ਇੱਕ ਜ਼ਿੰਦਾ-ਦਿਲ ਇਨਸਾਨ ਦਾ ਮਾਫ਼ੀਨਾਮਾ-
ਦੋਸਤੋ, ਕੁਝ ਕਿਤਾਬਾਂ ਸਿਰਫ਼ ਸਫ਼ੇਦ ਵਰਕਿਆਂ ‘ਤੇ ਉੱਕਰੇ ਕਾਲੇ ਅੱਖਰ ਨਹੀਂ ਹੁੰਦੀਆਂ, ਬਲਕਿ, ਮਨ ਦੇ ਅਹਿਸਾਸ ਅਤੇ ਦਿਲ ਦੇ ਜਜ਼ਬਾਤਾਂ ਦੀ ਦਾਸਤਾਨ ਹੁੰਦੀਆਂ ਹਨ। ਪੰਜਾਬੀ ਸਾਹਿਤ ਜਗਤ ਦੀ ਜਾਣੀ ਪਛਾਣੀ ਸ਼ਖ਼ਸੀਅਤ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵੀਂ ਪੁਸਤਕ “ਬੱਚਿਓ ! ਸਾਨੂੰ ਮਾਫ਼ ਕਰਨਾ” ਵੀ ਇੱਕ ਅਜਿਹੀ ਮਾਰਮਿਕ ਰਚਨਾ ਹੈ ਜਿਸ ਨੂੰ ਪੜ੍ਹਦਿਆਂ ਉਨ੍ਹਾਂ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ ਅਤੇ ਬੇਬਾਕ ਮਨ ਦੇ ਵਿਲੱਖਣ ਅੰਦਾਜ਼ ਦੀ ਝਲਕ ਪੈਂਦੀ ਹੈ!
ਵਾਰਤਕ ਦੇ ਬਾਦਸ਼ਾਹ ਗੁਰਬਖ਼ਸ਼ ਸਿੰਘ ਭੰਡਾਲ…
ਜਦੋਂ ਕਦੇ ਵੀ ਕਿਸੇ ਸਿਰਮੌਰ ਲੇਖਕ ਬਾਰੇ ਕੁੱਝ ਸਾਂਝਾ ਕਰਨਾ ਪਵੇ ਤਾਂ ਮੇਰੇ ‘ਪਾਠਕ ਮਨ’ ਨੂੰ ਧੁੜਕੂ ਜਿਹਾ ਲੱਗ ਜਾਂਦਾ ਹੈ, ਇਹ ਸੋਚਦਿਆਂ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਿਵੇਂ ਹੋਵੇਗਾ? ਲੇਖਕ ਦੇ ਨਾਲ ਨਾਲ ਜੇਕਰ ਉਹ ਬਹੁਪੱਖੀ ਸ਼ਖ਼ਸੀਅਤ ਇੱਕ ਨਿਊਕਲੀਅਰ ਸਾਇੰਸਦਾਨ, ਅਧਿਆਪਕ ਅਤੇ ਚੰਗਾ ਇਨਸਾਨ ਵੀ ਹੋਵੇ ਤਾਂ ਇਹ ਕਾਰਜ ਕੁਛ ਹੋਰ ਕਠਿਨ ਬਣ ਜਾਂਦਾ ਹੈ।
ਵਿਭਿੰਨ ਵਿਸ਼ਿਆਂ ਅਤੇ ਵਿਭਿੰਨ ਰੰਗਾਂ-ਰਸਾਂ ਵਾਲੀਆਂ 26 ਮਿਆਰੀ ਪੁਸਤਕਾਂ ਦੇ ਸਿਰਜਣਹਾਰ, ਪੰਜਾਬੀ ਸਾਹਿਤ ਦੇ ਧਰੂ-ਤਾਰੇ, ਬਹੁਪੱਖੀ ਤੇ ਬਹੁਰੰਗੀ ਪ੍ਰਤਿਭਾ ਵਾਲੇ ਲੇਖਕ ਗੁਰਬਖ਼ਸ਼ ਸਿੰਘ ਭੰਡਾਲ ਬਹੁਤੀ ਰਸਮੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ!
“ਹਾਉਕੇ ਦੀ ਜੂਨ” ਕਾਵਿ ਸੰਗ੍ਰਹਿ ਨਾਲ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਤੇ ‘ਪੰਜਾਬੀ ਵਾਰਤਕ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਏਸ ‘ਮੰਡ ਦੇ ਮੋਤੀ’ ਦੀ ਵਿਦਵਤਾ ਅਤੇ ਸਾਹਿਤਕ ਦੇਣ ਬਾਰੇ ਸੁਹਿਰਦ ਪਾਠਕ ਭਲੀ ਭਾਂਤ ਜਾਣਦੇ ਹਨ। ਕਵਿਤਾ ਅਤੇ ਵਾਰਤਕ ਸਿਰਜਣਾ ਤੋਂ ਇਲਾਵਾ ਬਹੁਤ ਦਿਲਚਸਪ ਸਫ਼ਰਨਾਮਿਆਂ ਨਾਲ ਪਾਠਕਾਂ ਨੂੰ ਦੂਰ-ਦੁਰਾਡੇ ਦੀ ਸੈਰ ਵੀ ਕਰਾ ਚੁੱਕੇ ਹਨ।
“ਬੱਚਿਓ ! ਸਾਨੂੰ ਮਾਫ਼ ਕਰਨਾ”, … ਇੱਕ ਜ਼ਿੰਦਾ-ਦਿਲ ਇਨਸਾਨ ਦਾ ਮਾਫ਼ੀਨਾਮਾ!
ਭਾਵੇਂ ਮਾਫ਼ੀ ਅਤੇ ਮਾਫ਼ੀਨਾਮੇ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਮਹੱਤਵਪੂਰਣ ਰੋਲ ਹੈ, ਪਰ ਬਹੁਤੇ ਇਨਸਾਨਾਂ ਲਈ ਇਹ ਇੱਕ ਚੁਣੌਤੀ ਅਤੇ ਸੰਘਰਸ਼ ਭਰਪੂਰ ਕਾਰਜ ਵੀ ਹੈ। ਹਾਲਾਂ ਕਿ, ਮਨੁੱਖ ਨੂੰ ਗਲਤੀ ਦਾ ਪੁਤਲਾ ਮੰਨਿਆ ਗਿਆ ਹੈ, ਪਰ ਉਹੀ ਮਨੁੱਖ ਅਕਸਰ ਗਲਤੀ ਕਰਕੇ ਜਾਂ ਗਲਤ ਹੁੰਦਿਆਂ ਵੀ ਮਾਫ਼ੀ ਮੰਗਣ ਨੂੰ ਆਪਣੀ ਹੇਠੀ ਸਮਝਦਾ ਹੈ। ਉਸ ਦੇ ਅੰਦਰਲੀ “ਮੈਂ” ਦੀ ਭਾਵਨਾ ਬਾਹਰ ਆ ਕੇ ਐਨ ਵਿਚਕਾਰ ਅੜ ਜਾਂਦੀ ਹੈ। ਹੰਕਾਰ ਨਾਲ ਭਰਿਆ ਮਨ ਸੱਚਾਈ ਨੂੰ ਸਵੀਕਾਰ ਨਹੀਂ ਕਰਦਾ ਤੇ ਗੱਲ ਮੁੱਕਦੀ ਨਹੀਂ ਹੈ। ਬਾਬਾ ਬੁੱਲੇ ਸ਼ਾਹ ਤਾਂ ਚਿਰ ਪਹਿਲਾਂ ਕਹਿ ਗਿਆ…
ਬੁੱਲੇ ਸ਼ਾਹ ਗੱਲ ਤਾਹੀਓ ਮੁੱਕਦੀ
ਜਦੋਂ ਮੈਂ ਨੂੰ ਦਿਲੋਂ ਗਵਾਈਏ
ਮਾਫ਼ੀ ਮੰਗਣਾ ਕੋਈ ਸ਼ਰਮਿੰਦਗੀ ਜਾਂ ਨਿਰਾਦਰੀ ਵਾਲਾ ਕਾਰਜ ਨਹੀਂ, ਬਲਕਿ, ਮਾਫ਼ੀ ਮੰਗਣ ਵਾਲੇ ਅਤੇ ਮਾਫ਼ ਕਰਨ ਵਾਲੇ ਤਾਂ ਆਮ ਇਨਸਾਨ ਤੋਂ ਖਾਸ ਬਣ ਜਾਂਦੇ ਹਨ, … ਜਿਸ ਨਾਲ ਕਈ ਉਲਝੇ ਹੋਏ ਮਸਲੇ ਸੁਲਝ ਜਾਂਦੇ ਨੇ!
ਚਾਰ-ਚੁਫੇਰੇ ਨਜ਼ਰ ਮਾਰਦਿਆਂ ਹਕੀਕਤ ਨਜ਼ਰੀਂ ਪੈਂਦੀ ਹੈ ਕਿ ਅਜੋਕਾ ਮਨੁੱਖ ਆਪਣੀਆਂ ਖ਼ੁਦਗ਼ਰਜ਼ੀਆਂ ਕਾਰਨ ਅਗਲੀਆਂ ਨਸਲਾਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ ਅਤੇ ਸ਼ਰੇਆਮ ਤਬਾਹੀਆਂ ਮਚਾ ਵੀ ਰਿਹਾ ਹੈ। ਡਾ. ਗੁਰਬਖ਼ਸ਼ ਭੰਡਾਲ ਨੇ ਇਹ ਮਾਫ਼ੀਨਾਮਾ ਛੋਟੇ ਬੱਚਿਆਂ ਦੇ ਨਾਮ ਕੀਤਾ ਹੈ ਜੋ ਸਾਡਾ ਆਉਣ ਵਾਲਾ ਕੱਲ੍ਹ ਹਨ।
ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ “ਡਾਕਟਰ ਮਾਂ” ਇੱਕ ਕੋਮਲ ਅਤੇ ਸੰਵੇਦਨਸ਼ੀਲ ਕਾਵਿ-ਮਨ ਦੀ ਰੂਹ ਵਿੱਚੋਂ ਜਨਮ ਲੈਂਦੀ ਹੈ। ਇੱਕ ਨੰਨ੍ਹੀ ਬੱਚੀ ਦੇ ਮਨ ਵਿਚਲੇ ਅਹਿਸਾਸਾਂ ਨੂੰ ਸ਼ਬਦੀ ਰੂਪ ਵਿੱਚ ਪਾਠਕਾਂ ਸਾਹਵੇਂ ਕਰਦਿਆਂ…
ਫਿਰ
ਬੱਚੀ ਨੇ ਯੱਕਦਮ
ਖਿਡੌਣਾ ਸਟੈਥੋਸਕੋਪ ਲਿਆ
ਮਾਂ ਨੂੰ ਚੈੱਕ ਕੀਤਾ
ਤੇ ਕਹਿਣ ਲੱਗੀ
“ਸੱਭ ਠੀਕ ਹੈ ।”
ਖ਼ਾਬਾਂ, ਉਮੀਦਾਂ, ਸੱਧਰਾਂ, ਆਸਾਂ ਅਤੇ ਅਰਦਾਸਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਹੈ। ਸੁਪਨਸਾਜ਼ ਆਪਣੇ ਖ਼ਾਬਾਂ ਦੇ ਕੈਨਵਸ ਵਿੱਚ ਰੂਹ ਨਾਲ ਰੰਗ ਭਰਦਾ ਹੈ। ਕੁਝ ਖ਼ਾਬ ਸਮੁੰਦਰ ਵਾਂਗ ਬੇਪ੍ਰਵਾਹ ਤੇ ਵਸੀਹ। ਕੁਝ ਰਮਣੀਕ ਹਵਾਵਾਂ ਵਰਗੇ। ਕਦੇ-ਕਦੇ ਇਨਸਾਨ ਜਾਗਦਿਆਂ ਵੀ ਅਲੌਕਿਕ ਚਮਤਕਾਰ ਦੇਖ ਲੈਂਦਾ ਹੈ। ਡਾ. ਗੁਰਬਖ਼ਸ਼ ਭੰਡਾਲ ਦੀ ਛਾਤੀ ਉਪਰ ਸੌਂ ਰਹੀ ਛੋਟੀ ਬੱਚੀ ਦੀ ਘੂਕ ਨੀਂਦਰ ਦੌਰਾਨ ਉਸ ਦੇ ਮਨ ਅੰਦਰ ਬਚਪਨੀ ਤਲਿਸਮ ਬਣਦਾ ਹੈ। ਬੱਚੀ ਦੀ ਅੱਖ ਖੁੱਲ੍ਹਦਿਆਂ ਹੀ ਟੁੱਟ ਜਾਂਦਾ ਹੈ, ਜਿਸ ਨੂੰ ਉਸ ਨੇ “ਤਲਿਸਮ” ਕਵਿਤਾ ਦੇ ਰੰਗ ਵਿੱਚ ਰੰਗਿਆ ਹੈ…
ਬੱਚੀ ਨੂੰ ਸੁੱਤਿਆਂ ਦੇਖ
ਮੇਰਾ ਬਚਪਨਾ ਪਰਤਿਆ
ਜਾਪਿਆ ਮੈਂ ਬਾਪ ਦੀ ਗੋਦ ‘ਚ
ਨੀਂਦ ਦੇ ਹਿਲੋਰੇ ਮਾਣ ਰਿਹਾ ਹੋਵਾਂ ।
ਬੱਚੀ ਜਾਗ ਪੈਂਦੀ ਹੈ
ਮੇਰਾ ਬਚਪਨੀ ਤਲਿਸਮ ਟੁੱਟ ਜਾਂਦਾ ਹੈ
ਤੇ ਮੈਂ ਬਜ਼ੁਰਗ ਬਣ ਜਾਂਦਾ ਹਾਂ ।
“ਘਰ ਤੇ ਬੱਚੀ” ਰਚਨਾ ਵਿੱਚ ਗੁਰਬਖ਼ਸ਼ ਭੰਡਾਲ ਹੱਸਦੇ ਵੱਸਦੇ ਘਰਾਂ ਅੰਦਰ ਬੱਚਿਆਂ ਦੀ ਚਹਿਲ-ਪਹਿਲ, ਸੁਭਾਗ ਅਤੇ ਅਹਿਮੀਅਤ ਨੂੰ ਪਾਠਕਾਂ ਦੇ ਰੂਬਰੂ ਕਰਦੇ ਹਨ।
ਨਿੱਕੀ ਬੱਚੀ ਘਰ ਆਉਂਦੀ
ਗਮਲਿਆਂ ਦੇ ਬੂਟਿਆਂ ਨੂੰ ਪਾਣੀ ਪਾਉਂਦੀ
ਪੱਤਿਆਂ ਨੂੰ ਪਲੋਸਦੀ
ਤੇ ਬੂਟਿਆਂ ਨਾਲ ਗੱਲਾਂ ਕਰਦੀ…
ਸੱਚੀ !
ਬੱਚੀ ਦੀ ਹਾਜ਼ਰੀ ਵਿੱਚ
ਘਰ,
ਬੱਚਾ ਬਣ ਜਾਂਦਾ
ਅਤੇ ਬੱਚੀ,
ਘਰ ਬਣ ਜਾਂਦੀ ।
ਅਸੀਂ ਅਕਸਰ ਸੁਣਦੇ ਹਾਂ ਜਾਂ ਫਿਰ ਕਹਿ ਦਿੰਦੇ ਹਾਂ ਕਿ ਕੁੜੀਆਂ ਦਾ ਨਾ ਪੇਕਾ ਤੇ ਨਾ ਹੀ ਸਹੁਰਾ ਘਰ ਆਪਣਾ ਬਣਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਪੇਕਿਆਂ ਅਤੇ ਸਹੁਰਿਆਂ ਦੇ ਬੇਜਾਨ ‘ਮਕਾਨ’ ਸਿਰਫ਼ ਕੁੜੀਆਂ ਕਰਕੇ ਹੀ ਹੱਸਦੇ-ਵੱਸਦੇ ‘ਘਰ’ ਬਣੇ ਰਹਿੰਦੇ ਹਨ। ਗੁਰਬਖ਼ਸ਼ ਭੰਡਾਲ ਦੀ ਖ਼ੂਬਸੂਰਤ ਰਚਨਾ “ਧੀਆਂ ਪੇਕੇ ਆਉਂਦੀਆਂ” ਨੂੰ ਪੜ੍ਹਦਿਆਂ ਅਤੇ ਮਾਣਦਿਆਂ ਵੀ ਇੰਜ ਮਹਿਸੂਸ ਹੁੰਦਾ ਹੈ।
ਕਦੇ ਕਦਾਈਂ
ਚਾਈਂ ਚਾਈਂ
ਧੀਆਂ ਦਾ ਆਉਣਾ
ਘਰ ਨੂੰ ਬਹੁਤ ਚੰਗਾ ਲੱਗਦਾ ।
ਸੱਚੀਂ !
ਧੀਆਂ ਪੇਕੇ ਆਉਂਦੀਆਂ
ਤਾਂ ਸੁੰਨੇ ਘਰ ਨੂੰ ਧੜਕਣ ਲਾਉਂਦੀਆਂ ।
ਮਿੱਟੀ, ਪੌਣ, ਪਾਣੀ, ਬੱਦਲ, ਬਨਸਪਤੀ ਅਤੇ ਚਾਨਣ ਦੀਆਂ ਰਿਸ਼ਮਾਂ ਦਾ ਮਨੁੱਖ ਦੇ ਜੀਵਨ ਨਾਲ ਅਨਿੱਖੜਵਾਂ ਸਬੰਧ ਹੈ। ਅਜੋਕਾ ਮਨੁੱਖ ਆਪਣੇ ਮੂਲੁ ਆਧਾਰ ਨੂੰ ਵਿੱਸਰ ਕੇ ਭਟਕਦਾ ਫਿਰਦਾ ਹੈ। ਖ਼ੁਦ ਨੂੰ ਖ਼ੁਦ ਹੀ ਤਬਾਹ ਕਰਨ ‘ਤੇ ਤੁਲਿਆ ਹੋਇਆ ਹੈ। “ਆਪਣਾ ਮੂਲੁ ਪਛਾਣੁ” ਕਵਿਤਾ ਵਿੱਚ ਭੰਡਾਲ ਜੀ ਦਾ ਮਨ ਆਪਣੇ ਆਧਾਰ ਨੂੰ ਪਛਾਣਨ ਲਈ ਅੰਤਰੀਵ ‘ਚ ਝਾਕਣ ਦੀ ਤਾਕੀਦ ਗੁਰਬਾਣੀ ਦੀਆਂ ਲਾਈਨਾਂ ਨਾਲ ਕਰਦੇ ਨੇ…
ਮੈਂ ਅੰਦਰ ਨੂੰ ਮੁੜਿਆ
ਤੇ ਹੈਰਾਨ ਰਹਿ ਗਿਆ
ਮੇਰੇ ਅੰਤਰੀਵ ‘ਚ
“ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣ ।”
ਸ਼ਬਦ ਗੂੰਜ ਰਿਹਾ ਸੀ ।
“ਭੇਤ” ਵੀ ਅਜਿਹੇ ਰੰਗਾਂ ਰੂਪਾਂ ਅਤੇ ਰਸਾਂ ਵਾਲੀ ਦਾਰਸ਼ਨਿਕ ਰਚਨਾ ਹੈ।
ਕਵੀ ਆਪਣੇ ਆਲੇ-ਦੁਆਲੇ ਅਤੇ ਕਾਇਨਾਤ ਨੂੰ ਅਲੱਗ ਨਜ਼ਰੀਏ ਨਾਲ ਦੇਖਦਿਆਂ ਵਿਲੱਖਣ ਅਹਿਸਾਸਾਂ ਅਤੇ ਅਨੁਭਵਾਂ ਨੂੰ ਆਪਣੇ ਕਾਵਿ-ਮਨ ਵਿੱਚ ਉਤਾਰ ਲੈਂਦਾ ਹੈ। ਫੇਰ ਉਹੀ ਅਨੁਭਵ ਲਫਜ਼ਾਂ ਵਿੱਚ ਪਰੋ ਕੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਡਾ. ਭੰਡਾਲ ਆਪਣੀ ਬਾਕਮਾਲ ਰਚਨਾ “ਪੱਤੇ ਕਵਿਤਾ ਲਿਖਦੇ ਨੇ” ਵਿੱਚ ਪੱਤੇ ਦੇ ਜੀਵਨ-ਸਫ਼ਰ ਦੀ ਗੱਲ ਕਰਦੇ ਨੇ। ਬਿਰਖ ਦੀਆਂ ਟਾਹਣੀਆਂ ‘ਤੇ ਪੁੰਗਰਨ ਤੋਂ ਲੈ ਕੇ ਪਤਝੜ ਵਿੱਚ ਲਾਲ-ਪੀਲ਼ੇ ਰੰਗਾਂ ਨਾਲ ਜ਼ਮੀਨ ‘ਤੇ ਕਿਰਦਿਆਂ, ਹਵਾ ਸੰਗ ਉਡਦਿਆਂ ਤੇ ਆਖ਼ਰ ਮਿੱਟੀ ਦੇ ਹੀ ਹੁੰਦਿਆਂ…
ਪੱਤੇ ਤਾਂ ਕਵਿਤਾ ਸਿਰਜਦੇ
ਰੰਗਾਂ ਦੀ ਚਾਦਰ ਵਿਛਾਉਂਦਿਆਂ,
ਮਹਿਫ਼ਲ ਸਜਾਉਂਦਿਆਂ,
ਬੀਤੇ ਦੇ ਸੋਹਲੇ ਗਾਉਂਦਿਆਂ,
ਤੇ ਮੌਤ ਦੇ ਜਸ਼ਨ ਮਨਾਉਂਦਿਆਂ ।
ਪਰਦੇਸ ਦੀ ਤ੍ਰਾਸਦੀ ਅਤੇ ਦੂਹਰੀ ਜ਼ਿੰਦਗੀ ਦੇ ਸੰਤਾਪ ਨੂੰ ਇੱਕ ਪਰਦੇਸੀ ਤੋਂ ਜ਼ਿਆਦਾ ਹੋਰ ਕੌਣ ਜਾਣੇ? ਬਾਸ਼ਿੰਦਿਆਂ ਤੋਂ ਵਿਹੂਣੇ ਹੱਸਦੇ ਵੱਸਦੇ ਘਰ ਖੋਲ਼ੇ ਬਣਦਿਆਂ ਭੁਰ-ਭੁਰ ਮਿੱਟੀ ਦਾ ਢੇਰ ਬਣ ਜਾਂਦੇ ਹਨ। ਉਦਾਸ ਪਏ ਬੰਦ ਦਰਵਾਜ਼ੇ ਅਤੇ ਜੰਗਾਲ਼ ਨਾਲ ਖਾਧੇ ਜਿੰਦਰੇ ਸੁੰਨੀਆਂ ਗਲੀਆਂ ਨਾਲ ਸਵੇਰ ਸ਼ਾਮ ਸੁਆਲ ਕਰਦੇ ਹਨ ਕਿ ਖੱਟਣ ਕਮਾਉਣ ਗਏ ਪਰਦੇਸੀ ਆਖ਼ਰ ਕਦੋਂ ਮੁੜਨਗੇ? ਖੁਸ਼ੀਆਂ ਅਤੇ ਚਾਵਾਂ ਦੀ ਰੁੱਤ ਕਦੋਂ ਮੁੜੇਗੀ? ਕਦੇ ਮੁੜੇਗੀ ਵੀ ਕਿ ਨਹੀਂ? ਡਾ. ਭੰਡਾਲ ਦਾ ਪਰਦੇਸੀ ਮਨ “ਅੱਧਜਲੀ ਮੋਮਬੱਤੀ“ ਰਚਨਾ ਵਿੱਚ ਕਈ ਕੁਛ ਬੋਲ ਗਿਆ…
