਤੇ ਮੁਸਲਮਾਨ ਸਮੁਦਾਇ ਵਿੱਚੋਂ ਰਜੀਆ ਸੁਲਤਾਨਾ ਸ਼ਾਮਲ ਕੀਤੇ ਗਏ ਹਨ। ਇਹ ਨੇਤਾ ਇੱਕ ਦੋ ਨੂੰ ਛੱਡਕੇ ਵੱਡੀ ਉਮਰ ਦੇ ਨਹੀਂ ਹਨ, ਜਿਹੜੇ ਪਾਰਟੀ ਦੀ ਸਫ਼ਲਤਾ ਲਈ ਭੱਜ ਨੱਠ ਕਰਕੇ ਚੋਣ ਮੁਹਿੰਮ ਨੂੰ ਹੁਲਾਰਾ ਦੇ ਸਕਣਗੇ। ਇਨ੍ਹਾਂ ਵਿੱਚੋਂ ਕੁਝ ਕੁ ਤਾਂ 50 ਸਾਲ ਤੋਂ ਵੀ ਘੱਟ ਹਨ। ਇਸਤਰੀਆਂ ਨੂੰ ਵਧੇਰੇ ਅਧਿਕਾਰਾਂ ਦੀ ਗੱਲ ਕਾਂਗਰਸ ਪਾਰਟੀ ਬਹੁਤ ਕਰਦੀ ਰਹਿੰਦੀ ਹੈ, ਪ੍ਰੰਤੂ ਇਨ੍ਹਾਂ 19 ਨੇਤਾਵਾਂ ਵਿੱਚ ਸਿਰਫ ਇੱਕ ਇਸਤਰੀ ਰਜੀਆ ਸੁਲਤਾਨਾ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੇਤਾਵਾਂ ਵਿੱਚ ਅੱਧ ਤੋਂ ਵੀ ਘੱਟ ਟਕਸਾਲੀ ਕਾਂਗਰਸੀ ਹਨ, ਪ੍ਰੰਤੂ ਬਾਕੀ ਦੂਜੀਆਂ ਪਾਰਟੀਆਂ ਵਿੱਚੋਂ ਆਏ ਹੋਏ ਹਨ। ਵੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਇਸ ਫਾਰਮੂਲੇ ਨਾਲ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਖ਼ਤਮ ਹੋਵੇਗੀ ਕਿ ਨਹੀਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
