● ਗੱਲਾਂ ਨਹੀਂ ਹਕੀਕੀ ਕੰਮਾਂ ਨਾਲ ਸਾਬਤ ਕੀਤੀ ਸਮਰੱਥਾ-
* ਮਨਿੰਦਰ ਸਿੰਘ ਗਿੱਲ-
ਸਰੀ -ਆਮ ਬੋਲਚਾਲ ਵਿੱਚ “ਸਿਆਸਤਦਾਨ” ਅਤੇ “ਸਿਆਸੀ ਲੀਡਰ” ਸ਼ਬਦ ਅਕਸਰ ਇੱਕੋ ਅਰਥ ਵਿੱਚ ਵਰਤੇ ਜਾਂਦੇ ਹਨ। ਪਰ ਕੀ ਦੋਵਾਂ ਵਿਚਕਾਰ ਕੋਈ ਅੰਤਰ ਹੈ ? ਇੱਕ ਸਿਆਸਤਦਾਨ ਨੂੰ ਲੀਡਰ ਕਿਹੜੀ ਗੱਲ ਬਣਾਉਂਦੀ ਹੈ? ਉਹ ਕਿਹੜਾ ਪਲ ਹੁੰਦਾ ਹੈ ਜਦੋਂ ਇੱਕ ਸਿਆਸਤਦਾਨ ਫ਼ੈਸਲਾਕੁੰਨ ਕਦਮ ਚੁੱਕ ਕੇ ਇੱਕ ਯੋਗ ਲੀਡਰ ਵਜੋਂ ਉੱਭਰਦਾ ਹੈ?
ਮੇਰਾ ਮੰਨਣਾ ਹੈ ਕਿ ਇੱਕ ਲੀਡਰ ਨੂੰ ਸਿਰਫ਼ ਬੈਂਚ ਉੱਤੇ ਬੈਠੇ ਰਹਿਣ ਵਾਲੇ ਸਿਆਸਤਦਾਨ ਤੋਂ ਵੱਖ ਕਰਨ ਵਾਲੀ ਸਭ ਤੋਂ ਵੱਡੀ ਗੱਲ ਉਸ ਦਾ ਭਵਿੱਖ ਪ੍ਰਤੀ ਦ੍ਰਿਸ਼ਟੀਕੋਣ ਹੁੰਦਾ ਹੈ। ਇੱਕ ਲੀਡਰ ਕੋਲ ਆਪਣੇ ਲੋਕਾਂ ਅਤੇ ਸਮਾਜ ਨੂੰ ਬਿਹਤਰ ਭਵਿੱਖ ਵੱਲ ਲਿਜਾਣ ਦੀ ਸੋਚ ਹੋਣੀ ਚਾਹੀਦੀ ਹੈ। ਇਸ ਦ੍ਰਿਸ਼ਟੀ ਦੇ ਨਾਲ-ਨਾਲ ਉਸ ਵਿੱਚ ਸੋਚ ਨੂੰ ਹਕੀਕਤ ਵਿੱਚ ਬਦਲਣ ਦਾ ਦ੍ਰਿੜ੍ਹ ਇਰਾਦਾ ਵੀ ਹੋਣਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਿੰਮੇਵਾਰੀ ਸਵੀਕਾਰ ਕਰਨ ਦਾ ਨੈਤਿਕ ਹੌਸਲਾ ਹੀ ਇੱਕ ਸੱਚੇ ਲੀਡਰ ਨੂੰ ਇੱਕ ਆਮ ਸਿਆਸਤਦਾਨ ਤੋਂ ਵੱਖ ਕਰਦਾ ਹੈ।
ਕੈਨੇਡਾ ਵਾਸੀ ਇਸ ਪਤਝੜ ਰੁੱਤ ਵਿੱਚ ਆਪਣੀਆਂ ਸਥਾਨਕ ਸਰਕਾਰਾਂ ਦੀ ਚੋਣ ਕਰਨ ਜਾ ਰਹੇ ਹਨ। ਸਿਟੀ ਆਫ਼ ਸਰੀ ਦਾ ਸਿਆਸੀ ਮੈਦਾਨ ਬਹੁਤ ਸਰਗਰਮ ਹੈ ਅਤੇ ਛੇ ਸਿਆਸੀ ਸਲੇਟਾਂ ਚੋਣ ਮੈਦਾਨ ਵਿੱਚ ਹਨ। ਹਰੇਕ ਸਲੇਟ ਵੱਲੋਂ ਮੇਅਰ ਅਤੇ ਕੌਂਸਲਰ ਦੇ ਉਮੀਦਵਾਰ ਲੋਕਾਂ ਸਾਹਮਣੇ ਆਪਣਾ ਪੱਖ ਪੇਸ਼ ਕਰ ਰਹੇ ਹਨ। ਸਰੀ ਦੇ ਲੋਕ ਸਿਆਸਤਦਾਨਾਂ ਦੀ ਇਸ ਭੀੜ ਵਿੱਚੋਂ ਇੱਕ ਅਜਿਹੇ ਸੱਚੇ ਲੀਡਰ ਦੀ ਭਾਲ ਕਰ ਰਹੇ ਹਨ ਜੋ ਫੋਕੇ ਵਾਅਦੇ ਲਾਰਿਆਂ ਤੋਂ ਹਟਕੇ ਹਕੀਕੀ ਰੂਪ ਵਿੱਚ ਸ਼ਹਿਰ ਵਾਸੀਆਂ ਦੀਆਂ ਲੋੜਾਂ ਦੀ ਪੂਰਤੀ ਦੇ ਸਮਰੱਥ ਹੋਵੇ ਤੇ ਲੋਕ ਰਾਇ ਦਾ ਸਤਿਕਾਰ ਕਰਨ ਵਾਲਾ ਹੋਵੇ। ਪਿਛਲੇ ਚਾਰ ਸਾਲਾਂ ਦੇ ਰਿਕਾਰਡ ਦੇ ਆਧਾਰ ਉੱਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਮੇਅਰ ਬਰੈਂਡਾ ਲੌਕ ਨੇ ਆਪਣੇ ਕੰਮਾਂ ਰਾਹੀਂ ਸਾਬਤ ਕੀਤਾ ਹੈ ਕਿ ਉਹ ਲੋਕਾਂ ਦੀਆਂ ਇਛਾਵਾਂ ਤੇ ਖਰਾ ਉਤਰਨ ਵਾਲੀ ਲੀਡਰ ਹਨ। ਮੇਰੀ ਇਹ ਰਾਇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਸਾਡੇ ਸਮੇਂ ਦੇ ਦੋ ਸਭ ਤੋਂ ਮਹੱਤਵਪੂਰਨ ਮੁੱਦਿਆਂ ਜਨਤਕ ਸੁਰੱਖਿਆ ਅਤੇ ਸਿਹਤ ਸੰਭਾਲ ਸਬੰਧੀ ਕੀਤੇ ਗਏ ਕੰਮਾਂ ਉੱਤੇ ਆਧਾਰਿਤ ਹੈ।
ਬੀਤੇ ਵਿਚ ਸਿਟੀ ਆਫ਼ ਸਰੀ ਫਿਰੌਤੀ ਦੀਆਂ ਮੰਗਾਂ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਚੱਲ ਰਹੀ ਪੁਲਿਸ ਤਬਦੀਲੀ ਨੇ ਹਾਲਾਤ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ। ਇਸ ਪ੍ਰਕਿਰਿਆ ਦੌਰਾਨ ਸੂਬਾ ਸਰਕਾਰ ਨੇ ਪੁਲਿਸ ਬੋਰਡ ਉੱਤੇ ਮੇਅਰ ਦੇ ਅਧਿਕਾਰ ਵੀ ਸੀਮਤ ਕਰ ਦਿੱਤੇ ਸਨ। ਸਰਕਾਰ ਦਾ ਹਰ ਪੱਧਰ ਦੂਜੇ ਉੱਤੇ ਦੋਸ਼ ਲਗਾਉਂਦਾ ਦਿਖਾਈ ਦੇ ਰਿਹਾ ਸੀ। ਸੂਬਾਈ ਸਿਆਸਤਦਾਨ ਸੰਘੀ ਸਰਕਾਰ ਅਤੇ ਉਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਸਨ। ਮੇਅਰ ਬ੍ਰੈਂਡਾ ਲੌਕ ਜੇ ਸਿਰਫ ਸਿਆਸਤਦਾਨ ਹੁੰਦੀ ਤਾਂ ਉਸ ਕੋਲ ਵੀ ਸੰਘੀ ਅਤੇ ਸੂਬਾਈ ਸਰਕਾਰਾਂ ਨੂੰ ਦੋਸ਼ ਦਿੰਦੇ ਰਹਿਣ ਦਾ ਸੌਖਾ ਰਾਹ ਮੌਜੂਦ ਸੀ—ਅਤੇ ਅਜਿਹਾ ਕਰਨ ਲਈ ਉਨ੍ਹਾਂ ਕੋਲ ਠੋਸ ਆਧਾਰ ਵੀ ਸਨ। ਦੂਜਾ ਰਾਹ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈ ਕੇ ਕਾਰਵਾਈ ਕਰਨ ਦਾ ਸੀ। ਤੇ ਅਸਲ ਲੀਡਰ ਵਾਂਗ ਉਨ੍ਹਾਂ ਨੇ ਦੂਜਾ ਰਾਹ ਚੁਣਿਆ।
ਮੇਅਰ ਲੌਕ ਨੇ ਆਪਣੇ ਅਹੁਦੇ ਦੀ ਪੂਰੀ ਤਾਕਤ ਵਰਤਦਿਆਂ ਫਿਰੌਤੀ ਨਾਲ ਸਬੰਧਿਤ ਅਪਰਾਧਾਂ ਦੇ ਮੁੱਦੇ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਉਠਾਇਆ। ਉਨ੍ਹਾਂ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਲਾਰੈਂਸ ਬਿਸ਼ਨੋਈ ਵਰਗੇ ਖਤਰਨਾਕ ਅਪਰਾਧਿਕ ਗਿਰੋਹ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨ ਐਲਾਨਿਆ ਗਿਆ। ਇਸ ਮੁੱਦੇ ਵੱਲ ਅੰਤਰਰਾਸ਼ਟਰੀ ਧਿਆਨ ਖਿੱਚ ਕੇ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਫਿਰੌਤੀ ਨੂੰ ਕੇਵਲ ਇੱਕ ਸਥਾਨਕ ਅਪਰਾਧ ਨਾ ਸਮਝਿਆ ਜਾਵੇ, ਸਗੋਂ ਸਰਹੱਦਾਂ ਤੋਂ ਪਾਰ ਫੈਲੇ ਇੱਕ ਗੰਭੀਰ ਅੰਤਰਰਾਸ਼ਟਰੀ ਅਪਰਾਧ ਵਜੋਂ ਦੇਖਿਆ ਜਾਵੇ।
ਇਸੇ ਤਰ੍ਹਾਂ ਆਰਸੀਐੱਮਪੀ ਵੱਲੋਂ ਐੱਫਬੀਆਈ ਦੇ ਸਹਿਯੋਗ ਅਤੇ ਸਹਾਇਤਾ ਨਾਲ ਚਲਾਏ ਗਏ “ਆਪ੍ਰੇਸ਼ਨ ਹਾਰਡਬਾਲ” ਨੇ ਸਿਟੀ ਆਫ਼ ਸਰੀ ਵਿੱਚ ਨਸ਼ਿਆਂ ਅਤੇ ਫਿਰੌਤੀ ਦੇ ਰੈਕੇਟ ਚਲਾ ਰਹੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਦੀ ਲੱਕ ਤੋੜ ਦਿੱਤਾ। ਆਪ੍ਰੇਸ਼ਨ ‘ਹਾਰਡਬਾਲ’ ਤੋਂ ਬਾਅਦ ਫਿਰੌਤੀ ਨਾਲ ਸਬੰਧਿਤ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਇਸ ਕਾਰਵਾਈ ਨੇ ਅਪਰਾਧੀਆਂ ਦੇ ਮਨਾਂ ਵਿੱਚ ਕਾਨੂੰਨ ਦਾ ਡਰ ਪੈਦਾ ਕੀਤਾ ਅਤੇ ਲੋਕਾਂ ਦਾ ਕਾਨੂੰਨ-ਵਿਵਸਥਾ ਵਿੱਚ ਵਿਸ਼ਵਾਸ ਮੁੜ ਬਹਾਲ ਕੀਤਾ ਹੈ। ਸਰੀ ਦੇ ਮਸ਼ਹੂਰ ਕਪਿਲ ਕੈਫ਼ੇ ਤੇ ਲਗਾਤਾਰ ਤਿੰਨ ਵਾਰ ਹੋਈ ਗੋਲੀਬਾਰੀ ਤੋਂ ਬਾਅਦ ਜਦੋਂ ਦਹਿਸ਼ਤ ਦਾ ਮਹੌਲ ਸੀ ਤਾਂ ਇਹ ਮੇਅਰ ਬ੍ਰੈਂਡਾ ਲੌਕ ਹੀ ਸੀ ਜਿਸਨੇ ਖੁਦ ਕੈਫ਼ੇ ਤੇ ਜਾਕੇ ਲੋਕ ਮਨਾਂ ਚੋਂ ਡਰ ਖਤਮ ਕੀਤਾ ਸੀ।
ਮੇਅਰ ਬ੍ਰੈਂਡਾ ਲੌਕ ਦੀਆਂ ਐੱਫਬੀਆਈ ਅਤੇ ਸੰਯੁਕਤ ਰਾਜ ਅਮਰੀਕਾ ਦੇ ਕੌਂਸਲ ਜਨਰਲ ਨਾਲ ਹੋਈਆਂ ਮੀਟਿੰਗਾਂ ਇਹ ਦਰਸਾਉਂਦੀਆਂ ਹਨ ਕਿ ਅਮਰੀਕੀ ਅਧਿਕਾਰੀ ਸਰੀ ਦੀ ਮੇਅਰ ਨਾਲ ਸਹਿਯੋਗ ਨੂੰ ਕਿੰਨੀ ਮਹੱਤਤਾ ਦਿੰਦੇ ਹਨ। ਇਹ ਮੀਟਿੰਗਾਂ ਵੱਖ-ਵੱਖ ਸਰਕਾਰੀ ਪੱਧਰਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇੱਕ ਸਾਂਝੇ ਉਦੇਸ਼ ਲਈ ਇਕੱਠਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵੀ ਦਰਸਾਉਂਦੀਆਂ ਹਨ। ਸੰਗਠਿਤ ਅਪਰਾਧ ਵਿਰੁੱਧ ਮੇਅਰ ਬ੍ਰੈਂਡਾ ਲੌਕ ਵੱਲੋਂ ਅਪਣਾਏ ਗਏ ਸਖ਼ਤ ਰੁਖ਼ ਅਤੇ ਦ੍ਰਿੜ੍ਹ ਪਹੁੰਚ ਨੇ ਸਰੀ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਇੱਕ ਮਜ਼ਬੂਤ ਲੀਡਰ ਸ਼ਹਿਰ ਦੀ ਵਾਗਡੋਰ ਸੰਭਾਲ ਰਹੀ ਹੈ।
ਸਿਆਸਤਦਾਨਾਂ ਨੇ ਖੋਖਲੇ ਨਾਅਰਿਆਂ ਅਤੇ ਪਾਰਟੀਬਾਜ਼ੀ ਦੇ ਰੰਗਾਂ ਦੇ ਆਧਾਰ ਉੱਤੇ ਚੋਣਾਂ ਲੜੀਆਂ। ਉਨ੍ਹਾਂ ਨੇ ਸਰੀ ਦੇ ਟੈਕਸਦਾਤਾਵਾਂ ਉੱਤੇ ਇੱਕ ਅਣਚਾਹੀ ਅਤੇ ਮਹਿੰਗੀ ਪੁਲਿਸ ਤਬਦੀਲੀ ਥੋਪ ਦਿੱਤੀ। ਇਸ ਦੇ ਉਲਟ, ਮੇਅਰ ਬ੍ਰੈਂਡਾ ਲੌਕ ਨੇ ਨਾਅਰਿਆਂ ਅਤੇ ਸਿਆਸੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ। ਉਨ੍ਹਾਂ ਨੇ ਸਰੀ ਦੇ ਲੋਕਾਂ ਨੂੰ ਨਜ਼ਰ ਆਉਣ ਵਾਲੇ ਠੋਸ ਨਤੀਜੇ ਦਿੱਤੇ ਹਨ। ਇਹੋ ਅੰਤਰ ਸਿਰਫ਼ ਇੱਕ ਸਿਆਸੀ ਅਹੁਦਾ ਸੰਭਾਲਣ ਅਤੇ ਸੱਚੀ ਸਿਆਸੀ ਲੀਡਰਸ਼ਿਪ ਪ੍ਰਦਾਨ ਕਰਨ ਵਿੱਚ ਹੁੰਦਾ ਹੈ। ਇੱਕ ਸਿਆਸਤਦਾਨ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣ ਦਾ ਰਾਹ ਲੱਭਦਾ ਹੈ, ਜਦਕਿ ਇੱਕ ਲੀਡਰ ਜ਼ਿੰਮੇਵਾਰੀ ਸਵੀਕਾਰ ਕਰਕੇ ਹੱਲ ਲੱਭਦਾ ਹੈ। ਇੱਕ ਸਿਆਸਤਦਾਨ ਸਮੱਸਿਆਵਾਂ ਬਾਰੇ ਗੱਲਾਂ ਕਰਦਾ ਹੈ, ਜਦਕਿ ਇੱਕ ਲੀਡਰ ਉਨ੍ਹਾਂ ਦੇ ਹੱਲ ਲਈ ਕਾਰਵਾਈ ਕਰਦਾ ਹੈ। ਦੋਸ਼ ਲਗਾਉਣ ਦੀ ਥਾਂ ਕਾਰਵਾਈ ਅਤੇ ਬਿਆਨਬਾਜ਼ੀ ਦੀ ਥਾਂ ਨਤੀਜਿਆਂ ਨੂੰ ਤਰਜੀਹ ਦੇ ਕੇ ਮੇਅਰ ਬ੍ਰੈਂਡਾ ਲੌਕ ਨੇ ਸਾਬਤ ਕੀਤਾ ਹੈ ਕਿ ਉਹ ਸਿਆਸਤਦਾਨਾਂ ਦੀ ਭੀੜ ਵਿੱਚੋਂ ਇੱਕ ਸੱਚੀ ਲੀਡਰ ਹੈ।
*ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