ਬੜੇ ਚਿਰ ਬਾਅਦ
ਮੈਂ ਆਪਣੇ ਵਤਨ ਪਰਤਿਆ ਹਾਂ…
ਬੰਨੇਰੇ ਤੇ ਇੱਕ ਅੱਧਜਲੀ ਮੋਮਬੱਤੀ
ਪਤਾ ਨਹੀਂ ਕਿੰਨੇ ਚਿਰ ਤੋਂ
ਨਿਆਮਤੀ ਹੱਥਾਂ ਨੂੰ ਉਡੀਕ ਰਹੀ ਹੈ
ਮੈਂ ਮੋਮਬੱਤੀ ਜਗਾਉਂਦਾ ਹਾਂ
ਰੋਸ਼ਨੀ ਨਾਲ ਭਰ ਜਾਂਦਾ ਹੈ ਬੰਨੇਰਾ ਤੇ ਵਿਹੜਾ
ਤੇ ਬੰਦ ਪਿਆ ਮਕਾਨ ਘਰ ਬਣ ਜਾਂਦਾ ਹੈ।
ਅਜਿਹੀਆਂ ਹੀ ਕਵਿਤਾਵਾਂ “ਮੈਂ ਪਿੰਡ ਤੋਂ ਪਰਤਿਆਂ” ਅਤੇ “ਦਸਤਕ” ਵਿੱਚ ਇੱਕ ਪ੍ਰਵਾਸੀ ਮਨ ਦੀ ਆਪਣੀ ਜਨਮ ਭੋਇੰ ਤੋਂ ਵਖਰੇਵੇਂ ਅਤੇ ਵਿਛੋੜੇ ਦੇ ਦਰਦ ਦੀ ਚੀਸ ਸੁਣਦੀ ਅਤੇ ਮਹਿਸੂਸ ਹੁੰਦੀ ਹੈ। ਵੰਡਾਂ ਅਤੇ ਉਜਾੜਿਆਂ ਦੇ ਫੱਟ ਕਦੋਂ ਮਿਟਦੇ ਨੇ? ਉਹ ਤਾਂ ਰਿਸਦੇ ਨੇ!
ਫਿਰਨੀ ਤਾਕ ਫੈਲੇ
ਇੱਟਾਂ ਪੱਥਰਾਂ ਦੇ ਜੰਗਲ ‘ਚ
ਕਿਧਰੇ ਨਜ਼ਰ ਨਾ ਆਇਆ
ਬੁੱਢੇ ਘਰ ਦਾ ਦਰਵਾਜ਼ਾ
ਅਤੇ
ਮੈਂ ‘ਬੇਘਰਾ’ ਜੇਹਾ ਹੋ
ਪਿੰਡ ਤੋਂ ਪਰਤ ਆਇਆ ਹਾਂ ।
ਦਸਤਕ…
ਬੰਦ ਦਰਾਂ ਨੇ
ਪ੍ਰਦੇਸੀ ਪੁੱਤ ਦੀ ਪੈੜ-ਚਾਲ ਸੁਣੀ
ਕੰਧਾਂ ਤੇ ਕਮਰੇ
ਜਿਉਂਦੇ ਹੋ ਗਏ ।
ਮੈਂ
ਪਹਿਲੀ ਵਾਰ
ਵਾਹਗੇ ਦੀ ਲੀਕ ਟੱਪਿਆ
ਪੁਰਖ਼ਿਆਂ ਦੀ ਧਰਤੀ
ਪੈਰਾਂ ਨੂੰ ਚਿੰਬੜ ਗਈ ।
ਮਨੁੱਖੀ ਤਾਣੇ-ਬਾਣੇ ਦੀਆਂ ਵਿਭਿੰਨ ਤੰਦਾਂ ਵਿੱਚੋਂ ‘ਦੋਸਤੀ’ ਇੱਕ ਅਜਿਹਾ ਪਵਿੱਤਰ ਅਤੇ ਖੂਬਸੂਰਤ ਬੰਧਨ ਹੈ ਜੋ ਆਪਸੀ ਪਿਆਰ, ਭਰੋਸੇ ਅਤੇ ਸੱਚਾਈ ਉੱਤੇ ਟਿਕਿਆ ਹੁੰਦਾ ਹੈ। ਦੋਸਤੀ ਮੋਹ-ਮੁਹੱਬਤਾਂ ਦੀਆਂ ਪੀਡੀਆਂ ਗੰਢਾਂ ਨਾਲ ਗੰਢੀ ਹੁੰਦੀ ਹੈ। ਦੋਸਤ ਸੁੱਖ-ਦੁੱਖ ਵਿੱਚ ਸਾਥ ਦਿੰਦੇ ਅਤੇ ਆਪਣੇ ਢਿੱਡ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਉਦਾਸ ਪਲਾਂ ਵਿੱਚੋਂ ਉਪਜੀ “ਤਸਵੀਰ” ਕਵਿਤਾ ਦੇ ਸ਼ਬਦ ਗੁਰਬਖ਼ਸ਼ ਭੰਡਾਲ ਦੇ ਦੋਸਤੀ ਪ੍ਰਤੀ ਅਨੁਭਵਾਂ ਦਾ ਆਪ ਮੁਹਾਰਾ ਪ੍ਰਵਾਹ ਹੈ। ਜਿਉਂਦੇ ਜਾਗਦੇ ਅਜ਼ੀਜ਼ ਦੋਸਤ ਦਾ ਇੱਕ ਦਿਨ ਤਸਵੀਰ ਬਣ ਜਾਣਾ ਰੂਹ ਨੂੰ ਧੂਹ ਤਾਂ ਪਾਏਗਾ ਹੀ!
