ਸਰਕਾਰੀ ਸ਼ਹਿ ਤੇ ਪਾਸ਼ ਯਾਦਗਾਰੀ ਕੰਪਲੈਕਸ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ-
ਜਲੰਧਰ ( ਜਤਿੰਦਰ)- ਪੰਜਾਬੀ ਦੇ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਮੌਕੇ ਪਿੰਡ ਤਲਵੰਡੀ ਸਲੇਮ ਵਿੱਚ ਕਰਵਾਏ ਗਏ ਸਮਾਗਮ ’ਚ ਸੂਬੇ ਦੇ ਕੋਨੇ-ਕੋਨੇ ਤੋਂ ਪੁੱਜੇ ਵੱਡੀ ਗਿਣਤੀ ਕਿਰਤੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਮੌਜੂਦਗੀ ਵਿੱਚ ਪਾਸ਼ ਦੇ ਗੀਤਾਂ ਅਤੇ ਕਵਿਤਾਵਾਂ ਦੀ ਗੂੰਜ ਸੁਣਾਈ ਦਿੱਤੀ। ਇਸ ਦੌਰਾਨ ਪਾਸ਼ ਯਾਦਗਾਰੀ ਟਰੱਸਟ ਦੇ ਮੈਂਬਰ ਅਤੇ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਉੱਘੇ ਲੇਖਕ ਡਾ. ਸਵਰਾਜਬੀਰ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਮਾਸਟਰ ਰਜਿੰਦਰ ਭਦੌੜ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੀ ਮੈਂਬਰ ਡਾ. ਅਰੀਤ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂ ਹਰਮੇਸ਼ ਮਾਲੜੀ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋ. ਜਗਮੋਹਨ ਸਿੰਘ ਨੇ ਸੰਬੋਧਨ ਕਰਦਿਆਂ ਪਾਸ਼ ਦੀ ਸਾਹਿਤਕ ਦੇਣ, ਉਨ੍ਹਾਂ ਦੀ ਕਵਿਤਾ ਦੀ ਤਾਕਤ ਅਤੇ ਅਜੋਕੇ ਸਮੇਂ ਵਿੱਚ ਉਸ ਦੀ ਪ੍ਰਸੰਗਿਕਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪਾਸ਼ ਯਾਦਗਾਰੀ ਕੰਪਲੈਕਸ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਸ਼ ਦੀ ਯਾਦ ਲੋਕ ਮਨਾਂ ਵਿੱਚ ਡੂੰਘੀ ਵਸੀ ਹੋਈ ਹੈ, ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ।
ਇਸ ਮੌਕੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਪਿੰਡ ਦੇ ਸਰਪੰਚ ਅਤੇ ਉਸ ਦੇ ਹਮਾਇਤੀਆਂ ਵੱਲੋਂ ਵਿਧਾਇਕ ਦੀ ਸ਼ਹਿ ’ਤੇ ਯਾਦਗਾਰ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ ਗਈ। ਮਤੇ ਵਿੱਚ ਪੰਜਾਬ ਸਰਕਾਰ ਤੋਂ ਇਸ ਕੰਪਲੈਕਸ ਨੂੰ ਯਾਦਗਾਰ ਐਲਾਨਣ ਦੇ ਨਾਲ-ਨਾਲ ਕਿਸਾਨ-ਮਜ਼ਦੂਰ ਕਾਰਕੁਨਾਂ ’ਤੇ ਹਮਲਾ ਕਰਨ ਅਤੇ ਜਾਤੀ ਸੂਚਕ ਸ਼ਬਦ ਵਰਤਣ ਵਾਲਿਆਂ ਖ਼ਿਲਾਫ਼ ਐੱਸ ਸੀ ਐੱਸ ਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਇਸ ਦੌਰਾਨ ਕਵੀ ਸੁਰਜੀਤ ਜੱਜ ਅਤੇ ਪਾਸ਼ ਦੇ ਸਾਥੀ ਰਹੇ ਦੀਪ ਕਲੇਰ ਨੇ ਨਜ਼ਮਾਂ ਸੁਣਾਈਆਂ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ ਨੇ ਆਪਣੇ ਪਿਤਾ ਦਾ ਗੀਤ ਗਾਇਆ। ਅਮੋਲਕ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਦੌਰਾਨ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਨੇ ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਅਸੀਂ ਲੜਾਂਗੇ ਸਾਥੀ’ ਖੇਡਿਆ, ਜਿਸ ਦਾ ਨਿਰਦੇਸ਼ਨ ਕੇਵਲ ਧਾਲੀਵਾਲ ਨੇ ਕੀਤਾ। ਪਾਸ਼ ਦੀਆਂ ਕਵਿਤਾਵਾਂ ’ਤੇ ਆਧਾਰਿਤ ਇਸ ਨਾਟਕ ਪਾਸ਼ ਦੀ ਅਜੋਕੇ ਦੌਰ ਅੰਦਰ ਪ੍ਰਸੰਗਿਕਤਾ ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ। ਸਮਾਗਮ ਵਿੱਚ ਪੰਜਾਬ ਦੀਆਂ ਦਰਜਨਾਂ ਜਨਤਕ, ਜਮਹੂਰੀ ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
