Sep 11, 2026

ਸਰੀ ( ਕਾਹਲੋਂ)-– ਇਸ ਪਤਝੜ ਵਿੱਚ ਸਰੀ ਦੇ ਵੱਖ-ਵੱਖ ਪਾਰਕਾਂ ਵਿੱਚ 2,500 ਤੋਂ ਵੱਧ ਦੇਸੀ ਰੁੱਖ ਅਤੇ ਬੂਟੇ ਲਗਾਉਣ ਲਈ ਵਸਨੀਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਰਾਹੀਂ ਸ਼ਹਿਰ ਦੇ ਹਰੇ-ਭਰੇ ਖੇਤਰਾਂ ਅਤੇ ਸ਼ਹਿਰੀ ਜੰਗਲ (urban forest) ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। 26 ਸਤੰਬਰ ਤੋਂ 31 ਅਕਤੂਬਰ ਤੱਕ ਪੰਜ ਰੀਲੀਫ਼ (ReLeaf) ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਕਰਵਾਏ ਜਾਣਗੇ। ਇਸ ਦੀ ਸ਼ੁਰੂਆਤ ਸਰੀ ਦੇ ਨੈਸ਼ਨਲ ਟ੍ਰੀ ਡੇ ਸਮਾਗਮ ਨਾਲ ਹੋਵੇਗੀ ਅਤੇ ਸਮਾਪਤੀ ਹੇਲੋਵੀਨ ਦੀ ਥੀਮ ਵਾਲੇ ਰੁੱਖ ਲਗਾਉਣ ਦੇ ਸਮਾਗਮ ਨਾਲ ਹੋਵੇਗੀ।

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਵਸਨੀਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਆਪਣੇ ਇਲਾਕਿਆਂ ਵਿੱਚ ਲੰਬੇ ਸਮੇਂ ਲਈ ਸਕਾਰਾਤਮਿਕ ਬਦਲਾਅ ਲਿਆਉਣ ਦਾ ਮੌਕਾ ਦਿੰਦੇ ਹਨ। 2026 ਵਿੱਚ ਸਰੀ ਨੂੰ ਲਗਾਤਾਰ ਸੱਤਵੇਂ ਸਾਲ ‘ਟ੍ਰੀ ਸਿਟੀ ਆਫ਼ ਦਾ ਵਰਲਡ’ (Tree City of the World) ਵਜੋਂ ਮਾਨਤਾ ਮਿਲੀ ਹੈ। ਇਸ ਸਫਲਤਾ ਦਾ ਸਿਹਰਾ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹਿਰ ਭਰ ਵਿੱਚ ਰੁੱਖ ਲਗਾਏ ਹਨ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਹੈ। ਮੈਂ ਸਭ ਨੂੰ ਇਸ ਪਤਝੜ ਸਾਡੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਾਂ, ਤਾਂ ਜੋ ਅਸੀਂ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਹਰਿਆ-ਭਰਿਆ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਤਿਆਰ ਕਰ ਸਕੀਏ।”

ਫਾਲ ਰੀਲੀਫ਼ ਪ੍ਰੋਗਰਾਮ (Fall ReLeaf Program) ਦੀ ਸ਼ੁਰੂਆਤ 26 ਸਤੰਬਰ ਨੂੰ ਸਰੀ ਦੇ ਰਾਸ਼ਟਰੀ ਰੁੱਖ ਦਿਵਸ (National Tree Day) ਸਮਾਰੋਹ ਨਾਲ ਹੋਵੇਗੀ, ਜਿੱਥੇ ਹਰ ਉਮਰ ਦੇ ਨਿਵਾਸੀ ਸੰਗੀਤ ਦਾ ਆਨੰਦ ਲੈ ਸਕਣਗੇ, ਰੁੱਖਾਂ ਨਾਲ ਸੰਬੰਧਿਤ ਕਹਾਣੀ ਸੈਸ਼ਨ ਅਤੇ ਕੋਸਟਿਊਮ ਪਰੇਡ ਵਿੱਚ ਭਾਗ ਲੈ ਸਕਣਗੇ ਅਤੇ 500 ਤੋਂ ਵੱਧ ਰੁੱਖ ਅਤੇ ਬੂਟੇ ਲਗਾਉਣ ਵਿੱਚ ਮਦਦ ਕਰ ਸਕਣਗੇ।

ਰੀਲੀਫ਼ ਪ੍ਰੋਗਰਾਮ ਦੀ ਸਮਾਪਤੀ 31 ਅਕਤੂਬਰ ਨੂੰ ਹੇਲੋਵੀਨ ਅਰਬਨ ਫੌਰੈਸਟ ਦੇ ਨਾਲ (Halloween in the Urban Forest) ਸਮਾਗਮ ਨਾਲ ਹੋਵੇਗੀ। ਇਸ ਵਿੱਚ ਦੇਸੀ ਰੁੱਖਾਂ ਅਤੇ ਬੂਟਿਆਂ ਦੀ ਵਿਸ਼ੇਸ਼ ਥੀਮ ਵਾਲੀ ਪੌਧੇਬੰਦੀ ਕੀਤੀ ਜਾਵੇਗੀ, ਜਿਸ ਨਾਲ ਚਮਗਿੱਦੜਾਂ, ਉੱਲੂਆਂ ਅਤੇ ਹੋਰ ਜੰਗਲੀ ਜੀਵਾਂ ਲਈ ਕੁਦਰਤੀ ਆਵਾਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸ਼ਾਮਲ ਹੋਣ ਵਾਲਿਆਂ ਨੂੰ ਕੋਸਟਿਊਮ ਪਹਿਨਣ ਅਤੇ ਹੇਲੋਵੀਨ ਨਾਲ ਸਬੰਧਿਤ ਮਨੋਰੰਜਨ ਦਾ ਆਨੰਦ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਸ ਪਤਝੜ ਵਿੱਚ ਰੁੱਖ ਲਗਾਉਣ ਦੇ ਸਮਾਗਮ ਇਨ੍ਹਾਂ ਪੰਜ ਪਾਰਕਾਂ ਵਿੱਚ ਹੋਣਗੇ:

 

  1. ਫਲੀਟਵੁੱਡ ਪਾਰਕ  (Fleetwood Park )— ਸ਼ਨੀਵਾਰ, 26 ਸਤੰਬਰ (ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ)
  2. ਚੈਂਟਰੈਲ ਕਰੀਕ ਪਾਰਕ (Chantrell Creek Park) — ਸ਼ਨੀਵਾਰ, 3 ਅਕਤੂਬਰ (ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ)
  3. ਵਿਲੀਅਮ ਬੀਗਲ ਪਾਰਕ (William Beagle Park) — ਸ਼ਨੀਵਾਰ, 10 ਅਕਤੂਬਰ (ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ)
  4. ਫਰੇਜ਼ਰ ਹਾਈਟਸ ਪਾਰਕ (Fraser Heights Park) — ਸ਼ਨੀਵਾਰ, 17 ਅਕਤੂਬਰ (ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ)
  5. ਕਲੇਟਨ ਪਾਰਕ (Clayton Park) — ਸ਼ਨੀਵਾਰ, 31 ਅਕਤੂਬਰ (ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ)

ਸ਼ਹਿਰੀ ਜੰਗਲਾਤ ਮਾਮਲਿਆਂ ਦੇ ਮੈਨੇਜਰ ਰੌਬ ਲੈਂਡੂਚੀ (Rob Landucci) ਨੇ ਕਿਹਾ, “ਰੀਲੀਫ਼ ਸਰੀ ਦੇ ਸ਼ਹਿਰੀ ਜੰਗਲ ਨੂੰ ਵਧਾਉਣ ਅਤੇ ਉਸ ਦੀ ਦੇਖਭਾਲ ਕਰਨ ਦੀ ਵਚਨਬੱਧਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਲਗਾਇਆ ਗਿਆ ਰੁੱਖ ਸਾਡੇ ਸ਼ਹਿਰੀ ਜੰਗਲ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਕਈ ਫ਼ਾਇਦਿਆਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਵਿੱਚ ਸਾਫ਼ ਹਵਾ, ਛਾਂ, ਜੰਗਲੀ ਜੀਵਾਂ ਲਈ ਆਵਾਸ ਅਤੇ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਦੀ ਵਧੇਰੇ ਸਮਰੱਥਾ ਸ਼ਾਮਲ ਹੈ। ਸਾਡੇ ਪਾਰਕਾਂ, ਕੁਦਰਤੀ ਖੇਤਰਾਂ ਅਤੇ ਜੰਗਲਾਂ ਦੀ ਦੇਖਭਾਲ ਵਿੱਚ ਸਾਡੇ ਨਾਲ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਧੰਨਵਾਦ।” ਹਰੇਕ ਰੁੱਖ ਲਗਾਉਣ ਵਾਲੇ ਸਮਾਗਮ ਵਿੱਚ ਦਸਤਾਨੇ ਅਤੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਭਾਗ ਲੈਣ ਵਾਲਿਆਂ ਨੂੰ ਬੰਦ ਜੁੱਤੀਆਂ ਪਹਿਨਣ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਸਮਾਗਮ ਮੀਂਹ ਹੋਵੇ ਜਾਂ ਧੁੱਪ, ਜਾਰੀ ਰਹੇਗਾ, ਪਰ ਤੇਜ਼ ਹਵਾਵਾਂ ਜਾਂ ਗੰਭੀਰ ਮੌਸਮੀ ਹਾਲਤਾਂ ਦੀ ਸਥਿਤੀ ਵਿੱਚ ਰੱਦ ਕੀਤਾ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ surrey.ca/releaf ’ਤੇ ਜਾਓ।

Leave a Reply

Your email address will not be published. Required fields are marked *