ਮੋਗਾ-ਸਾਬਕਾ ਰਾਜ ਸੂਚਨਾ ਕਮਿਸ਼ਨਰ ਸ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਮੋਗਾ ਦੀ ਧਰਤੀ ਲਈ ਇਸ ਤੋਂ ਵੱਡੇ ਮਾਣ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਸ ਮਿੱਟੀ ਨੇ ਦੁਨੀਆ ਦੇ ਵਿਗਿਆਨਕ ਨਕਸ਼ੇ ਉੱਤੇ ਆਪਣੀ ਅਮਿੱਟ ਛਾਪ ਛੱਡਣ ਵਾਲੇ ਮਹਾਨ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਨੂੰ ਜਨਮ ਦਿੱਤਾ। ਡਾ. ਕਪਾਨੀ ਦਾ ਨਾਮ ਕੇਵਲ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਸਗੋਂ ਦੁਨੀਆ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਇਤਿਹਾਸ ਵਿੱਚ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵਿਗਿਆਨੀ ਦੀ ਖੋਜ ਨੇ ਆਧੁਨਿਕ ਸੰਚਾਰ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਜਿਸ ਤਕਨਾਲੋਜੀ ਨੇ ਦੁਨੀਆ ਦੇ ਲੋਕਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆ ਦਿੱਤਾ ਉਸ ਮਹਾਨ ਸ਼ਖ਼ਸੀਅਤ ਦੀ ਜਨਮਭੂਮੀ ਮੋਗਾ ਵਿੱਚ ਉਸ ਦੀ ਯਾਦ ਨੂੰ ਸਦੀਵੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਨੂੰ ਫਾਈਬਰ ਆਪਟਿਕਸ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਅੱਜ ਅਸੀਂ ਕੁਝ ਸਕਿੰਟਾਂ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸੁਨੇਹਾ ਭੇਜ ਦਿੰਦੇ ਹਾਂ। ਵਿਦੇਸ਼ਾਂ ਵਿੱਚ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਹਾਂ। ਇੰਟਰਨੈੱਟ ਰਾਹੀਂ ਪਲਾਂ ਵਿੱਚ ਜਾਣਕਾਰੀ ਹਾਸਲ ਕਰ ਲੈਂਦੇ ਹਾਂ ਅਤੇ ਦੁਨੀਆ ਭਰ ਦਾ ਗਿਆਨ ਸਾਡੀਆਂ ਉਂਗਲਾਂ ਉੱਤੇ ਮੌਜੂਦ ਹੈ। ਇਸ ਆਧੁਨਿਕ ਸੰਚਾਰ ਕ੍ਰਾਂਤੀ ਦੇ ਪਿੱਛੇ ਫਾਈਬਰ ਆਪਟਿਕ ਤਕਨਾਲੋਜੀ ਦੀ ਅਹਿਮ ਭੂਮਿਕਾ ਹੈ ਅਤੇ ਇਸ ਖੇਤਰ ਦੇ ਵਿਕਾਸ ਵਿੱਚ ਡਾ. ਕਪਾਨੀ ਦੀ ਵਿਗਿਆਨਕ ਦੇਣ ਨੂੰ ਦੁਨੀਆ ਭਰ ਵਿੱਚ ਯਾਦ ਕੀਤਾ ਜਾਂਦਾ ਹੈ।
ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਡਾ. ਕਪਾਨੀ ਦਾ ਜੀਵਨ ਪੰਜਾਬ ਦੇ ਨੌਜਵਾਨਾਂ ਲਈ ਇੱਕ ਖੁੱਲ੍ਹੀ ਕਿਤਾਬ ਹੈ। 31 ਅਕਤੂਬਰ 1926 ਨੂੰ ਮੋਗਾ ਵਿੱਚ ਜਨਮੇ ਇਸ ਮਹਾਨ ਵਿਗਿਆਨੀ ਨੇ ਆਪਣੀ ਮਿਹਨਤ ਗਿਆਨ ਅਤੇ ਖੋਜ ਦੀ ਲਗਨ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਭਾਰਤ ਤੋਂ ਆਪਣੀ ਯਾਤਰਾ ਸ਼ੁਰੂ ਕਰਕੇ ਇੰਗਲੈਂਡ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਅਤੇ ਫਿਰ ਅਮਰੀਕਾ ਵਿੱਚ ਵਿਗਿਆਨਕ ਖੋਜ ਅਤੇ ਉੱਦਮ ਦੇ ਖੇਤਰ ਵਿੱਚ ਆਪਣੀ ਵਿਲੱਖਣ ਥਾਂ ਬਣਾਈ।
ਉਨ੍ਹਾਂ ਕਿਹਾ ਕਿ ਡਾ. ਕਪਾਨੀ ਦੀ ਖੋਜ ਦਾ ਮਹੱਤਵ ਸਿਰਫ਼ ਇੰਟਰਨੈੱਟ ਤੱਕ ਸੀਮਤ ਕਰਨਾ ਵੀ ਉਨ੍ਹਾਂ ਦੀ ਦੇਣ ਨੂੰ ਛੋਟਾ ਕਰਨਾ ਹੋਵੇਗਾ। ਉਨ੍ਹਾਂ ਦਾ ਕੰਮ ਆਪਟਿਕਸ ਮੈਡੀਕਲ ਉਪਕਰਨਾਂ ਲੇਜ਼ਰ ਤਕਨਾਲੋਜੀ ਅਤੇ ਹੋਰ ਕਈ ਵਿਗਿਆਨਕ ਖੇਤਰਾਂ ਤੱਕ ਫੈਲਿਆ ਹੋਇਆ ਸੀ।
ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਅਤੇ ਚਿੰਤਾ ਵਾਲੀ ਗੱਲ ਹੈ ਕਿ ਜਿਸ ਮੋਗਾ ਸ਼ਹਿਰ ਨੇ ਅਜਿਹੇ ਵਿਸ਼ਵ ਪੱਧਰੀ ਵਿਗਿਆਨੀ ਨੂੰ ਜਨਮ ਦਿੱਤਾ ਉਸ ਸ਼ਹਿਰ ਵਿੱਚ ਅੱਜ ਵੀ ਉਨ੍ਹਾਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਵਿਗਿਆਨਕ ਯੋਗਦਾਨ ਦੇ ਅਨੁਕੂਲ ਉਹ ਸਥਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ।
ਉਨ੍ਹਾਂ ਮੋਗਾ ਦੇ ਸਮੂਹ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡਾ. ਕਪਾਨੀ ਦੀ ਯਾਦ ਨੂੰ ਸਿਰਫ਼ ਇੱਕ ਦਿਨ ਦੇ ਸਮਾਗਮ ਤੱਕ ਸੀਮਤ ਨਾ ਕੀਤਾ ਜਾਵੇ। ਉਨ੍ਹਾਂ ਦੇ ਜਨਮ ਦਿਨ 31 ਅਕਤੂਬਰ ਨੂੰ ਮੋਗਾ ਵਿੱਚ ਵੱਡੇ ਪੱਧਰ ਉੱਤੇ ਵਿਗਿਆਨਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇ ਅਤੇ ਸਕੂਲਾਂ ਕਾਲਜਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਅਤੇ ਖੋਜ ਬਾਰੇ ਵਿਸ਼ੇਸ਼ ਲੈਕਚਰ ਕਰਵਾਏ ਜਾਣ।
ਉਨ੍ਹਾਂ ਖਾਸ ਤੌਰ ਉੱਤੇ ਮੋਗਾ ਦੀ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਸਰਦਾਰਨੀ ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਉੱਤੇ ਵਿਚਾਰਨ ਅਤੇ ਮੋਗਾ ਵਿੱਚ ਡਾ. ਨਰਿੰਦਰ ਸਿੰਘ ਕਪਾਨੀ ਦੀ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਲਈ ਪਹਿਲ ਕਰਨ।
ਡਾ. ਕਪਾਨੀ ਦੇ ਨਾਮ ਉੱਤੇ ਹਰ ਸਾਲ ਵਿਗਿਆਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਜਾਂ ਖੋਜਕਾਰ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਮ ਉੱਤੇ ਖੋਜ ਵਜ਼ੀਫ਼ਾ ਸ਼ੁਰੂ ਕੀਤਾ ਜਾਵੇ ਤਾਂ ਜੋ ਮੋਗਾ ਅਤੇ ਪੰਜਾਬ ਦੇ ਨੌਜਵਾਨ ਵਿਗਿਆਨ ਖੋਜ ਵੱਲ ਪ੍ਰੇਰਿਤ ਹੋਣ।
ਉਨ੍ਹਾਂ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕਿਸੇ ਛੋਟੇ ਸ਼ਹਿਰ ਜਾਂ ਪਿੰਡ ਵਿੱਚ ਜਨਮ ਲੈਣਾ ਮਨੁੱਖ ਦੀਆਂ ਸੰਭਾਵਨਾਵਾਂ ਦੀ ਹੱਦ ਨਹੀਂ ਬਣ ਸਕਦਾ। ਜੇਕਰ ਸੋਚ ਵੱਡੀ ਹੋਵੇ ਤਾਂ ਮੋਗਾ ਦੀ ਇੱਕ ਗਲੀ ਤੋਂ ਉੱਠਿਆ ਨੌਜਵਾਨ ਵੀ ਦੁਨੀਆ ਦੀ ਵਿਗਿਆਨਕ ਦਿਸ਼ਾ ਬਦਲਣ ਵਾਲੀ ਖੋਜ ਕਰ ਸਕਦਾ ਹੈ।
ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੋਗਾ ਆਪਣੇ ਇਸ ਵਿਸ਼ਵ ਪੱਧਰੀ ਨਾਇਕ ਨੂੰ ਉਹ ਸਨਮਾਨ ਦੇਵੇ ਜਿਸ ਦਾ ਉਹ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਡਾ. ਕਪਾਨੀ ਦੀ ਯਾਦਗਾਰ ਬਣਾਉਣਾ ਕਿਸੇ ਇੱਕ ਸਰਕਾਰ ਦੀ ਮਿਹਰਬਾਨੀ ਨਹੀਂ ਸਗੋਂ ਮੋਗਾ ਦੀ ਇਤਿਹਾਸਕ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਯਾਦ ਵਿੱਚ ਇੱਕ ਅਜਿਹਾ ਕੇਂਦਰ ਬਣਨਾ ਚਾਹੀਦਾ ਹੈ ਜਿੱਥੇ ਹਰ ਆਉਣ ਵਾਲਾ ਬੱਚਾ ਇਹ ਜਾਣ ਸਕੇ ਕਿ ਇਸ ਧਰਤੀ ਤੋਂ ਉੱਠੇ ਇੱਕ ਸਿੱਖ ਵਿਗਿਆਨੀ ਨੇ ਦੁਨੀਆ ਦੀ ਸੰਚਾਰ ਪ੍ਰਣਾਲੀ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ।
