Sep 9, 2026

ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ’ਤੇ ਵਿਦਿਆਰਥੀਆਂ ਦੇ ਰੂਬਰੂ ਹੋਏ ਜਗਰੂਪ ਸਿੰਘ ਬਰਾੜ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਬੀ.ਸੀ. ਭਰ ਵਿੱਚ ਵਿਦਿਆਰਥੀ 8 ਸਤੰਬਰ ਤੋ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਫਲੀਟਵੁੱਡ-ਸਰੀ ਤੋਂ ਐਮ.ਐਲ.ਏ ਤੇ ਕੈਬਨਿਟ ਮੰਤਰੀ  ਜਗਰੂਪ ਸਿੰਘ ਬਰਾੜ  ਫਲੀਟਵੁੱਡ ਪਾਰਕ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ, ਸਰੀ ਵਿਖੇ ਪਹੁੰਚੇ ਅਤੇ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਐਮ.ਐਲ.ਏ. ਜਗਰੂਪ ਸਿੰਘ ਬਰਾੜ ਨੇ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਨਵੇਂ ਸਕੂਲੀ ਸਾਲ ਸਬੰਧੀ ਉਨ੍ਹਾਂ ਦੇ ਵਿਚਾਰ ਵੀ ਸੁਣੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਪੜ੍ਹਾਈ ਦੇ ਨਾਲ-ਨਾਲ ਸਕੂਲ ਵਿੱਚ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਸਹਿਯੋਗ ਨਾਲ ਰਹਿਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਵਿਦਿਆਰਥੀਆਂ, ਪਰਿਵਾਰਾਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੂੰ ਨਵੇਂ ਅਕਾਦਮਿਕ ਸਾਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਗਿਆ ਕਿ ਹਰ ਬੱਚਾ ਆਪਣੇ ਸਕੂਲੀ ਭਾਈਚਾਰੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ, ਸਵਾਗਤਯੋਗ, ਸ਼ਾਮਿਲ ਅਤੇ ਸਹਿਯੋਗ ਪ੍ਰਾਪਤ ਕਰਨ ਵਾਲਾ ਮਹਿਸੂਸ ਕਰੇ।
ਸੁਰੱਖਿਅਤ ਸਕੂਲਾਂ ਦੀ ਸਿਰਜਣਾ ਲਈ ਮਾਨਸਿਕ ਸਿਹਤ ਅਤੇ ਐਂਟੀ-ਬੁਲਿੰਗ ਪਹਿਲਕਦਮੀਆਂ ਨੂੰ ਮਜ਼ਬੂਤ ਕਰਨਾ, ਪਰਿਵਾਰਾਂ ਅਤੇ ਨੌਜਵਾਨਾਂ ਨੂੰ ਡਿਜੀਟਲ ਸਾਖਰਤਾ ਅਤੇ ਆਨਲਾਈਨ ਸੁਰੱਖਿਆ ਸਬੰਧੀ ਹੁਨਰ ਪ੍ਰਦਾਨ ਕਰਨਾ ਵੀ ਬੇਹੱਦ ਜ਼ਰੂਰੀ ਦੱਸਿਆ ਗਿਆ। ਇਸ ਤੋਂ ਇਲਾਵਾ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਜ਼ੋਨ ਕਾਇਮ ਰੱਖਣ ਅਤੇ ਐਮਰਜੈਂਸੀ ਤੇ ਸੁਰੱਖਿਆ ਸਬੰਧੀ ਮਜ਼ਬੂਤ ਯੋਜਨਾਬੰਦੀ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।
ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਗਿਆ ਕਿ ਖ਼ਾਸ ਕਰਕੇ ਜਿਹੜੇ ਬੱਚੇ ਨਵੀਂ ਜਮਾਤ ਜਾਂ ਨਵੇਂ ਸਕੂਲ ਵਿੱਚ ਦਾਖ਼ਲ ਹੋ ਰਹੇ ਹਨ, ਉਹ ਆਪਣੇ ਆਪ ’ਤੇ ਭਰੋਸਾ ਰੱਖਣ, ਦੂਜਿਆਂ ਨਾਲ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣ ਅਤੇ ਲੋੜ ਪੈਣ ’ਤੇ ਮਦਦ ਮੰਗਣ ਤੋਂ ਨਾ ਝਿਜਕਣ।
ਨਵੇਂ ਸਕੂਲੀ ਸਾਲ ਮੌਕੇ ਸਾਰੇ ਵਿਦਿਆਰਥੀਆਂ, ਪਰਿਵਾਰਾਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਲਈ ਸੁਰੱਖਿਅਤ, ਸਫ਼ਲ ਅਤੇ ਖੁਸ਼ਹਾਲ ਸਾਲ ਦੀ ਕਾਮਨਾ ਕੀਤੀ ਗਈ।

Leave a Reply

Your email address will not be published. Required fields are marked *