60,000 ਪਰਵਾਸੀ ਤੈਰਕੇ ਪੁੱਜੇ- 57 ਦੀ ਮੌਤ
ਸਿਊਟਾ- ਬੀਤੇ ਦਿਨ ਸਪੇਨ ਦੇ ਖੇਤਰ ਵਿਚ ਹਜ਼ਾਰਾਂ ਗੈਰਕਨੂੰਨੀ ਪਰਵਾਸੀਆਂ ਦੇ ਦਾਖਲ ਹੋਣ ਨਾਲ ਵੱਡਾ ਮਾਨਵੀ ਸੰਕਟ ਸਾਹਮਣੇ ਆਇਆ ਹੈ। ਖਬਰਾਂ ਹਨ ਕਿ ਲਗਪਗ 60,000 ਪਰਵਾਸੀ ਸਪੇਨ ਦੇ ਉੱਤਰੀ ਅਫ਼ਰੀਕੀ ਖੇਤਰ ਸਿਉਟਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਚੁੱਕੇ ਹਨ। ਇਸ ਵੱਡੇ ਪੱਧਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਰਵਾਸੀ ਸਮੁੰਦਰ ਵਿਚੋਂ ਤੈਰ ਕੇ ਸਿਉਟਾ ਪੁੱਜੇ ਹਨ ਤੇ ਸਪੇਨ ਦੇ ਖੇਤਰ ਵਿਚ ਦਾਖਲ ਹੋਣ ਸਮੇਂ ਸੁਰੱਖਿਆ ਫੋਰਸਾਂ ਵਲੋਂ ਰੋਕੇ ਜਾਣ ਅਤੇ ਪਾਣੀ ਵਿਚ ਡੁੱਬਣ ਕਾਰਣ ਦਮ ਤੋੜ ਗਏ। ਹੋਰ ਸੂਤਰਾਂ ਮੁਤਾਬਿਕ ਮਰਨ ਵਾਲਿਆਂ ਵਿੱਚੋਂ ਕਈ ਲੋਕ ਪਾਣੀ ਵਿੱਚ ਡੁੱਬ ਗਏ ਅਤੇ ਕੁਝ ਲੋਕ ਤਾਰਾਜਲ ਬੀਚ ਦੀ ਵਾੜ ਨੂੰ ਪਾਰ ਕਰਨ ਵੇਲੇ ਮਚੀ ਭਗਦੜ ਕਾਰਨ ਮਾਰੇ ਗਏ। ਸਿਉਟਾ ਦੇ ਮੁਖੀ ਜੁਆਨ ਜੀਸਸ ਵਿਵਾਸ ਨੇ ਦੱਸਿਆ ਕਿ ਇਹ ਗਿਣਤੀ ਸ਼ਹਿਰ ਦੀ ਆਮ ਆਬਾਦੀ ਦਾ 70 ਫੀਸਦੀ ਬਣਦੀ ਹੈ। ਉਨ੍ਹਾਂ ਨੇ ਮੌਜੂਦਾ ਹਾਲਾਤ ਬਾਰੇ ਕਿਹਾ ਕਿ ਸਿਉਟਾ ਜਿਸ ਸਥਿਤੀ ਵਿੱਚੋਂ ਲੰਘ ਰਿਹਾ ਹੈ, ਉਹ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰਾਤੋ-ਰਾਤ ਸਰਹੱਦ ਪਾਰ ਕੀਤੀ ਹੈ, ਜਿਸ ਨਾਲ ਇੱਥੇ ਪੂਰੀ ਤਰ੍ਹਾਂ ਹਫੜਾ-ਦਫੜੀ ਮਚ ਗਈ ਹੈ।
ਜ਼ਿਕਰਯੋਗ ਹੈ ਕਿ ਸਪੇਨੀ ਖੇਤਰ ਸਿਉਟਾ (Ceuta) ਭੂਗੋਲਿਕ ਤੌਰ ’ਤੇ ਅਫਰੀਕਾ ਮਹਾਦੀਪ ਵਿੱਚ ਸਥਿਤ ਹੈ ਪਰ ਰਾਜਨੀਤਿਕ ਤੌਰ ’ਤੇ ਇਹ ਸਪੇਨ ਦਾ ਹਿੱਸਾ ਹੈ। ਇਹ ਉੱਤਰੀ ਅਫਰੀਕਾ ਦੇ ਤੱਟ ’ਤੇ ਸਥਿਤ ਹੈ ਅਤੇ ਚਾਰੇ ਪਾਸਿਓਂ ਮੋਰਾਕੋ ਨਾਲ ਘਿਰਿਆ ਹੋਇਆ ਹੈ। ਭਾਵੇਂ ਇਹ ਅਫਰੀਕਾ ਵਿੱਚ ਹੈ ਪਰ ਇਹ ਸਪੇਨ ਦਾ ਇੱਕ ਖੁਦਮੁਖਤਿਆਰ ਸ਼ਹਿਰ ਹੈ ਅਤੇ ਯੂਰਪੀਅਨ ਯੂਨੀਅਨ ਦਾ ਹਿੱਸਾ ਵੀ ਹੈ।
ਪ੍ਰਧਾਨ ਵੱਲੋਂ ਐਮਰਜੈਂਸੀ ਦਾ ਐਲਾਨ ਅਤੇ ਫ਼ੌਜ ਤਾਇਨਾਤ-
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਖੇਤਰੀ ਪ੍ਰਧਾਨ ਜੀਸਸ ਵਿਵਾਸ ਨੇ ਵੀਰਵਾਰ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਅਤੇ ਸਮਾਜਿਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਮੈਡਰਿਡ ਸਰਕਾਰ ਨੂੰ ਸਰਹੱਦ ਉੱਤੇ ਕਾਬੂ ਪਾਉਣ ਲਈ ਫ਼ੌਜ ਭੇਜਣ ਦੀ ਅਪੀਲ ਕੀਤੀ। ਸ਼ੁਰੂ ਵਿੱਚ ਸਪੇਨ ਦੇ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਐਮਰਜੈਂਸੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ ਪਰ ਬਾਅਦ ਵਿੱਚ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹਥਿਆਰਬੰਦ ਫ਼ੌਜ ਦੇ ਜਵਾਨਾਂ ਨੂੰ ਸਰਹੱਦ ‘ਤੇ ਭੇਜਣ ਦਾ ਐਲਾਨ ਕਰ ਦਿੱਤਾ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਪੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਵੀਰਵਾਰ ਤੜਕੇ ਤੋਂ ਲਗਪਗ 50,000 ਪਰਵਾਸੀ ਉੱਤਰੀ ਅਫ਼ਰੀਕੀ ਖੇਤਰ ਸਿਉਟਾ ਵਿੱਚ ਦਾਖਲ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੰਦਾਜ਼ਨ 25,000 ਤੋਂ ਵੱਧ ਪਰਵਾਸੀ ਸ਼ੁੱਕਰਵਾਰ ਨੂੰ ਆਪਣੀ ਮਰਜ਼ੀ ਨਾਲ ਵਾਪਸ ਮੋਰੋਕੋ ਪਰਤ ਗਏ ਹਨ।
