ਘਰ ਛੱਡਣ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧੀਆਂ, ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ-
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਇਲਾਕਿਆਂ ਵਿੱਚ ਜੰਗਲੀ ਅੱਗਾਂ ਕਾਰਨ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ ਬੀ.ਸੀ. ਵਾਈਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਮੌਸਮੀ ਹਾਲਾਤਾਂ ਵਿੱਚ ਨਵੀਆਂ ਅੱਗਾਂ ਭੜਕਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਫੈਲ ਸਕਦੀਆਂ ਹਨ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਅਤੇ ਅੱਗ ਸਬੰਧੀ ਕਿਸੇ ਵੀ ਖ਼ਤਰੇ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕੀਤੀ ਗਈ ਹੈ।
ਬੀ.ਸੀ. ਵਿੱਚ ਇਸ ਵੇਲੇ ਕਈ ਥਾਵਾਂ ‘ਤੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਅੱਗ ਬੁਝਾਊ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ। ਕੁਝ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਲਈ ਘਰ ਖਾਲੀ ਕਰਨ ਦੇ ਹੁਕਮ ਅਤੇ ਚਿਤਾਵਨੀਆਂ ਵੀ ਨਾਲੋਂ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ । ਜੰਗਲੀ ਅੱਗਾਂ ਤੋਂ ਪ੍ਰਭਾਵਿਤ ਕਈ ਪਰਿਵਾਰ ਪਹਿਲਾਂ ਹੀ ਆਪਣੇ ਘਰ ਛੱਡ ਚੁੱਕੇ ਹਨ। ਤਾਜ਼ਾ ਸੂਚਨਾਵਾਂ ਮੁਤਾਬਕ ਖੇਤਰੀ ਅਧਿਕਾਰੀਆਂ ਕੋਲ ਅਜਿਹੇ ਪਰਿਵਾਰਾਂ ਵੱਲੋਂ ਆਪਣੀਆਂ ਮੁਸ਼ਕਲਾਂ ਅਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਜਾ ਰਹੀ ਹੈ। ਘਰ ਛੱਡਣ ਤੋਂ ਬਾਅਦ ਲੋਕਾਂ ਨੂੰ ਰਹਿਣ-ਸਹਿਣ, ਆਵਾਜਾਈ ਅਤੇ ਇਹ ਜਾਣਨ ਦੀ ਚਿੰਤਾ ਬਣੀ ਹੋਈ ਹੈ ਕਿ ਉਹ ਆਪਣੇ ਘਰਾਂ ਨੂੰ ਕਦੋਂ ਵਾਪਸ ਜਾ ਸਕਣਗੇ।
ਅਧਿਕਾਰੀਆਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸੁੱਕੇ ਜੰਗਲ ਅਤੇ ਅੱਗ ਲਈ ਅਨੁਕੂਲ ਮੌਸਮੀ ਹਾਲਾਤ ਕਿਸੇ ਨਵੀਂ ਅੱਗ ਨੂੰ ਥੋੜ੍ਹੇ ਸਮੇਂ ਵਿੱਚ ਵੱਡਾ ਰੂਪ ਦੇ ਸਕਦੇ ਹਨ। ਇਸ ਲਈ ਲੋਕਾਂ ਨੂੰ ਜੰਗਲਾਂ ਅਤੇ ਸੁੱਕੀ ਘਾਹ ਵਾਲੇ ਇਲਾਕਿਆਂ ਵਿੱਚ ਅੱਗ ਲੱਗਣ ਦਾ ਕਾਰਨ ਬਣ ਸਕਣ ਵਾਲੀ ਕਿਸੇ ਵੀ ਲਾਪਰਵਾਹੀ ਤੋਂ ਬਚਣ ਲਈ ਕਿਹਾ ਗਿਆ ਹੈ।
ਇਸ ਦੌਰਾਨ ਪੀਅਰ ਲੇਕ ਜੰਗਲੀ ਅੱਗ ਨਾਲ ਸਬੰਧਤ ਖੇਤਰ ਵਿੱਚ ਵੀ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੂਬਾਈ ਅੱਗ ਬੁਝਾਊ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਜੰਗਲੀ ਅੱਗ ਦਿਖਾਈ ਦੇਣ, ਧੂੰਆਂ ਉੱਠਣ ਜਾਂ ਕਿਸੇ ਹੋਰ ਸ਼ੱਕੀ ਸਥਿਤੀ ਦਾ ਪਤਾ ਲੱਗਣ ‘ਤੇ ਤੁਰੰਤ ਸੂਚਨਾ ਦਿੱਤੀ ਜਾਵੇ। ਇਸ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਆਪਣੇ ਜ਼ਰੂਰੀ ਦਸਤਾਵੇਜ਼, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਤਿਆਰ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ, ਤਾਂ ਜੋ ਘਰ ਖਾਲੀ ਕਰਨ ਦਾ ਹੁਕਮ ਮਿਲਣ ਦੀ ਸੂਰਤ ਵਿੱਚ ਬਿਨਾਂ ਦੇਰੀ ਸੁਰੱਖਿਅਤ ਥਾਂ ਵੱਲ ਜਾਇਆ ਜਾ ਸਕੇ।
ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਅੱਗਾਂ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਲੋਕਾਂ ਨੂੰ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਘਰ ਖਾਲੀ ਕਰਨ ਦੇ ਹੁਕਮਾਂ ਅਤੇ ਚਿਤਾਵਨੀਆਂ ਦੀ ਤਾਜ਼ਾ ਜਾਣਕਾਰੀ ਨਾਲ ਜੁੜੇ ਰਹਿਣ ਲਈ ਕਿਹਾ ਗਿਆ ਹੈ।
ਕੈਪਸ਼ਨ ਹੈਲੀਕਾਪਟਰ ਰਾਹੀਂ ਜੰਗਲੀ ਅੱਗ ਤੇ ਪਾਣੀ ਦਾ ਛੜਕਾਅ ਕੀਤੇ ਜਾਣ ਦੀ ਇੱਕ ਤਸਵੀਰ
