ਜਲੰਧਰ-‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਉੱਘੇ ਪੱਤਰਕਾਰ ਚੰਦ ਫਤਿਹਪੁਰੀ ਦਾ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਐਤਵਾਰ ਰਾਤ 8 ਵਜੇ ਦੇ ਕਰੀਬ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਆਖ਼ਰੀ ਸਾਹ ਲਏ। ਚੰਦ ਫਤਿਹਪੁਰੀ ਪੰਜਾਬ ਦੇ ਪ੍ਰਮੁੱਖ ਖੱਬੇ ਪੱਖੀ ਆਗੂ, ਲੇਖਕ ਅਤੇ ਚਿੰਤਕ ਸਨ। ਸਿਆਸੀ ਅਤੇ ਸਮਾਜਿਕ ਸਰਗਰਮੀ ਪੱਖੋਂ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਨਾਲ ਜੁੜੇ ਹੋਏ ਸਨ ਅਤੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਅਤੇ ਲੋਕ ਪੱਖੀ ਅੰਦੋਲਨਾਂ ਵਿੱਚ ਸਰਗਰਮ ਸਨ। 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸ਼ਾਹਕੋਟ ਹਲਕੇ ਤੋਂ ਸੀ ਪੀ ਆਈ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਸਨ।
ਚੰਦ ਫਤਿਹਪੁਰੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ਉਤੇ ਨਿਯਮਤ ਤੌਰ ’ਤੇ ਲੇਖ ਅਤੇ ਵਿਚਾਰ ਲਿਖਦੇ ਰਹਿੰਦੇ ਸਨ। ਉਨ੍ਹਾਂ ਦੀਆਂ ਲਿਖਤਾਂ ਵਿੱਚ ਅਕਸਰ ਮੌਜੂਦਾ ਹਕੂਮਤੀ ਨੀਤੀਆਂ, ਬੇਰੁਜ਼ਗਾਰੀ, ਭੁੱਖਮਰੀ ਅਤੇ ਜਮਹੂਰੀ ਹੱਕਾਂ ਦੀ ਰਾਖੀ ਵਰਗੇ ਵਿਸ਼ੇ ਪ੍ਰਮੁੱਖ ਹੁੰਦੇ ਸਨ। ਉਨ੍ਹਾਂ ਦੇ ਦੇਹਾਂਤ ਉਤੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸਵਰਾਜਬੀਰ, ਸੁਰਜੀਤ ਜੱਜ, ਕੁਲਦੀਪ ਸਿੰਘ ਦੀਪ, ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ ਅਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
