Jul 4, 2026

ਸਰੀ ( ਕਾਹਲੋਂ)- – ਕਲੋਵਰਡੇਲ ਦੇ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵਿੱਚ ਮਨਾਏ ਗਏ ਸਰੀ ਕੈਨੇਡਾ ਡੇਅ 2026 ਸਮਾਗਮ ਵਿੱਚ 80,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਇਹ ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਮੁਫ਼ਤ ਕੈਨੇਡਾ ਡੇਅ ਸਮਾਰੋਹ ਵਜੋਂ ਆਪਣੀ ਸਾਖ਼ ਨੂੰ ਹੋਰ ਮਜ਼ਬੂਤ ਕਰਦਾ ਹੈ।

ਪ੍ਰੋਸਪੇਰਾ (Prospera) ਵੱਲੋਂ ਪੇਸ਼ ਕੀਤਾ ਗਿਆ ਇਹ ਸਮਾਗਮ ਦਿਨ ਭਰ ਚੱਲਣ ਵਾਲੀਆਂ ਮੁਫ਼ਤ ਗਤੀਵਿਧੀਆਂ ਨਾਲ ਭਰਪੂਰ ਸੀ। ਇਸ ਵਿੱਚ ਕੈਨੇਡੀਅਨ ਕੰਟਰੀ ਸਟਾਰ ਜੋਸ਼ ਰੌਸ ਮੁੱਖ ਆਕਰਸ਼ਨ ਦਾ ਕੇਂਦਰ ਰਹੇ, ਨਾਲ ਹੀ ਲੀ ਐਰੋਨ ਅਤੇ ਟਾਈਲਰ ਸ਼ਾਅ ਦੇ ਪ੍ਰਦਰਸ਼ਨ ਵੀ ਹੋਏ। ਸਮਾਗਮ ਵਿੱਚ ਚਾਰ ਸਟੇਜਾਂ ’ਤੇ ਲਾਈਵ ਮਨੋਰੰਜਨ, ਇੱਕ ਆਦਿ-ਵਾਸੀ ਪਿੰਡ ਅਤੇ ਮਾਰਕੀਟਪਲੇਸ, ਮਨੋਰੰਜਕ ਝੂਲੇ, ਫੂਡ ਟਰੱਕ, ਬੀਅਰ ਗਾਰਡਨ ਅਤੇ ਅੰਤ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਵੀ ਸ਼ਾਮਲ ਸੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸਾਲ ਸਰੀ ਕੈਨੇਡਾ ਡੇਅ ਜਸ਼ਨਾਂ ਨੇ ਦੇਸ਼ ਦੀਆਂ ਸਭ ਤੋਂ ਵਧੀਆ ਖ਼ੂਬੀਆਂ ਨੂੰ ਦਰਸਾਇਆ। ਇਸ ਸਮੇਂ ਜਦੋਂ ਇਕਜੁੱਟਤਾ ਨੂੰ ਮਨਾਉਣਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ, ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਕੈਨੇਡੀਅਨ ਹੋਣ ’ਤੇ ਆਪਣਾ ਮਾਣ ਅਤੇ ਸਾਡੇ ਦੇਸ਼ ਦੀ ਵਿਭਿੰਨਤਾ ਨੂੰ ਮਨਾਇਆ, ਜੋ ਸਾਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਸਭ ਹਾਜ਼ਰ ਰਹਿਣ ਵਾਲਿਆਂ, ਸਪਾਂਸਰ, ਵਲੰਟੀਅਰਾਂ, ਕਲਾਕਾਰਾਂ ਅਤੇ ਸਟਾਫ਼ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਇਆ।”

ਸਮਾਗਮ ਵਿੱਚ ਆਏ ਲੋਕਾਂ ਨੇ ਸਾਰੇ ਸਥਾਨ ‘ਤੇ ਲੱਗੇ ਕਈ ਆਕਰਸ਼ਣਾਂ ਦਾ ਆਨੰਦ ਮਾਣਿਆ। ਕਮਿਊਨਿਟੀ ਹੱਬ ਵਿੱਚ ਡੀਜੇ, ਡਾਂਸ ਮੁਕਾਬਲੇ ਅਤੇ ਇਸ ਸਾਲ ਪਹਿਲੀ ਵਾਰ ਚੈਪਮੈਨਜ਼ ਚਿਲ ਜ਼ੋਨ (Chapman’s Chill Zone ) ਵਿੱਚ ਮੁਫ਼ਤ ਆਈਸ ਕਰੀਮ ਦੇ ਨਮੂਨੇ ਪੇਸ਼ ਕੀਤੇ ਗਏ। ਆਦਿ-ਵਾਸੀ ਪਿੰਡ ਅਤੇ ਮਾਰਕਿਟਪਲੇਸ ਨੇ ਸੱਭਿਆਚਾਰਕ ਸਾਂਝ ਅਤੇ ਆਪਸੀ ਸੰਪਰਕ ਦੇ ਮੌਕੇ ਪ੍ਰਦਾਨ ਕੀਤੇ, ਜਦਕਿ ਪਰਿਵਾਰਾਂ ਨੇ ਫੈਮਲੀ ਜ਼ੋਨ ( Family Zone) ਵਿੱਚ ਮੁਫ਼ਤ ਗਤੀਵਿਧੀਆਂ ਅਤੇ ਮਨੋਰੰਜਕ ਪੇਸ਼ਕਾਰੀਆਂ ਦਾ ਆਨੰਦ ਲਿਆ।

ਪ੍ਰੋਸਪੇਰਾ ਵਿੱਚ ਕਮਿਊਨਿਟੀ ਐਂਗੇਜਮੈਂਟ ਮੈਨੇਜਰ ਰਾਕੇਲ ਸੈਂਟੋਸ ਨੇ ਕਿਹਾ, “ਸਰੀ ਦਾ ਕੈਨੇਡਾ ਡੇ ਸਮਾਗਮ ਹਮੇਸ਼ਾਂ ਹੀ ਇੱਕ ਸ਼ਾਨਦਾਰ ਪ੍ਰੋਗਰਾਮ ਹੁੰਦਾ ਹੈ। ਸਾਡੇ ਭਾਈਚਾਰੇ ਨੂੰ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਅਤੇ ਖੁਸ਼ੀਆਂ ਮਾਣਦੇ ਦੇਖਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਇਸ ਸਮਾਗਮ ਵਿੱਚ ਹਰ ਕਿਸੇ ਲਈ ਬਹੁਤ ਕੁਝ ਹੁੰਦਾ ਹੈ, ਅਤੇ ਅਸੀਂ ਇਨ੍ਹਾਂ ਮੌਕਿਆਂ ਦਾ ਦਿਲੋਂ ਸਵਾਗਤ ਕਰਦੇ ਹਾਂ ਤਾਂ ਜੋ ਅਸੀਂ ਭਾਗੀਦਾਰੀ ਕਰ ਸਕੀਏ ਅਤੇ ਨਵੇਂ ਸੰਪਰਕ ਬਣਾਕੇ ਰਿਸ਼ਤੇ ਮਜ਼ਬੂਤ ਕਰ ਸਕੀਏ।”

ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੁਝਾਅ ਸਾਂਝੇ ਕਰਨ ਲਈ ਆਨਲਾਈਨ ਸਰਵੇ ਭਰਨ, ਜਿਸ ਰਾਹੀਂ ਉਹ ਗਿਲਡਫੋਰਡ ਟਾਊਨ ਸੈਂਟਰ (Guildford Town Centre) ਲਈ $200 ਦਾ ਗਿਫ਼ਟ ਕਾਰਡ ਜਿੱਤਣ ਦਾ ਮੌਕਾ ਹਾਸਲ ਕਰ ਸਕਦੇ ਹਨ। ਸਰਵੇ ਲਈ surreycanadaday.ca  ‘ਤੇ ਜਾਓ ।

ਇਹ ਪ੍ਰੋਜੈਕਟ ਅੰਸ਼ਿਕ ਤੌਰ ‘ਤੇ ਕੈਨੇਡਾ ਸਰਕਾਰ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਵੱਲੋਂ ਪ੍ਰਾਪਤ ਵਿੱਤੀ ਸਹਾਇਤਾ ਲਈ ਦਿਲੋਂ ਧੰਨਵਾਦ ਕਰਦੇ ਹਾਂ।

Leave a Reply

Your email address will not be published. Required fields are marked *