Sep 3, 2026

ਕੈਲ ਦੁਸਾਂਝ ਪੂਰੀ ਤਰਾਂ ਬੇਕਸੂਰ- ਵਕੀਲ ਵਲੋਂ ਬਿਆਨ ਜਾਰੀ-

ਵੈਨਕੂਵਰ ( ਏਜੰਸੀਆਂ, ਦੇ ਪ੍ਰ ਬਿ)-ਅੱਜ ਸਵੇਰ ਤੋਂ  ਵੈਨਕੂਵਰ ਪੁਲਿਸ ਵਲੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਕਰਦਿਆਂ ਉਸਦੇ ਸਰੀ ਸਥਿਤ ਘਰ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਜ਼ੋਰਦਾਰ ਚਰਚਾ ਰਹੀ। ਇਸੇ ਦੌਰਾਨ ਸਥਾਨਕ ਮੀਡੀਆ ਵਲੋਂ ਵੈਨਕੂਵਰ ਪੁਲਿਸ ਦੇ ਸੀਨੀਅਰ ਪੁਲਿਸ ਅਫਸਰ ਕੈਲ ਦੁਸਾਂਝ ਨੂੰ ਚਾਰਜ ਕੀਤੇ ਜਾਣ ਦੀ  ਪੁਸ਼ਟੀ ਕਰਦਿਆਂ  ਉਸਦੇ ਖਿਲਾਫ  $5,000 ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦੇ ਦੋਸ਼ਾਂ ਦਾ ਖੁਲਾਸਾ ਕੀਤਾ ਗਿਆ ਹੈ।ਵੈਨਕੂਵਰ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪਿਛਲੇ ਢਾਈ ਸਾਲ ਤੋਂ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿਚ ਦੋਸਾਂਝ ਦੇ ਨਾਲ ਇਕ ਹੋਰ ਸਰਬਜੀਤ ਸਿੰਘ ਗਿੱਲ ‘ਤੇ  ਵੀ ਜਨਵਰੀ 2017 ਵਿੱਚ ਧੋਖਾਧੜੀ ਦੇ ਤਿੰਨ ਮਾਮਲੇ ਅਤੇ $5,000 ਡਾਲਰ ਤੋਂ ਵੱਧ ਦੀ ਚੋਰੀ ਦੇ ਤਿੰਨ ਮਾਮਲਿਆਂ ਵਿੱਚ ਦੋਸ਼ ਲਗਾਏ ਗਏ ਹਨ। ਦੋਵਾਂ ਚੋਂ ਕਿਸੇ ਨੂੰ ਵੀ ਪੁਲਿਸ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਨਹੀ ਕੀਤੀ ਗਈ।

ਸੀਨੀਅਰ ਪੁਲਿਸ ਅਫਸਰ ਕੈਲ ਦੁਸਾਂਝ ਜੋ ਕਿ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਹੈ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਵੈਨਕੂਵਰ ਪੁਲਿਸ ਵਿਭਾਗ ਵਿੱਚ ਹੈ ਅਤੇ ਉਸਨੇ ਵਿੱਤੀ ਅਪਰਾਧ ਯੂਨਿਟ ਵਿੱਚ ਸੀਨੀਅਰ ਖੁਫੀਆ ਅਫਸਰ ਸਮੇਤ ਕਈ ਹੋਰ ਅਹਿਮ ਜਿੰਮੇਵਾਰੀਆਂ ਨਿਭਾਈਆਂ ਹਨ।

ਇਸੇ ਦੌਰਾਨ ਕੈਲ ਦੁਸਾਂਝ ਦੇ ਵਕੀਲ ਵਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਉਸ ‘ਤੇ ਧੋਖਾਧੜੀ ਦੇ ਚਾਰ ਦੋਸ਼, $5,000 ਤੋਂ ਵੱਧ ਦੀ ਚੋਰੀ ਦੇ ਚਾਰ ਦੋਸ਼ ਅਤੇ ਇੱਕ ਜਨਤਕ ਅਧਿਕਾਰੀ ਦੁਆਰਾ ਵਿਸ਼ਵਾਸ ਤੋੜਨ ਦੇ  ਦੋਸ਼ ਲਗਾਏ ਗਏ ਹਨ । ਕੋਰਟ ਦੀ ਔਨਲਾਈਨ ਜਾਣਕਾਰੀ ਮੁਤਾਬਿਕ ਇਹ ਅਪਰਾਧ 13 ਜਨਵਰੀ, 2017 ਅਤੇ 18 ਦਸੰਬਰ, 2017 ਨੂੰ ਵੈਨਕੂਵਰ ਵਿੱਚ ਹੋਏ ਸਨ। ਵਕੀਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਦੁਸਾਂਝ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਹ ਪੂਰੀ ਤਰਾਂ ਬੇਕਸੂਰ ਹੈ। ਕਿਸੇ ਮਾਮਲੇ ਵਿਚ ਕਿਸੇ ਵਿਅਕਤੀ ਦੀ  ਗ੍ਰਿਫਤਾਰੀ, ਜਾਂ ਇੱਕ ਰਿਪੋਰਟ ਕਿ ਗ੍ਰਿਫਤਾਰੀ ਹੋਈ ਹੈ, ਕਿਸੇ ਖਿਲਾਫ ਕੋਈ  ਦੁਰਵਿਵਹਾਰ ਜਾਂ ਅਪਰਾਧਿਕ ਜ਼ਿੰਮੇਵਾਰੀ ਦਾ ਸਬੂਤ ਨਹੀਂ ਹੈ।

ਪੁਲਿਸ ਅਫਸਰ ਖਿਲਾਫ ਦੋਸ਼ਾਂ ਵਿਚ ਕੀ ਸੱਚਾਈ ਹੈ, ਇਸ ਸਬੰਧੀ ਅਜੇ ਕਿਸੇ ਅਦਾਲਤ ਨੇ ਉਸਨੂੰ ਦੋਸ਼ੀ ਨਹੀ ਠਹਿਰਾਇਆ। ਜਿ਼ਕਰਯੋਗ ਹੈ ਕਿ ਕੈਲ ਦੁਸਾਂਝ ਪਿਛਲੇ ਲੰਬੇ ਸਮੇਂ ਤੋਂ ਵੈਨਕੂਵਰ ਪੁਲਿਸ ਅਫਸਰ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਗੈਂਗਜ ਤੋਂ ਬਚਾਉਣ ਲਈ 2015 ਵਿਚ ਸਥਾਪਿਤ ਕੀਤੀ ਕਿਡਜ ਪਲੇਅ ਨਾਮ ਦੀ ਸੰਸਥਾ ਚਲਾ ਰਿਹਾ ਹੈ। ਉਸਦੀ ਪਤਨੀ ਸੈਂਡੀ ਦੁਸਾਂਝ ਜੋ ਸਰੀ ਸਿਟੀ ਚੋਣਾਂ ਵਿਚ ਕੌਂਸਲਰ ਉਮੀਦਵਾਰ ਹੈ, ਵੀ ਇਸ ਸੰਸਥਾ ਨਾਲ ਜੁੜੀ ਹੋਈ ਹੈ।

 

Leave a Reply

Your email address will not be published. Required fields are marked *