Sep 19, 2026

ਸਾਬਕਾ ਮੰਤਰੀ ਰੈਂਡੀ ਤੇ ਸਾਬਕਾ ਐਮ ਪੀ ਜਤੀ ਸਿੱਧੂ ਵਲੋਂ ਸਮਰਥਨ ਦੀ ਅਪੀਲ-

ਮਿਸ਼ਨ- ਐਬਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ 26 ਸਤੰਬਰ ਨੂੰ ਹੋ ਰਹੀ ਜਿਮਨੀ ਚੋਣ ਲਈ ਸੈਂਟਰ ਬੀਸੀ ਦੀ ਉਮੀਦਵਾਰ ਲਖਵਿੰਦਰ ਝੱਜ ਦੇ ਚੋਣ ਦਫਤਰ ਦਾ ਉਦਘਾਟਨ ਮਿਸ਼ਨ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੋਲਦਿਆਂ ਲਖਵਿੰਦਰ ਝੱਜ ਨੇ ਆਏ ਮਹਿਮਾਨਾਂ, ਸਮਰਥਕਾਂ ਅਤੇ ਉਘੀਆਂ ਹਸਤੀਆਂ ਦਾ ਸਵਾਗਤ ਕਰਦਿਆਂ ਇਸ ਹਲਕੇ ਤੋਂ ਆਪਣੇ ਵਲੋਂ ਚੋਣ ਲੜਨ ਦਾ ਮਨੋਰਥ ਸਾਂਝਾ ਕੀਤਾ। ਉਹਨਾਂ ਕਿਹਾ ਕਿ ਅੱਜ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਹੈ ਪਰ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਆਪਣੀ ਸਿਆਸਤ ਕਰਦੇ ਹੋਏ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝ ਰਹੇ ਹਨ। ਇਸ ਹਲਕੇ ਦੀ ਜਿਮਨੀ ਚੋਣ ਕਰਵਾਏ ਜਾਣ ਦੇ ਕਾਰਣ ਅਤੇ ਬੀਸੀ ਕੰਸਰਵੇਟਿਵ ਪਾਰਟੀ ਦੀ ਆਗੂ ਕੈਰੀ ਲਿਨ ਫਿੰਨਲੀ ਦੇ ਇਥੋਂ ਸੀਟ ਜਿੱਤਣ ਲਈ ਉਮੀਦਵਾਰ ਬਣਕੇ ਆਉਣ ਦਾ ਵਿਰੋਧ ਕਰਦਿਆਂ ਉਹਨਾਂ ਕਿਹਾ ਕਿ ਸੂਝਵਾਨ ਵੋਟਰਾਂ ਨੂੰ ਇਸ ਤਰਾਂ ਮੂਰਖ ਨਹੀ ਬਣਾਇਆ ਜਾ ਸਕਦਾ। ਉਹਨਾਂ ਹੋਰ ਕਿਹਾ ਕਿ ਉਹ ਹਲਕੇ ਵਿਚ ਸਿਹਤ ਸਹੂਲਤਾਂ, ਸਿੱਖਿਆ, ਬੁਨਿਆਦੀ ਢਾਂਚੇ ਦੀ ਮਜਬੂਤੀ, ਖੇਤੀਬਾੜੀ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਵਿਧਾਨ ਸਭਾ ਵਿਚ ਜਾਕੇ ਲੋਕਾਂ ਦੀ ਬੁਲੰਦ ਆਵਾਜ਼ ਬਣਨ ਦੀ ਚਾਹਵਾਨ ਹੈ। ਉਹਨਾਂ ਭਾਈਚਾਰੇ ਦੇ ਲੋਕਾਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੰਤਰੀ ਰੈਂਡੀ ਹੇਵਜ, ਸਾਬਕਾ ਐਮ ਪੀ ਜਤੀ ਸਿੱਧੂ , ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ਤੇ ਲਖਵਿੰਦਰ ਝੱਜ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਹੈਪੀ ਗਿੱਲ, ਹਰਜੋਤ ਸਿੰਘ ਸੰਧੂ, ਸੁਰਿੰਦਰਪਾਲ ਗਰੇਵਾਲ, ਸਤਨਾਮ ਸਿੰਘ ਗਿੱਲ, ਭਜਨ ਤੂਰ, ਜੀਵਨ ਦਿਓਲ, ਜਗਦੇਵ ਸਿੰਘ ਮੱਖਣ, ਡਾ ਮਨਮੋਹਣ ਹੀਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *