Jul 9, 2026

ਗੈਂਗਸਟਰਾਂ ਦੇ ਟਿਕਾਣਿਆਂ ਤੋਂ 10 ਕੁਵਿੰਟਲ ਕੋਕੀਨ ਤੇ ਮਾਰੂ ਹਥਿਆਰ ਬਰਾਮਦ-

ਸਰੀ ਦਾ ਰਵਿੰਦਰ ਢੰਡਾ, ਜਸਕਰਨ ਬਾਗੜੀ ਤੇ ਗੁਰਤੇਜ ਸਮਾਘ ਗੈਂਗਸਟਰਾਂ ਦੇ ਸਹਿਯੋਗੀ ਨਾਮਜ਼ਦ-ਪੰਜਾਬ ਪੁਲਿਸ ਦਾ ਇੰਸਪੈਕਟਰ ਨਾਗਰਾ ਵੀ ਸੂਚੀ ਵਿਚ ਸ਼ਾਮਿਲ-

ਨਿਊਯਾਰਕ-ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲੀਸ ਵਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਭਾਰਤੀ ਮੂਲ ਦੇ ਤਿੰਨ ਗੈਂਗਸਟਰ ਗਿਰੋਹ, ਲਾਰੈਂਸ ਬਿਸ਼ਨੋਈ, ਜੱਗੂ ਭਰਵਾਨਪੁਰੀਆ ਤੇ ਗੋਲਡੀ ਬਰਾੜ ਨਾਲ ਸਬੰਧਤ 37 ਵਿਅਕਤੀਆਂ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ 24 ਨੂੰ ਅਮਰੀਕਾ ਅਤੇ ਕੈਨੇਡਾ ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 11 ਨੂੰ ਕਾਬੂ ਕਰਨ ਲਈ ਵੱਡੇ ਪੱਧਰ ਤੇ ਕਾਰਵਾਈ ਜਾਰੀ ਹੈ।

ਦੱਸਿਆ ਗਿਆ ਕਿ ਤਿੰਨ ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਵਿੱਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ’ਚ ਗੋਲਡੀ ਬਰਾੜ ਗਿਰੋਹ ਵੱਲੋਂ ਰਚੀ ਗਈ ਤੇ ਉਸੇ ਵਲੋਂ ਭਾੜੇ ਦੇ ਕਾਤਲਾਂ ਨਾਲ ਸੌਦਾ ਕੀਤਾ ਗਿਆ ਸੀ। ਜਾਂਚ ਏਜੰਸੀ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲਾਂ ’ਚ ਸਹੂਲਤਾਂ ਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਿਰੌਤੀ ਦੇ ਅੰਤਰਾਸ਼ਟਰੀ ਗ੍ਰੋਹਾਂ ਦਾ ਸੰਚਾਲਨ ਕਰ ਰਹੇ ਹਨ। ਇਸ ਦੌਰਾਨ ਅਮਰੀਕਨ ਪੁਲੀਸ ਨੇ ਪਤਾ ਲਾਇਆ ਹੈ ਕਿ ਪੰਜਾਬ ਪੁਲੀਸ ਦੇ ਕੁਝ ਮੁਲਾਜ਼ਮ ਵੀ ਇੰਨਾਂ ਗਿਰੋਹਾਂ ਨਾਲ ਮਿਲੇ ਹੋਏ ਹਨ। ਇਸ ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂਅ ਦਾ ਜਿਕਰ ਵੀ ਕੀਤਾ ਗਿਆ ਹੈ, ਜੋ ਅਮਰੀਕਾ ਦੇ ਉਹਾਈਓ ਸੂਬੇ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਿਵਾਰ ਤੋਂ ਗੋਲਡੀ ਬਰਾੜ ਦੇ ਕਾਰਕੁੰਨ ਗੁਰਦੇਵ ਸਿੰਘ ਵਲੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਤੇ ਉਨ੍ਹਾਂ ਉੱਤੇ ਕਤਲ ਦਾ ਨਜਾਇਜ਼ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ।

ਸਰੀ ਦੇ ਅਮਰੀਕਨ ਸਰਹੱਦ ਕੋਲ ਪੈਂਦੀ 156 ਸਟਰੀਟ ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਵਜੋਂ ਨਾਮਜਦ ਕੀਤਾ ਗਿਆ ਹੈ, ਜੋ ਗਿਰੋਹਾਂ ਦੇ ਫਾਈਨੈਂਸਰ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਲਈ ਵਰਤਦਾ ਸੀ। ਤਿੰਨਾਂ ਗਿਰੋਹਾਂ ਵਿੱਚ ਚਾਰ ਮੈਕਸੀਕੋ ਨਿਵਾਸੀਆਂ ਦੇ ਵੀ ਨਾਮ ਸ਼ਾਮਲ ਹਨ।

