Sep 10, 2026

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਵਾਟਰਫੋਰਡ ਏਰੀਏ ਵਿੱਚ ਰਹਿੰਦੇ ਸੀਨੀਅਰਜ ਵੱਲੋਂ ਭਾਈਚਾਰੇ ਦੀ ਏਕਤਾ ਦੇ ਮੱਦੇਨਜ਼ਰ ਸਥਾਨਕ ਤੰਦੂਰ ਰੈਸਟੋਰੈਂਟ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਰੰਗਲੀ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿੰਨੀਪੈਗ ਨੌਰਥ ਦੇ ਮੈਂਬਰ ਪਾਰਲੀਮੈਂਟ ਕੇਵਿਨ ਲੈਮਰੂ ਅਤੇ ਐਮ ਐੱਲ ਏ ਸਿੰਡੀ ਲੈਮਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕੇਵਿਨ ਲੈਮਰੂ ਨੇ ਵਾਟਰਫੋਰਡ ਸੀਨੀਅਰ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੇ ਮਾਣ ਸਨਮਾਨ ਲਈ ਅਜਿਹੇ ਸਮਾਗਮ ਕਰਨੇ ਬੇਹੱਦ ਜ਼ਰੂਰੀ ਹਨ ਕਿਉਂਕਿ ਸੀਨੀਅਰ ਹੀ ਸਾਡੇ ਸ਼ਾਨਾਮੱਤੇ ਸੱਭਿਆਚਾਰ ਅਤੇ ਭਾਈਚਾਰਕ ਇਕਜੁੱਟਤਾ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਨਰੇਸ਼ ਸ਼ਰਮਾ ਦੀ ਪਹਿਲਕਦਮੀ ਤੇ ਕੁਝ ਸਮਾਂ ਪਹਿਲਾਂ ਹੀ ਵਾਟਰਫੋਰਡ ਸੀਨੀਅਰ ਸੋਸਾਇਟੀ ਦਾ ਗਠਨ ਕੀਤਾ ਗਿਆ ਸੀ ਅਤੇ ਰੰਗਲੀ ਸ਼ਾਮ ਇਸਦਾ ਪਹਿਲਾ ਪ੍ਰੋਗਰਾਮ ਸੀ ।
ਇਸ ਖੂਬਸੂਰਤ ਸ਼ਾਮ ਨੂੰ ਚਾਰ ਚੰਨ ਲਾਉਣ ਲਈ ਉੱਘੇ ਗਾਇਕ ਚੰਨ ਚਮਕੌਰ ਅਤੇ ਸਾਥੀ ਕਲਾਕਾਰਾਂ ਨੇ ਲਗਾਤਾਰ ਦੋ ਘੰਟੇ “ਨਾਨ ਸਪੋਟ” ਗੀਤਾਂ ਦੀ ਛਹਿਬਰ ਨਾਲ ਮਨੋਰੰਜਨ ਕਰਦਿਆਂ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ । ਵਾਟਰਫੋਰਡ ਸੀਨੀਅਰ ਸੋਸਾਇਟੀ ਦੇ ਪ੍ਰਧਾਨ ਪ੍ਰਗਟ ਸਿੰਘ ਸੇਖੋਂ ਨੇ ਆਪਣੇ ਸੰਖੇਪ ਸ਼ਬਦਾਂ ਦੇ ਸੰਬੋਧਨ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਮੈਂਬਰਾਂ ਵੱਲੋਂ ਕੀਤੀ ਸ਼ਿਰਕਤ ਲਈ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ।
ਸੀਨੀਅਰਾਂ ਨੂੰ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *