Jul 14, 2026

ਜਸਵੀਰ ਸਿੰਘ ਭਲੂਰੀਆ (-236-622-7799)–

ਸਰੀ- ਅੱਜ ਤੋਂ ਦੋ ਕੁ ਦਹਾਕੇ ਪਿੱਛੇ ਸੰਗੀਤਕ ਖੇਤਰ ਵੱਲ ਨਿਗਾਹ ਮਾਰੀਏ ਤਾਂ ਗਾਇਕੀ ਅਤੇ ਗੀਤਕਾਰੀ ਦੇ ਦੋ ਥੰਮਾਂ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ। ਗਾਇਕੀ ਵਿੱਚ ਵੱਡਾ ਨਾਂ ਸੁਰਜੀਤ ਸਿੰਘ ਮਾਧੋਪੁਰੀ ਅਤੇ ਗੀਤਕਾਰੀ ਦੇ ਅਕਾਸ਼ ਵਿੱਚ ਗੁਰਦੇਵ ਸਿੰਘ ਮਾਨ ਦਾ ਨਾਂ ਧਰੂੰ ਤਾਰੇ ਵਾਂਗ ਚਮਕਦਾ ਹੈ। ਜਿੰਨਾ ਸਰੋਤਿਆਂ ਨੇ ਇਨ੍ਹਾਂ ਦੇ ਗੀਤ ਸੁਣੇ ਹਨ, ਉਹ ਅੱਜ ਤੱਕ ਉਨ੍ਹਾਂ ਦੇ ਦਿਲਾਂ ਤੇ ਉੱਕਰੇ ਪਏ ਹਨ। ਕੁੱਝ ਮਹੀਨੇ ਪਹਿਲਾਂ ਸੁਰਜੀਤ ਸਿੰਘ ਮਾਧੋਪੁਰੀ, ਪ੍ਰਸਿੱਧ ਸ਼ਾਇਰ ਕੁਵਿੰਦਰ ਚਾਂਦ ਦੀ ਰਚਨਾ ‘ਸੋਹਣੀਆਂ ਪੱਗਾਂ’ ਲੈ ਕੇ ਹਾਜ਼ਰ ਹੋਏ ਸਨ, ਜਿਸ ਨੇ ਪੱਗ ਪ੍ਰੇਮੀਆਂ ਦੇ ਦਿਲ ਜਿੱਤ ਲਏ ਸਨ।
ਹੁਣ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸੁਰਜੀਤ ਸਿੰਘ ਮਾਧੋਪੁਰੀ ਇੱਕ ਵਾਰ ਫਿਰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦਾ ਗੀਤ ‘ਜਿੰਦ ਮਾਹੀ’ ਲੈ ਕੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਏ ਹਨ। ਇਹ ਗੀਤ ਪਿਛਲੇ ਦਿਨੀਂ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸਰੀ (ਕੈਨੇਡਾ) ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਰਲੀਜ਼ ਕੀਤਾ ਗਿਆ। ਗੀਤ ਦੇ ਬੋਲ ਹਨ-
ਅੱਧੀ ਰਾਤੀਂ ਪਾਣੀ ਮੰਗਿਆ,ਨੀ ਮੈਂ ਆਰਸੀ ਦਾ ਕੌਲ ਬਣਾਵਾਂ।
ਜੇ ਮਾਹੀ ਜਿੰਦ ਮੰਗ ਲਏ,ਨੀ ਮੈਂ ਪਲ ਵੀ ਦੇਰ ਨਾ ਲਾਵਾਂ।
ਗੁਰਦੇਵ ਸਿੰਘ ਮਾਨ ਨੇ ਸ਼ਰਬਤ ਵਰਗੇ ਸੱਭਿਅਕ ਸ਼ਬਦਾਂ ਰਾਹੀਂ ਗੀਤ ਦੀ ਰਚਨਾ ਕੀਤੀ ਹੈ। ਅਜਿਹੀ ਸੱਭਿਅਕ ਅਤੇ ਸ਼ਹਿਦ ਵਰਗੀ ਸ਼ੈਲੀ ਗੁਰਦੇਵ ਸਿੰਘ ਮਾਨ ਦੇ ਹਿੱਸੇ ਹੀ ਆਈ ਹੈ। ਮੰਝੇ ਹੋਏ ਅਤੇ ਸੰਗੀਤ ਵਿੱਚ ਪਰਪੱਕ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਵੀ ਗੀਤ ਨੂੰ ਆਪਣੀ ਅਵਾਜ਼ ਅਤੇ ਕਲਾਤਮਿਕ ਮੌਸੀਕੀ ਨਾਲ ਨਿਵਾਜ ਕੇ ਸੋਨੇ ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਨਵੀਂ ਪੀੜ੍ਹੀ ਦੀ ਨਵੇਂ ਅੰਦਾਜ਼ ਵਾਲੀ ਗਾਇਕੀ ਆਉਣ ਕਰਕੇ ਦੋ-ਢਾਈ ਦਹਾਕੇ ਪਹਿਲਾਂ ਵਾਲੀ ਗਾਇਕੀ ਵਿੱਚ ਖੜੋਤ ਜਿਹੀ ਆ ਗਈ ਸੀ ਅਤੇ ਇਸ ਸ਼ੈਲੀ ਦੀ ਗਾਇਕੀ ਦੇ ਸਰੋਤੇ ਮਾਜੂਸ ਸਨ। ਸੁਰਜੀਤ ਸਿੰਘ ਮਾਧੋਪੁਰੀ ਨੇ ‘ਸੁੱਟੇ ਹਥਿਆਰ’ ਫਿਰ ਚੁੱਕ ਕੇ ਆਪਣੇ ਹਮਜੋਲੀਆਂ ਦੇ ਕੰਨ-ਰਸ ਨੂੰ ਪੂਰਾ ਕਰਨ ਦਾ ਭਰਪੂਰ ਯਤਨ ਕੀਤਾ ਹੈ। ਸੁਰਜੀਤ ਸਿੰਘ ਮਾਧੋਪੁਰੀ ਦੇ ‘ਜੋਬਨ ਰੁੱਤ’ ਦੇ ਗੀਤ ਅੱਜ ਵੀ ਤਾਜੇ ਲੱਗਦੇ ਹਨ। ਸੁਰਜੀਤ ਸਿੰਘ ਮਾਧੋਪੁਰੀ ਨੇ ਜਿੱਥੇ ਆਪਣੀ ਕਲਾਕਾਰੀ ਰਾਹੀਂ ਸ਼ਬਦਾਂ ਨਾਲ ਪੂਰਾ ਇਨਸਾਫ ਕੀਤਾ ਹੈ, ਉੱਥੇ ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ ਵੀ ਖੂਬਸੂਰਤ ਲੁਕੇਸ਼ਨਾਂ ‘ਤੇ ਸੱਭਿਅਕ ਅਤੇ ਪ੍ਰਭਾਵਸ਼ਾਲੀ ਵੀਡੀਓ ਤਿਆਰ ਕੀਤੀ ਹੈ। ਅਦਾਕਾਰ ਹਰਬਾਜ ਸੱਗੂ ਅਤੇ ਅਦਾਕਾਰਾ ਇੱਛਾ ਔਜਲਾ ਨੇ ਸ਼ਬਦਾਂ/ਲੁਕੇਸ਼ਨਾਂ ਅਨੁਸਾਰ ਬਹੁਤ ਹੀ ਪਿਆਰੀ ਅਦਾਕਾਰੀ ਨਾਲ ਪ੍ਰੋਜੈਕਟ ਨੂੰ ਚਾਰ ਚੰਨ ਲਾ ਦਿੱਤੇ ਹਨ। ਸੁਰੀਲੀ ਅਵਾਜ਼ ਨੂੰ ਸੰਗੀਤ ਦੀ ਚਾਸ਼ਨੀ ਦੀ ਪਰਤ ਚੜ੍ਹਾਈ ਹੈ ਸੁਪ੍ਰਸਿੱਧ ਸੰਗੀਤਕਾਰ ਲਾਲ ਕਮਲ ਨੇ। ਇਹ ਗੀਤ ਦੋ ਰੂਹਾਂ ਦੀ ਮੁਹੱਬਤ ਨਾਲ ਗੜੁੱਚ ਹੈ। ਗੀਤ ‘ਜਿੰਦ ਮਾਹੀ’ ਤਨ-ਮਨ ਨੂੰ ਸਕੂਨ ਤਾਂ ਦਿੰਦਾ ਹੀ ਹੈ,ਇਸ ਦੇ ਨਾਲ ਨਿੱਗਰ ਸੁਨੇਹਾ ਵੀ ਦਿੰਦਾ ਹੈ ਕਿ ਪਤੀ-ਪਤਨੀ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦੀ ਹੈ। ਏਸੇ ਕਰਕੇ ਹੀ ਪੰਜਾਬ ਤੋਂ ਉੱਘੇ ਸਾਹਿਤਕਾਰ  ਗੁਰਭਜਨ ਗਿੱਲ ਅਤੇ ਮਹਾਨ ਗੀਤਕਾਰ ਸ਼ਮ਼ਸ਼ੇਰ ਸੰਧੂ ਨੇ ਗੀਤ ਦੀ ਪ੍ਰਸੰਸਾ ਵਿੱਚ ਖੂਬਸੂਰਤ ਵੀਡੀਓ ਸੁਨੇਹਾ ਭੇਜਿਆ ਹੈ, ਜੋ ਗੀਤ ਦੇ ਰਲੀਜ਼ ਸਮਾਰੋਹ ਸਮੇਂ ਸਕਰੀਨ ਤੇ ਚਲਾ ਕੇ ਦਿਖਾਇਆ ਗਿਆ। ਸੋ ਇਸ ਬਹੁਤ ਹੀ ਪਿਆਰੀ ਪੇਸ਼ਕਸ਼ ਲਈ ਸਾਡੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬੀਰਕਾਂ।

ਸਰੀ(ਬੀ.ਸੀ.) ਕੈਨੇਡਾ

Leave a Reply

Your email address will not be published. Required fields are marked *