ਤਸਵੀਰ
ਇਹ ਅਕਸਰ ਹੀ
ਮੇਰੀਆਂ ਯਾਦਾਂ ਵਿੱਚ ਉਤਰੇਗੀ
ਮੈਨੂੰ ਬਹੁਤ ਰੁਆਵੇਗੀ
ਅਤੇ ਬੀਤੇ ਨੂੰ ਮੋੜ ਲਿਆਣ ਲਈ ਤਰਲੇ ਪਾਵੇਗੀ ।
ਪੁਸਤਕ ਦੇ ਸਿਰਲੇਖ ਵਾਲੀ ਕਵਿਤਾ, “ਬੱਚਿਓ ! ਸਾਨੂੰ ਮੁਆਫ਼ ਕਰਨਾ” ਬਹੁਤ ਗਹਿਰੇ ਅਨੁਭਵਾਂ ਤੇ ਅਹਿਸਾਸਾਂ ਨੂੰ ਪ੍ਰਗਟਾਉਂਦੀ ਸਿਰਜਣਾ ਹੈ। ਮਹਿਜ਼ ਇੱਕ ਕਵਿਤਾ ਹੀ ਨਹੀਂ, ਬਲਕਿ, ਏਸ ਬੰਬਾਰੀਆਂ, ਤਬਾਹੀਆਂ ਅਤੇ ਮਨੁੱਖਤਾ ਦੇ ਘਾਣ ਨਾਲ ਝੰਬੇ ਅਤੇ ਉਦਾਸ ਯੁੱਗ ਦੀ ਤ੍ਰਾਸਦੀ ਦਾ ਦਸਤਾਵੇਜ਼ ਹੈ। ਸੰਵੇਦਨਸ਼ੀਲ ਮਨ ਵਿੱਚੋਂ ਉਪਜਿਆ ਮੁਆਫ਼ੀਨਾਮਾ ਹੈ! ਦੁਨੀਆ ਦੇ ਹਰੇਕ ਕੋਨੇ ਵਿੱਚ ਜੰਗਾਂ ਕਾਰਨ ਕਿਤਨੀਆਂ ਬੇਕਸੂਰ ਜਾਨਾਂ ਇਸ ਜਹਾਨ ਤੋਂ ਅਜਾਈਂ ਤੁਰ ਰਹੀਆਂ ਹਨ। ਨੈਣਾਂ ਵਿੱਚੋਂ ਨਾ-ਵਗਣ ਵਾਲੇ ਅੱਥਰੂ ਅੰਦਰੋਂ-ਅੰਦਰੀਂ ਮਨੁੱਖ ਅਤੇ ਮਨੁੱਖਤਾ ਨੂੰ ਤਬਾਹ ਕਰ ਰਹੇ ਹਨ…
ਬੱਚਿਓ ! ਸਾਨੂੰ ਮੁਆਫ਼ ਕਰਨਾ
ਘਰਾਂ ਵਿੱਚ ਉੱਗੀਆਂ ਕਬਰਾਂ ਫਰੋਲਦੇ
ਬੇਬਸ, ਮਸੂਮ, ਤੇ ਯਤੀਮ ਬੱਚਿਓ
ਸਾਨੂੰ ਵੱਡਿਆਂ ਨੂੰ ਮੁਆਫ਼ ਕਰਨਾ
ਅਸੀਂ ਤੁਹਾਡੇ ਬਚਾਅ ਲਈ ਕੁਝ ਨਹੀਂ ਕਰ ਸਕੇ ।
“ਬੱਚੀ ਜਦ ਸਕੂਲੋਂ ਨਹੀਂ ਪਰਤਦੀ” ਵੀ ਡੂੰਘੇ ਅਤੇ ਜੜ੍ਹਾਂ ਵਾਲੇ ਰਿਸਦੇ ਜ਼ਖ਼ਮਾਂ ਦੀ ਉਦਾਸੀ ਭਰੀ ਦਾਸਤਾਨ ਹੈ…
ਬੱਚੀ ਦਾ ਸਕੂਲੋਂ ਨਾ ਪਰਤਣਾ
ਘਰ ਨੂੰ ਸੂਲ਼ੀ ‘ਤੇ ਟੰਗਦਾ
ਤਿੱਲ ਤਿੱਲ ਮਰਦੀ ਮਾਂ
ਹੱਥ ਜੋੜ ਕੇ ਕਹਿੰਦੀ,
“ਐ ਖ਼ੁਦਾ !
ਬੰਬਾਂ ਦੀ ਬਰਸਾਤੀਂ
ਮੇਰੀ ਧੀ ਲਈ ਛੱਤਰੀ ਬਣੀਂ…
ਇਸ ਕਾਵਿ ਸੰਗ੍ਰਹਿ ਦੀਆਂ ਆਖਰੀ ਤਿੰਨ ਕਵਿਤਾਵਾਂ, “ਮਿਲ ਜਾ ਸੱਜਣ”, “ਲਾਸ਼ਾਂ” ਅਤੇ “ਕਵਿਤਾ ਦਾ ਹਰਫ਼ਨਾਮਾ” ਲੰਮੀਆਂ ਕਵਿਤਾਵਾਂ ਹਨ ਜਿਨ੍ਹਾਂ ਦੇ ਅੰਤਰੀਵ ਅੰਦਰ ਖ਼ੂਬਸੂਰਤ ਅਤੇ ਭਾਵਪੂਰਤ ਸੁਨੇਹੇ ਹਨ। ਪਾਠਕਾਂ ਨਾਲ ਕੁੱਝ ਲਾਈਨਾਂ ਸਾਂਝੀਆਂ ਕਰਦੇ ਹਾਂ…
ਮਿਲ ਜਾ ਸੱਜਣ…
ਦੋਸਤਾ
ਕਦੇ ਤਾਂ ਮਿਲ ਜਾ
ਕਿਧਰੇ ਦੇਰ ਨਾ ਹੋ ਜਾਵੇ
ਮੈਂ ਦਰਾਂ ਤੇ ਤੇਰੀ ਦਸਤਕ ਨੂੰ ਉਡੀਕਦਾ ਹਾਂ
ਮੇਰੇ ਜਾਣ ਤੋਂ ਬਾਅਦ
ਬੰਦ ਦਰਾਂ ਨੇ ਤੈਨੂੰ ਹੁੰਗਾਰਾ ਨਹੀਂ ਭਰਨਾ ।
ਮਿਲਾਂਗੇ ਸੱਜਣ
ਜਿਵੇਂ
ਸਰੀਰ ਨੂੰ ਸਾਹ
ਮੰਜ਼ਲਾਂ ਨੂੰ ਰਾਹ
ਅੱਖਰਾਂ ਵਿੱਚ ਸ਼ਬਦ
ਸ਼ਬਦਾਂ ਵਿੱਚ ਅਰਥ
ਅਤੇ ਅਰਥਾਂ ਵਿੱਚ ਲੋਅ ।
ਲਾਸ਼ਾਂ…
ਸਿਰਫ਼ ਉਹ ਨਹੀਂ ਹੁੰਦੀਆਂ
ਜੋ ਸਿਵਿਆਂ ‘ਚ ਸੜਦੀਆਂ
ਕਬਰਾਂ ‘ਚ ਦਫ਼ਨਾਈਆਂ ਜਾਂਦੀਆਂ
ਜਾਂ ਦਰਿਆਵਾਂ ‘ਚ ਰੋੜ੍ਹੀਆਂ ਜਾਂਦੀਆਂ
ਸਗੋਂ
ਅਸੀਂ ਸਾਰੇ ਤੁਰਦੀਆਂ ਫਿਰਦੀਆਂ ਲਾਸ਼ਾਂ
ਜੋ ਮਰ ਚੁੱਕੇ ਭਾਵਾਂ ਦੀ ਅਰਥੀ ਚੁੱਕੀ
ਆਪਣਾ ਮਰਸੀਆ ਅਲਾਹੁੰਦੇ
ਕਬਰਾਂ ਮੱਲਣ ਲਈ ਕਾਹਲੇ ।
ਲਾਸ਼ਾਂ ਦੀ ਰੁੱਤ
ਵਿਹੜਿਆਂ ਵਿਚ ਉੱਤਰ ਆਈ ਹੈ
ਚੌਗਿਰਦੇ ਵਿਚ ਛਹਿ ਗਈ ਏ ਚੁੱਪ
ਅੱਖਾਂ ‘ਚ ਉਗਦੀਆਂ ਨੇ ਅਰਥੀਆਂ
ਸ਼ਬਦਾਂ ਵਿੱਚ ਬਲਦੇ ਨੇ ਸਿਵੇ
ਵਾਕਾਂ ਵਿੱਚ ਨੇ ਵੈਣ ਤੇ ਕੀਰਨੇ
ਕਿਤਾਬਾਂ ‘ਚ ਉਗਦੀਆਂ ਨੇ ਕਬਰਾਂ
ਅਤੇ ਆਲੇ-ਦੁਆਲੇ ਲਾਸ਼ਾਂ ਹੀ ਲਾਸ਼ਾਂ ।
‘ਕਵਿਤਾ’ ਕੀ ਹੈ?