ਪੁਲੀਸ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ਚੋਂ 11 ਕੈਲੀਫੋਰਨੀਆ ਸੂਬੇ ਨਾਲ ਅਤੇ ਤਿੰਨ ਕੈਨੇਡਾ ਨਾਲ ਸਬੰਧਤ ਹਨ। ਇੰਨ੍ਹਾਂ ਦੇ ਠਿਕਾਣਿਆਂ ਦੀ ਤਲਾਸ਼ੀ ਲੈਣ ਤੇ ਉੱਥੋਂ 10 ਕੁਇਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ ਸਿੱਕਾ ਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ।  ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਸ਼ ਅਤੇ ਯੂਕੇ ਦੀਆਂ ਸੁਰੱਖਿਆ ਫੋਰਸਾਂ ਵਲੋਂ ਜਾਂਚ ਦੌਰਾਨ ਸਹਿਯੋਗ ਕਰਕੇ ਇਂਨਾਂ ਵੱਡੇ ਬਦਮਾਸ਼ ਗਿਰੋਹਾ ਤੱਕ ਪਹੁੰਚ ਬਣਾਈ ਗਈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਗਈ। ਭਗੌੜੇ ਐਲਾਨੇ ਗਏ 10 ਮੁਲਜ਼ਮਾਂ ਦੀ ਅੰਤਰਾਸ਼ਟਰੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਵਿੱਚ ਬਿਸ਼ਨੋਈ, ਗੋਲ਼ਡੀ ਬਰਾੜ ਦੇ ਰੋਹਿਤ ਗੋਦਾਰਾ ਨੇ 1000 ਓਕਸ ਰਹਿੰਦੇ ਵਿਅਕਤੀ ਤੋਂ 50 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਸੀ, ਜਿਨ੍ਹਾਂ ਦੀ ਭਾਲ ਜਾਰੀ ਹੈ। ਕੈਨੇਡਾ ਰਹਿੰਦੇ ਤੇ ਗਿਰੋਹਾਂ ਦੇ ਕਾਰਕੁੰਨਾਂ ਵਜੋਂ ਅਤੇ ਡਰੱਗ ਤਸਕਰੀ ਦੇ ਮੂਹਰਲੇ ਵਿਅਕਤੀਆਂ ਦੀ ਪਛਾਣ ਜਸਕਰਨ ਬਾਗੜੀ (50) ਵਾਸੀ ਸਰੀ, ਕ੍ਰਿਸਟਨ ਰਹਿੰਦੇ ਗੁਰਤੇਜ ਸਿੰਘ ਸਮਾਘ ਦੇ ਨਾਂਅ ਪ੍ਰਮੁੱਖ ਹਨ। ਹਰੀ ਨਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਹੈ।

ਐੱਫ ਬੀ ਆਈ ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟਡ ਵਜੋਂ ਫੜਾਉਣ ਵਾਲੇ ਨੂੰ  50 ਹਜਾਰ ਡਾਲਰ ਇਨਾਮ ਐਲਾਨਿਆ ਹੈ। ਐੱਫ ਬੀ ਆਈ ਨੇ ਕਿਹਾ ਕਿ ਉਹ ਇੰਟਰਪੋਲ ਰਾਹੀ ਭਾਰਤ ਰਹਿੰਦੇ ਜਾਂ ਉਥੋਂ ਦੀਆਂ ਜੇਲਾਂ ਵਿਚ ਬੰਦ ਮੁਲਜ਼ਮਾਂ ਨੂੰ ਅਮਰੀਕਾ ਲਿਆਉਣਗੇ।

ਐਫ ਬੀ ਆਈ ਵਲੋਂ ਪੰਜਾਬ ਪੁਲਿਸ ਦਾ ਇੰਸਪੈਕਟਰ ਨਾਗਰਾ ਨਾਮਜ਼ਦ-

ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਪੰਜਾਬ ਪੁਲੀਸ ਦੇ ਇੱਕ ਐੱਸ.ਐੱਚ.ਓ. ਖ਼ਿਲਾਫ਼ 4,00,000 ਅਮਰੀਕੀ ਡਾਲਰ (ਲਗਭਗ 3.30 ਕਰੋੜ ਰੁਪਏ) ਦੀ ਫ਼ਿਰੌਤੀ/ਉਗਰਾਹੀ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਨਾਮਜ਼ਦ ਕੀਤਾ ਗਿਆ ਪੁਲੀਸ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਇਸ ਵੇਲੇ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿਖੇ ਬਤੌਰ ਮੁਖੀ ਤਾਇਨਾਤ ਸੀ, ਜਿਸ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। FBI ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ, ਉਕਤ ਪੁਲੀਸ ਅਧਿਕਾਰੀ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਨੂੰ ਭਾਰਤ ਵਿੱਚ ਕਤਲ ਦੇ ਇੱਕ ਝੂਠੇ ਮੁਕੱਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਕੇਸ ਰਫ਼ਾ-ਦਫ਼ਾ ਕਰਨ ਬਦਲੇ ਮੋਟੀ ਰਕਮ ਦੀ ਮੰਗ ਕਰ ਰਿਹਾ ਸੀ। ਐਫ਼.ਬੀ.ਆਈ. ਨੇ ਇਸ ਪੂਰੇ ਮਾਮਲੇ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਨ ਦੇ ਨਾਲ-ਨਾਲ ਕੇਸ ਦੇ ਸਾਰੇ ਵੇਰਵੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਵੀ ਸਾਂਝੇ ਕੀਤੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ, “ ਸਾਨੂੰ ਵੀ ਇਸ ਮਾਮਲੇ ਦੀ ਜਾਣਕਾਰੀ FBI ਦੇ ਲਾਸ ਏਂਜਲਸ ਵੈੱਬਪੇਜ ਤੋਂ ਮਿਲੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SHO ਨੂੰ ਤੁਰੰਤ ਪ੍ਰਭਾਵ ਤੋਂ ਪੁਲੀਸ ਲਾਈਨ ਤਬਦੀਲ ਕਰ ਦਿੱਤਾ ਗਿਆ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਇਸ ਮਾਮਲੇ ਦੀ ਇਨਕੁਆਰੀ ਹੁਸ਼ਿਆਰਪੁਰ ਤੋਂ ਬਾਹਰ ਤਬਦੀਲ ਕਰ ਦਿੱਤੀ ਗਈ ਹੈ ਅਤੇ ਐੱਸ.ਪੀ. (ਡੀ) ਜਲੰਧਰ ਵਿਨੀਤ ਅਹਿਲਾਵਤ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਜਲਦ ਤੋਂ ਜਲਦ ਵਿਭਾਗ ਨੂੰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *