ਪੁਲਿਸ ਵੱਲੋਂ ਹਮਲਾਵਰ ਕਾਬੂ
ਵੈਨਕੂਵਰ, 10 ਸਤੰਬਰ (ਮਲਕੀਤ ਸਿੰਘ)। ਦੱਖਣੀ ਸਰੀ ਵਿੱਚ ਇੱਕ ਵਿਅਕਤੀ ਵੱਲੋਂ ਚਾਕੂ ਲੈ ਕੇ ਦੂਸਰੇ ਵਿਅਕਤੀ ਉੱਪਰ ਹਮਲਾ ਕਰਨ ਦੀ ਨੀਅਤ ਨਾਲ ਉਸ ਪਿੱਛੇ ਦੌੜਨ ਦੀ ਘਟਨਾ ਸਬੰਧੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਘਟਨਾ ਸਾਊਥ ਸਰੀ ਦੇ ਰੈੱਡਵੁੱਡ ਪਾਰਕ ਨੇੜੇ ਵਾਪਰੀ ਦੱਸੀ ਜਾ ਰਹੀ ਹੈ।
ਚਸ਼ਮਦੀਦਾਂ ਮੁਤਾਬਕ ਪੀੜਤ ਦੇ ਸਰੀਰ ਉੱਤੇ ਕਈ ਸੱਟਾਂ ਸਨ। ਉਸ ਦੇ ਸਰੀਰ ‘ਤੇ ਕੱਟ ਲੱਗੇ ਹੋਏ ਸਨ, ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਅੱਖ ਨੂੰ ਵੀ ਗੰਭੀਰ ਸੱਟ ਲੱਗੀ ਦੱਸੀ ਗਈ ਹੈ।
ਸਾਹਮਣੇ ਆਈ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਚਿੱਟੀ ਪਿਕਅੱਪ ਗੱਡੀ ਉੱਪਰ ਚੜ੍ਹਿਆ ਹੋਇਆ ਅਤੇ ਫਿਰ ਹੇਠਾਂ ਉਤਰ ਕੇ ਦੂਜੇ ਵਿਅਕਤੀ ਵੱਲ ਦੌੜਦਾ ਦੇਖਿਆ ਜਾ ਸਕਦਾ ਹੈ। ਚਾਕੂ ਲੈ ਕੇ ਪਿੱਛਾ ਕਰਨ ਵਾਲੇ ਵਿਅਕਤੀ ਨੇ ਬਾਅਦ ਵਿੱਚ ਕਥਿਤ ਤੌਰ ‘ਤੇ ਚਾਕੂ ਜੰਗਲ ਵਾਲੇ ਪਾਸੇ ਸੁੱਟ ਦਿੱਤਾ। ਕੁਝ ਹੀ ਮਿੰਟਾਂ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਘਟਨਾ ਦੇ ਪਿੱਛੇ ਨਿੱਜੀ ਸਬੰਧਾਂ ਨਾਲ ਜੁੜਿਆ ਵਿਵਾਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਇਸ ਬਾਰੇ ਪੁਲਿਸ ਵੱਲੋਂ ਪੁਸ਼ਟੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਹੀ ਅੰਤਿਮ ਮੰਨਿਆ ਜਾਵੇਗਾ।
