Jul 24, 2026

ਸਰੀ, 24 ਜੁਲਾਈ (ਹਰਦਮ ਮਾਨ)- ਸਰੀ ਦੀ ਪ੍ਰਸਿੱਧ ਸਮਾਜ ਸੇਵਿਕਾ ਅਤੇ ਲੰਬੇ ਸਮੇਂ ਤੋਂ ਸਮਾਜਿਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਮੀਰਾ ਗਿੱਲ ਨੇ ਸੇਫ ਸਰੀ ਕੋਲੀਸ਼ਨ ਵੱਲੋਂ ਸਰੀ ਸਿਟੀ ਕੌਂਸਲ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਕਰੀਬ 30 ਸਾਲਾਂ ਦੀ ਜਨ ਸੇਵਾ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਵਲੰਟੀਅਰ ਸੇਵਾ ਨਾਲ ਜੁੜੀ ਮੀਰਾ ਗਿੱਲ ਨੇ ਕਿਹਾ ਕਿ ਉਹ ਸਰੀ ਦੇ ਲੋਕਾਂ ਲਈ ਜਵਾਬਦੇਹ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਦੇਣ ਲਈ ਚੋਣ ਮੈਦਾਨ ਵਿੱਚ ਉਤਰੀ ਹੈ।

ਮੀਰਾ ਗਿੱਲ ਆਵਰ ਗਲੋਬਲ ਵਿਲੇਜ ਚੈਰਿਟੇਬਲ ਫਾਊਂਡੇਸ਼ਨ ਦੀ ਸੰਸਥਾਪਕ ਪ੍ਰਧਾਨ ਹਨ। ਉਨ੍ਹਾਂ ਦੀ ਅਗਵਾਈ ਹੇਠ ਸੰਸਥਾ ਨੇ ਬਜ਼ੁਰਗਾਂ, ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਹੋਰ ਲੋੜਵੰਦ ਵਰਗਾਂ ਦੀ ਭਲਾਈ ਲਈ ਅਨੇਕਾਂ ਸਮਾਜਿਕ ਅਤੇ ਸੇਵਾ ਪ੍ਰੋਗਰਾਮ ਚਲਾਏ ਹਨ। ਮੀਰਾ ਗਿੱਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦਾ ਮੁੱਖ ਫੋਕਸ ਅਫੋਰਡੇਬਿਲਟੀ (ਰਹਿਣ-ਸਹਿਣ ਦੀ ਸਮਰੱਥਾ)ਸੁਰੱਖਿਆ ਅਤੇ ਬੁਨਿਆਦੀ ਢਾਂਚੇ ‘ਤੇ ਰਹੇਗਾ। ਉਨ੍ਹਾਂ ਕਿਹਾ ਕਿ ਸਰੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਨੂੰ ਦੂਰਅੰਦੇਸ਼ੀ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਭਵਿੱਖ ਦੀਆਂ ਲੋੜਾਂ ਨੂੰ ਸਮਝਦਿਆਂ ਯੋਜਨਾਬੱਧ ਢੰਗ ਨਾਲ ਕੰਮ ਕਰੇ।

ਮੀਰਾ ਗਿੱਲ ਨੇ ਦੱਸਿਆ ਕਿ ਚੋਣ ਲੜਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਅਤੇ ਹੌਸਲਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦੇ ਰਹੇ ਹਨ ਅਤੇ ਅੱਗੇ ਵੀ ਸਿਟੀ ਦੇ ਲੋਕਾਂ ਦੇ ਹਿੱਤਾਂ ਲਈ ਨਿਡਰ ਹੋ ਕੇ ਕੰਮ ਕਰਦੇ ਰਹਿਣਗੇ।

Leave a Reply

Your email address will not be published. Required fields are marked *