ਇਹ ਸਵਾਲ ਅਕਸਰ ਪੁੱਛਿਆ, ਦੱਸਿਆ ਅਤੇ ਕਵੀਆਂ ਵੱਲੋਂ ਸਮਝਾਇਆ ਵੀ ਜਾਂਦਾ ਹੈ। ਕਦੇ-ਕਦੇ ਖੱਲ੍ਹੀ ਜਾਂ ਛੰਦ-ਬੱਧ ਵਾਲੀ ਕਵਿਤਾ ਦਾ ਭੰਬਲਭੂਸਾ ਵੀ ਪਾਇਆ ਜਾਂਦਾ ਹੈ। ਅਜਿਹੇ ਵਿਸ਼ੇ ਨੂੰ ਸਮਰਪਿਤ “ਕਵਿਤਾ ਦਾ ਹਰਫ਼ਨਾਮਾ” ਅੰਦਰ ਕਵਿਤਾ ਦੀ ਪਰਿਭਾਸ਼ਾ ਨੂੰ ਸੁਹਜ ਅਤੇ ਵਿਲੱਖਣ ਰੰਗ ਵਿੱਚ ਰੰਗਿਆ ਹੈ, ਗੁਰਬਖ਼ਸ਼ ਭੰਡਾਲ ਦੇ ਕਾਵਿ ਮਨ ਨੇ…। ਕਵਿਤਾ ਅੰਤਰੀਵ ‘ਚ ਸਮਾਏ ਨਜ਼ਰੀਏ ਦੀ ਗੱਲ ਕੀਤੀ ਹੈ। ਕਵਿਤਾ ਕੋਈ ਸ਼ਬਦਾਂ ਦਾ ਜਾਲ ਨਹੀਂ ਹੁੰਦੀ ਅਤੇ ਨਾ ਹੀ ਤੁਕਬੰਦੀ। ਕਵੀ ਦੇ ਕਵਿਤਾ ਨੂੰ ਜਿਉਣ ਦੀ ਬਾਤ ਪਾਈ ਹੈ। ਕਵੀ ਅਤੇ ਕਵਿਤਾ ਦੇ ਸੰਗਮ ਦੀ ਗੱਲ ਕੀਤੀ ਹੈ।
ਸੋਹਣਿਆਂ !
ਤੂੰ ਪੁੱਛਦੈਂ
ਕਵਿਤਾ ਕੀ ਏ ?
ਕਵਿਤਾ
ਨਾ ਹੀ ਸ਼ਬਦ-ਜਾਲ
ਨਾ ਹੀ ਕੋਈ ਭਰਮ-ਖਿਆਲ
ਇਹ ਤਾਂ ਸਰੋਕਾਰ, ਸੰਵੇਦਨਾ
ਹਰਫ਼ੀਂ ਬੈਠੀ ਸੁਹਜ-ਸੁਚੇਤਨਾ
ਅਹਿਸਾਸਾਂ ਦੀ ਬੀਹੀ ‘ਚ ਗੇੜੀ
ਸੁਪਨ, ਸੋਚ, ਸ਼ਬਦਾਂ ਦੀ ਬੇੜੀ ।
… ਜਦ ਵੀ ਮੈਂ
ਬਹੁਤ ਉਦਾਸ ਹੋਵਾਂ
ਹਤਾਸ਼ ਹੋਵਾਂ
ਨਿਰਾਸ਼ ਹੋਵਾਂ
ਬੇ-ਆਸ ਹੋਵਾਂ
ਤੇ ਜ਼ਿੰਦਾ ਲਾਸ਼ ਹੋਵਾਂ
ਤਾਂ
ਕਵਿਤਾ
ਮੈਨੂੰ ਪੁਚਕਾਰਦੀ
ਬਾਹਾਂ ‘ਚ ਲੈ ਦੁਲਾਰਦੀ
ਨਿਹਾਰਦੀ ਤੇ ਪਿਆਰਦੀ
ਬਲਾਵਾਂ ਉਤਾਰਦੀ…
ਡਾ. ਗੁਰਬਖ਼ਸ਼ ਭੰਡਾਲ ਨੇ ਇਸ ਕਾਵਿ ਸੰਗ੍ਰਹਿ ਨੂੰ ਖ਼ੂਬਸੂਰਤ ਸਤਰਾਂ ਨਾਲ ਨਿਰੰਤਰ ਚੱਲਦਿਆਂ ਰਹਿਣ ਦਿੱਤਾ ਹੈ… ‘ਉਸ ਕਵਿਤਾ ਦੇ ਨਾਮ ਜੋ ਅਜੇ ਉਨ੍ਹਾਂ ਲਿਖਣੀ ਹੈ’ ।
ਕਵਿਤਾ ਨੇ…
ਮੈਨੂੰ ਮੇਰਾ ਮੂਲ ਸਮਝਾਇਆ
ਜੀਵਨ-ਪਰਤਾਂ ਤੋਂ ਪਰਦਾ ਲਾਹਿਆ
ਮਰ ਕੇ ਜੀਣ ਦਾ ਮੰਤਰ ਪੜ੍ਹਾਇਆ
ਨਾਦੀ ਰਾਗ ਸੁਣਾਇਆ
ਤੇ ਮੈਨੂੰ ਖੁਦ ਦੇ ਲੜ ਲਾਇਆ ।
ਇਸ ਪੁਸਤਕ ਵਿੱਚ ਕਈ ਹੋਰ ਖ਼ੂਬਸੂਰਤ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਾਠਕ ਨੂੰ ਆਪਣੇ ਨਾਲ ਜੋੜੀ ਅਤੇ ਤੋਰੀ ਰੱਖਦੀਆਂ ਹਨ।
ਪਾਠਕ ਦੇ ਤੌਰ ਤੇ ਮੈਂ ਇਤਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਕਾਵਿ ਸੰਗ੍ਰਹਿ ਇੱਕ ਸੰਵੇਦਨਸ਼ੀਲ ਅਤੇ ਵਿਚਾਰਪੂਰਨ ਸਾਹਿਤਕ ਰਚਨਾ ਹੈ ਜੋ ਪਾਠਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕਰਦੀ ਹੈ। ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਸ ‘ਮਾਫ਼ੀਨਾਮੇ’ ਨੂੰ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਵੀ ਕਰਦਾ ਹਾਂ।
ਜ਼ਿੰਦਗੀ ਜ਼ਿੰਦਾਬਾਦ ।
ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ


