ਨਵੀਂ ਦਿੱਲੀ- ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਬਿਹਾਰ ਦੇ ਬਾਂਕੀਪੁਰ ਵਿੱਚ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਜਿੱਤ ਗਏ ਹਨ। ਇਹ ਬਾਂਕੀਪੁਰ ਸੀਟ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ, ਜਿੱਥੇ ਉਹ ਲਗਾਤਾਰ ਪੰਜ ਵਾਰ ਵਿਧਾਇਕ ਰਹੇ ਸਨ। ਉਨ੍ਹਾਂ ਦੇ ਰਾਜ ਸਭਾ ਚਲੇ ਜਾਣ ਕਾਰਨ ਇਸ ਖਾਲੀ ਹੋਈ ਸੀਟ ਉੱਤੇ ਉਪ-ਚੋਣ ਕਰਵਾਈ ਗਈ ਸੀ, ਜਿੱਥੇ ਹੁਣ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਗਏ ਹਨ।
ਬਿਹਾਰ ਦੇ ਬਾਂਕੀਪੁਰ ਵਿੱਚ ਨਿਤਿਨ ਨਬੀਨ ਦੀ ਸੀਟ ਉੱਤੇ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 19,324 ਵੋਟਾਂ ਨਾਲ ਜਿੱਤੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ 64,151 ਵੋਟ ਮਿਲੇ, ਜਦਕਿ ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,827 ਵੋਟ ਮਿਲੇ ਹਨ।
**
ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਉਪ-ਚੋਣਾਂ ਦੇ ਨਤੀਜੇ
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਦਤੀਆ ਵਿੱਚ ਕਾਂਗਰਸ ਉਮੀਦਵਾਰ ਘਨਸ਼ਾਮ ਸਿੰਘ ਨੇ 6,016 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਭਾਜਪਾ ਨੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਟਿਕਟ ਕੱਟ ਕੇ ਆਸ਼ੂਤੋਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪਰ ਆਸ਼ੂਤੋਸ਼ ਨਰੋਤਮ ਮਿਸ਼ਰਾ ਦੇ ਆਪਣੇ ਪੋਲਿੰਗ ਬੂਥ ਉੱਤੇ ਵੀ ਜਿੱਤ ਹਾਸਲ ਨਹੀਂ ਕਰ ਸਕੇ।
ਉੱਧਰ ਗੁਜਰਾਤ ਦੇ ਮੰਜਲਪੁਰ ਵਿੱਚ ਭਾਜਪਾ ਦੇ ਸਤੇਂਦਰਭਾਈ (ਸਤੀਸ਼) ਪਟੇਲ ਨੇ 30,630 ਵੋਟਾਂ ਦੇ ਵੱਡੇ ਅੰਤਰ ਨਾਲ ਵਿਰੋਧੀ ਪਾਰਟੀ ਨੂੰ ਹਰਾਇਆ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਭਿਖਾਭਾਈ ਨੂੰ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਰਾਜਾਂ ਦੀਆਂ ਸੀਟਾਂ ਉੱਤੇ 30 ਜੁਲਾਈ ਨੂੰ ਵੋਟਿੰਗ ਹੋਈ ਸੀ।
