Aug 13, 2026

ਚੰਡੀਗੜ੍ਹ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਹੱਥ ‘ਤੇ ਸੱਟ ਲੱਗੀ ਹੈ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਸੁਖਬੀਰ ਸਿੰਘ ਬਾਦਲ ਦੇ ਨਾਲ ਮੌਜੂਦ ਇੱਕ ਮੁਲਾਜ਼ਮ ਵੀ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਿਆ ਹੈ। ਇਹ ਘਟਨਾ ਸਵੇਰੇ ਲਗਪਗ 11 ਵਜੇ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਨਾਂਦੇੜ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਗੁਰਦੁਆਰੇ ਦੇ ਦਰਸ਼ਨ ਕਰਨ ਗਏ ਸਨ। ਇਹ ਗੁਰਦੁਆਰਾ ਸ਼ਹਿਰ ਦੇ ਬਾਹਰਵਾਰ ਹੈ ਅਤੇ ਜੰਗਲ ਨਾਲ ਘਿਰਿਆ ਹੋਇਆ ਹੈ।

ਗੁਰਦੁਆਰੇ ਵਿੱਚ ਭੀੜ ਦਾ ਫਾਇਦਾ ਉਠਾਉਂਦਿਆਂ, ਇੱਕ ਨਿਹੰਗ ਸਿੱਖ, ਜਿਸ ਨੂੰ ਕਥਿਤ ਤੌਰ ‘ਤੇ ਕਾਬੂ ਕਰ ਲਿਆ ਗਿਆ ਹੈ, ਹਥਿਆਰ ਲੈ ਕੇ ਬਾਦਲ ਦੇ ਨੇੜੇ ਆਇਆ ਅਤੇ ਹਮਲਾ ਕਰ ਦਿੱਤਾ।

ਚੌਕਸ ਗਾਰਡ ਨੇ ਦਖਲਅੰਦਾਜ਼ੀ ਕੀਤੀ ਅਤੇ ਹਮਲੇ ਨੂੰ ਟਾਲ ਦਿੱਤਾ। ਹਾਲਾਂਕਿ, ਇਸ ਪ੍ਰਕਿਰਿਆ ਵਿੱਚ ਗਾਰਡ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਕਿ ਸੁਖਬੀਰ ਬਾਦਲ ਦੇ ਹੱਥ ‘ਤੇ ਸੱਟ ਲੱਗੀ। ਹਮਲੇ ਵਿੱਚ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਇੱਕ ਪੂਰਵ ਖਾਲਿਸਤਾਨੀ ਅਤਿਵਾਦੀ ਨਰਾਇਣ ਸਿੰਘ ਚੌੜਾ ਨੇ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ‘ਸੇਵਾਦਾਰ’ ਵਜੋਂ ਡਿਉੂਟੀ ਨਿਭਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਸੀ।

ਐਡਵੋਕੇਟ ਧਾਮੀ ਵੱਲੋਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਆਸਥਾ ਦੇ ਪ੍ਰਤੀਕ ਪਾਵਨ ਅਸਥਾਨ ’ਤੇ ਨੁਮਾਇੰਦਾ ਸਿੱਖ ਸਿਆਸੀ ਜਥੇਬੰਦੀ ਦੇ ਮੁਖੀ ’ਤੇ ਹਮਲਾ ਦੁਖਦਾਈ ਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਸੁਖਬੀਰ ਬਾਦਲ ’ਤੇ ਹਮਲਾ ਕਰਨਾ ਜਿੱਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਉੱਥੇ ਹੀ ਗੁਰੂ ਘਰ ਦੀ ਮਾਣ-ਮਰਿਆਦਾ ਦੀ ਸਿੱਧੇ ਤੌਰ ’ਤੇ ਤੌਹੀਨ ਹੈ। ਹਰ ਸਿੱਖ ਭਾਵਨਾ ਨਾਲ ਗੁਰੂ ਘਰ ਆਉਂਦਾ ਹੈ ਅਤੇ ਕਿਸੇ ਸ਼ਰਧਾਲੂ ’ਤੇ ਅਜਿਹਾ ਹਮਲਾ ਸਿੱਖ ਸ਼ਰਧਾ ਨੂੰ ਸਿੱਧੀ ਠੇਸ ਹੈ।

ਪੰਥ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਦੀ ਅਲੋਚਨਾ ਅਤੇ ਨਿਰਪੱਖ ਜਾਂਚ ਦੀ ਮੰਗ

ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਕੌਮ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਅਜਿਹੇ ਮਨਸੂਬਿਆਂ ਲਈ ਹੀ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਅਤੇ ਮਰਿਆਦਾ ਸਮੁੱਚੇ ਸਿੱਖ ਪੰਥ ਲਈ ਸਰਵਉੱਚ ਹੈ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਵਾਪਰੀ ਅਜਿਹੀ ਦੁਖਦਾਈ ਘਟਨਾ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਕੇ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *