Sep 9, 2026

ਮੇਅਰ ਬਰੈਂਡਾ ਲੌਕ ਨੇ ਪੰਜਾਬੀ ਮੁਟਿਆਰਾਂ ਨਾਲ ਪਾਇਆ ਗਿੱਧਾ-
ਵੈਨਕੂਵਰ (ਮਲਕੀਤ ਸਿੰਘ, ਮਹੇਸ਼ਇੰਦਰ ਸਿੰਘ ਮਾਂਗਟ )- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ  ਸ਼ਹਿਰ ਸਰੀ ਦੇ ਬਾਹਰਵਾਰ 4915 ਰੇਲਵੇ ਰੋਡ ਨੇੜਲੇ  ਹਰਿਆਵਲੇ ਖੇਤਾਂ ‘ ਚ ਸਜਾਏ ‘ਪਿੰਡ ਪੰਜਾਬ’ ਦੇ ਖੁੱਲੇ ਵਿਹੜੇ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਕ ਰੋਜਾ ਪੰਜਾਬੀ ਵਿਰਾਸਤੀ ਮੇਲਾ ਯਾਦਗਰੀ ਹੋ ਨਿਬੜਿਆ।
ਲੁਧਿਆਣਾ ਜਿਲੇ ਦੇ ਚੋਮੋ ਪਿੰਡ ਨਾਲ ਸਬੰਧਤ  ‘ਪਿੰਡ ਪੰਜਾਬ’ ਦੇ ਸੰਸਥਾਪਕ ਨਵਲਪ੍ਰੀਤ ਸਿੰਘ ਰੰਗੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਿਰੋਲ ਪੰਜਾਬੀ ਸੱਭਿਆਚਾਰ ‘ਚ ਰੰਗੇ ਜਾਣ ਵਾਲੇ ਇਸ ਮੇਲੇ ਦੌਰਾਨ ਪੰਜਾਬ ਦਾ ਪੁਰਾਤਨ ਰਵਾਇਤੀ ਮਾਹੌਲ ਸਿਰਜਿਆ ਗਿਆ  ਮੇਲੇ ਦੌਰਾਨ ਭੰਗੜਾ, ਗਿੱਧਾ, ਲੋਕ ਸੰਗੀਤ ਤੋਂ ਇਲਾਵਾ ਪੁਰਾਣੀ ਖੇਤੀਬੜੀ ਦੇ ਔਜ਼ਾਰ ਅਤੇ ਪੁਰਾਤਨ ਸੁਆਣੀਆਂ ਵੱਲੋਂ ਘਰੇਲੂ ਰਸੋਈ ‘ਚ ਵਰਤੀਆਂ ਜਾਂਦੀਆਂ ਰਹੀਆਂ ਵਸਤੂਆਂ ਦੀ ਨੁਮਾਇਸ਼ ਜਿੱਥੇ ਕਿ ਮੇਲੇ ਦੇਖਣ ਆਏ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ,ਉਥੇ ਨਵੀਂ ਪੀੜੀ ਲਈ ਪ੍ਰੇਰਨਾ ਦਾ ਸਰੋਤ ਵੀ ਬਣੀ।
ਜਿੱਥੇ ਕਿ ਇੱਕ ਪਾਸੇ ਇਸ ਮੇਲੇ ‘ਚ ਸ਼ਾਮਿਲ ਲੋਕਾਂ ਨੇ ਗੰਨੇ ਦੇ ਰਸ ਦੇ ਨਾਲ ਨਾਲ ਮੱਕੀ ਦੀ ਰੋਟੀ, ਸਰੋਂ ਦੇ ਸਾਗ ਵਰਗੇ ਸਵਾਦਲੇ ਪਕਵਾਨਾਂ ਦਾ ਆਨੰਦ ਮਾਣਿਆ ਉੱਥੇ ਮੇਲੇ ‘ਚ ਪੁੱਜੇ ਬਹੁ ਗਿਣਤੀ ਬੱਚੇ ਝੂਲਿਆਂ ਤੇ ‘ਹੂਟੇ ਮਾਟੇ’ ਲੈ ਕੇ ਪੂਰੀ ਮਸਤੀ ਕਰਦੇ ਵੀ ਵੇਖੇ ਗਏ।
ਅੱਜ ਦੇ ਇਸ ਮੇਲੇ ਚ ਵਿਸ਼ੇਸ਼ ਤੌਰ ਤੇ ਪੁੱਜੀ ਸਰੀ ਦੀ ਮੇਅਰ ਬਰੈਡਾਂ ਲੌਕ ਨੇ ਪੰਜਾਬੀ ਮੁਟਿਆਰਾਂ ਨਾਲ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਮੇਲੇ ਦੌਰਾਨ ਕੌਰ ਮਨਦੀਪ,  ਹਰਨੇਕ ਸਿੰਘ, ਹਰਮਨ ਰਣਵਿਜੇ, ਨਿਖਲ, ਸੁਰਜੀਤ ਲਵਲੀ, ਬਾਲ ਕਲਾਕਾਰ ਜੀਵਤ ਗਿੱਲ, ਕੁਲਬੀਰ ਤੱਖੜ, ਹਰਦੀਪ ਗਰੇਵਾਲ, ਵਿਜੇ ਯਮਲਾ, ਨਰੇਸ਼ ਕੁਮਾਰ ਅਤੇ ਸਰਦਾਰ ਜੀ ਆਦਿ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ । ਹੋਰਨਾ ਤੋਂ ਇਲਾਵਾ ਇਸ ਮੇਲੇ ‘ਚ ਹਾਜ਼ਰ ਸ਼ਖਸ਼ੀਅਤਾਂ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਕੌਂਸਲਰ ਉਮੀਦਵਾਰ ਰਿਕੀ ਬਾਜਵਾ,ਅੰਮ੍ਰਿਤਪਾਲ ਢੋਟ, ਹਰਜੀਤ ਗਰੇਵਾਲ,ਮੀਨੂ ਦਿਓਲ,ਸੁਮੀਤ ਗਰੇਵਾਲ, ਜਸਪ੍ਰੀਤ ਗਿੱਲ ਅਤੇ ਦਵਿੰਦਰ ਬਚਰਾ ਆਦਿ ਦੇ ਨਾਮ ਜ਼ਿਕਰਯੋਗ ਹਨ।

 

Leave a Reply

Your email address will not be published. Required fields are marked *