ਐਡਮਿੰਟਨ ( ਗੁਰਪ੍ਰੀਤ ਸਿੰਘ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਦੋ ਹਫ਼ਤਿਆਂ ਤੱਕ ਕੈਨੇਡਾ ਦੇ ਜਵਾਬੀ ਟੈਰਿਫ ਅਮਲ ਵਿਚ ਲਿਆਉਣ ਤੋਂ ਪਹਿਲਾਂ ਫੈਡਰਲ ਸਰਕਾਰ ਨੂੰ ਅਮਰੀਕਾ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਆਨਲਾਈਨ ਪਾਏ ਇਕ ਬਿਆਨ ਵਿਚ ਪ੍ਰੀਮੀਅਰ ਸਮਿਥ ਨੇ ਕਿਹਾ ਹੈ ਕਿ ਟੈਰਿਫ ਅਤੇ ਜਵਾਬੀ ਟੈਰਿਫ ਨਾਲ ਕੈਨੇਡਾ ਅਤੇ ਇਸ ਦੇ ਗੁਆਂਢੀ ਮੁਲਕ ਵਿਚਕਾਰ ਵਪਾਰ ਜੰਗ ਵਧਣ ਦਾ ਹੀ ਖ਼ਤਰਾ ਹੈ। ਫੈਡਰਲ ਸਰਕਾਰ ਨੇ 8 ਸਤੰਬਰ ਤੋਂ ਸਟੀਲ ਅਤੇ ਐਲਮੀਨੀਅਮ ਤੋਂ ਲੈ ਕੇ ਖਪਤਕਾਰ ਵਸਤਾਂ ਜਿਸ ਵਿਚ ਸਮਾਰਟਫੋਨ ਅਤੇ ਗੋਲਫ ਕਲੱਬਜ਼ ਵੀ ਸ਼ਾਮਿਲ ਹਨ ’ਤੇ ਜਵਾਬੀ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸਦੇ ਨਾਲ ਵਪਾਰਕ ਲੜਾਈ ਦਾ ਸਾਹਮਣਾ ਕਰਨ ਲਈ ਕਾਰੋਬਾਰਾਂ ਵਾਸਤੇ ਰਾਹਤ ਅਤੇ ਸਹਾਇਤਾ ਉਪਾਵਾਂ ਦਾ ਵੀ ਐਲਾਨ ਕੀਤਾ ਹੈ। ਸਮਿਥ ਨੇ ਬਿਆਨ ਵਿਚ ਕਿਹਾ ਕਿ ਉਹ ਫੈਡਰਲ ਸਰਕਾਰ ਦੀਆਂ ਕਾਰੋਬਾਰਾਂ ਨੂੰ ਸਹਾਇਤਾ ਦੇਣ ਦੀ ਯੋਜਨਾ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਉਨ੍ਹਾਂ ਦੀ ਸਰਕਾਰ ਇਹ ਦੇਖਣ ਲਈ ਕੰਮ ਕਰ ਰਹੀ ਹੈ ਕਿ ਕੀ ਸੂਬੇ ਦੀ ਰਾਹਤ ਜ਼ਰੂਰੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਲਬਰਟਾ ਸਰਕਾਰ ਇਸ ਗੱਲ ਤੋਂ ਚਿੰਤਤ ਹੈ ਕਿ ਟੈਰਿਫ ਤੇ ਜਵਾਬੀ ਟੈਰਿਫ ਲਾਗਤਾਂ ਵਧਾਉਣਗੇੇ, ਸਪਲਾਈ ਚੇਨਜ਼ ਵਿਚ ਵਿਘਨ ਪਾਉਣਗੇ ਅਤੇ ਕਾਰੋਬਾਰਾਂ ਅਤੇ ਕਾਮਿਆਂ ’ਤੇ ਦਬਾਅ ਪਾਉਣਗੇ ਅਤੇ ਆਖਰਕਾਰ ਵਧੇਰੇ ਅਤੇ ਵਿਆਪਕ ਟੈਰਿਫ ਵਧਣ ਦਾ ਖ਼ਤਰਾ ਰਹੇਗਾ ਜਿਸ ਦਾ ਹੋਰ ਕੈਨੇਡੀਅਨਾਂ ’ਤੇ ਅਸਰ ਪਵੇਗਾ।
