ਐਬਸਫੋਰਡ-ਮਿਸ਼ਨ ਦੀ ਜਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਬਣੀ ਰਹੇਗੀ-
ਵੈਨਕੂਵਰ ( ਦੇ ਪ੍ਰ ਬਿ)- ਪਾਰਟੀ ਦੇ ਭਾਰੀ ਅੰਦਰੂਨੀ ਦਬਾਅ ਹੇਠ ਆ ਕੇ ਆਖਰ ਕੈਰੀ-ਲਿਨ ਫਿੰਡਲੀ ਨੇ ਬੀ.ਸੀ. ਕੰਸਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਸ਼ਨੀਵਾਰ ਦੁਪਹਿਰ ਨੂੰ ਇਹ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਫਿੰਡਲੀ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਨੇ ਐਤਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਰਾਹੀਂ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਉਹਨਾਂ ਦਾ ਇਹ ਬਿਆਨ ਸਰੀ-ਸਰਪੈਂਟਾਈਨ ਰਿਵਰ ਦੀ ਐਮ ਐਲ ਏ ਲਿੰਡਾ ਹੈਪਨਰ ਵੱਲੋਂ ਪਾਰਟੀ ਕਾਕਸ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ ।
ਫਿੰਡਲੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ “ਇੱਕ ਅਜਿਹਾ ਪਲ ਆਉਂਦਾ ਹੈ ਜਦੋਂ ਲੀਡਰਸ਼ਿਪ ਲਈ ਤੁਹਾਨੂੰ ਸਿਰਫ਼ ਇਹ ਨਹੀਂ ਸੋਚਣਾ ਪੈਂਦਾ ਕਿ ਕੀ ਤੁਸੀਂ ਸੰਘਰਸ਼ ਜਾਰੀ ਰੱਖ ਸਕਦੇ ਹੋ, ਸਗੋਂ ਇਹ ਵੀ ਦੇਖਣਾ ਪੈਂਦਾ ਹੈ ਕਿ ਕੀ ਉਸ ਸੰਘਰਸ਼ ਨੂੰ ਜਾਰੀ ਰੱਖਣ ਨਾਲ ਉਨ੍ਹਾਂ ਲੋਕਾਂ ਅਤੇ ਉਸ ਮਕਸਦ ਦੀ ਸੇਵਾ ਹੁੰਦੀ ਹੈ ਜਿਸ ਲਈ ਤੁਸੀਂ ਜਨਤਕ ਜੀਵਨ ਵਿੱਚ ਆਏ ਸੀ। ਉਨ੍ਹਾਂ ਅੱਗੇ ਕਿਹਾ, “ਮੈਂ ਉਸ ਪੜਾਅ ‘ਤੇ ਪਹੁੰਚ ਗਈ ਹਾਂ ਜਿਥੇ ਇਹ ਫੈਸਲਾ ਲੈਣਾ ਜਰੂਰੀ ਸੀ।
ਇਸਦੇ ਨਾਲ ਹੀ ਫਿੰਡਲੀ ਨੇ ਕਿਹਾ ਕਿ ਉਹ 26 ਸਤੰਬਰ ਨੂੰ ਹੋਣ ਵਾਲੀ ਐਬਟਸਫੋਰਡ-ਮਿਸ਼ਨ ਹਲਕੇ ਦੀ ਉਪ-ਚੋਣ ਵਿੱਚ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਬਣੀ ਰਹੇਗੀ।
ਇਸ ਸਾਲ ਮਈ ਵਿੱਚ ਆਗੂ ਚੁਣੇ ਜਾਣ ਤੋਂ ਬਾਅਦ ਤੋਂ ਹੀ ਫਿੰਡਲੀ ਨੂੰ ਲਗਾਤਾਰ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਤੋਂ ਬਾਦ ਇਕ ਲਗਪਗ 14 ਐਮ ਐਲ ਏ ਪਾਰਟੀ ਛੱਡ ਚੁੱਕੇ ਹਨ। ਬੀਤੇ ਦਿਨ ਪਾਰਟੀ ਤੋਂ ਵੱਖ ਹੋਏ ਕੁਝ ਵਿਧਾਇਕਾਂ ਨੇ ਸੈਂਟਰ ਬੀਸੀ ਨਾਮ ਦੀ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।
ਫਿੰਡਲੀ ਨੇ ਮਈ ਵਿੱਚ 51 ਫੀਸਦੀ ਵੋਟਾਂ ਹਾਸਲ ਕਰਕੇ ਬੀ.ਸੀ. ਕੰਸਰਵੇਟਿਵ ਦੀ ਲੀਡਰਸ਼ਿਪ ਚੋਣ ਜਿੱਤੀ ਸੀ ਅਤੇ ਅੰਤਰਿਮ ਆਗੂ ਟ੍ਰੇਵਰ ਹੈਲਫੋਰਡ ਤੋਂ ਅਹੁਦਾ ਸੰਭਾਲਿਆ ਸੀ। ਹੈਲਫੋਰਡ ਨੇ ਪਾਰਟੀ ਦੇ ਮੋਢੀ ਆਗੂ ਜੌਨ ਰਸਟਡ ਤੋਂ ਅਹੁਦਾ ਸੰਭਾਲਿਆ ਸੀ, ਜਿਨ੍ਹਾਂ ਨੇ ਦਸੰਬਰ 2025 ਵਿੱਚ 20 ਵਿਧਾਇਕਾਂ ਵੱਲੋਂ ਬੇਭਰੋਸਗੀ ਪੱਤਰ ‘ਤੇ ਦਸਤਖਤ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਐਬਸਫੋਰਡ ਮਿਸ਼ਨ ਹਲਕੇ ਦੀ ਜਿਮਨੀ ਚੋਣ ਹੋ ਰਹੀ ਹੈ ਜਿਥੋ ਪਾਰਟੀ ਦੀ ਐਮ ਐਲ ਏ ਰੀਅਨ ਗੈਸਪਰ ਨੇ ਅਸਤੀਫਾ ਦੇਕੇ ਪਾਰਟੀ ਆਗੂ ਲਈ ਸੀਟ ਖਾਲੀ ਕੀਤੀ ਸੀ।
