ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਕਿਸਾਨ ਤੇ ਕਾਰੋਬਾਰੀ ਚਮਕੌਰ ਸਿੰਘ ਢਿੱਲੋਂ ਦੇ ਸਰੀ ਸਥਿਤ ਫਾਰਮ ਹਾਊਸ ਤੇ ਸਰੀ ਕੁਨੈਕਟ ਦੀ ਆਗੂ ਮੇਅਰ ਬਰੈਂਡਾ ਲੌਕ ਅਤੇ ਉਹਨਾਂ ਦੀ ਟੀਮ ਦੇ ਸਮਰਥਨ ਵਿਚ ਭਰਵੀਂ ਚੋਣ ਇਕੱਤਰਤਾ ਕੀਤੀ ਗਈ। ਇਸ ਮੌਕੇ ਬੋਲਦਿਆਂ ਮੇਅਰ ਬਰੈਂਡਾ ਲੌਕ ਨੇ ਆਪਣੀ ਟੀਮ ਦੇ ਕੌਂਸਲ ਉਮੀਦਵਾਰਾਂ ਮੌਜੂਦਾ ਕੌਂਸਲਰ ਰੌਬ ਸਟੱਟ, ਹੈਰੀ ਬੈਂਸ, ਪਰਦੀਪ ਕੂਨਰ, ਰੌਨਾ ਟੈਪਰ, ਗੋਰਡਨ ਹੈਪਨਰ, ਨੋਇਮੀ ਵਿਕਟਰੀਨੋ, ਵੀਰਾ ਲਾਫਰੈਂਕ ਤੇ ਮਾਈਕਲ ਡੰਨ ਦੀ ਹਾਜ਼ਰੀਨ ਨਾਲ ਜਾਣ ਪਹਿਚਾਣ ਕਰਵਾਈ ਤੇ ਉਹਨਾਂ ਦੀਆਂ ਖੂਬੀਆਂ ਗਿਣਾਈਆਂ। ਇਸ ਮੌਕੇ ਮੇਅਰ ਬਰੈਂਡਾ ਲੌਕ ਨੇ ਪਿਛਲੇ ਚਾਰ ਸਾਲ ਦੌਰਾਨ ਉਹਨਾਂ ਦੀ ਅਗਵਾਈ ਹੇਠ ਸਰੀ ਸ਼ਹਿਰ ਦੇ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਦੀ ਵਿਸਥਾਰ ਵਿਚ ਚਰਚਾ ਕੀਤੀ। ਉਹਨਾਂ ਦੱਸਿਆ ਸਰੀ ਸਿਟੀ ਵਲੋਂ ਪਹਿਲੀ ਵਾਰ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਵਾਉਣ ਦੇ ਮਕਸਦ ਨਾਲ ਇਕ ਪ੍ਰਾਈਵੇਟ ਸੰਸਥਾ ਨਾਲ ਮਿਲਕੇ ਮੈਡੀਕਲ ਕਲੀਨਿਕ ਖੋਲਿਆ ਗਿਆ ਹੈ। ਸ਼ਹਿਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਖੇਡ ਮੈਦਾਨ ਬਣਾਏ ਗਏ ਹਨ। ਟਮੈਨਵਿਸ ਪਾਰਕ ਵਿਚ ਫੀਲਡ ਹਾਕੀ ਲਈ ਤਿੰਨ ਨਵੇਂ ਟਰਫ ਮੈਦਾਨ ਬਣਾਏ ਗਏ ਹਨ। ਕਲੋਵਰਡੇਲ ਵਿਚ ਆਈਸ ਰਿੰਕ ਬਣਾਇਆ ਗਿਆ ਹੈ। ਆਵਾਜਾਈ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਹਿਰ ਦੀਆਂ ਸੜਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। 16 ਕਿਲੋਮੀਟਰ ਸਕਾਈਟਰੇਨ ਦਾ ਬੁਨਿਆਦੀ ਢਾਂਚਾ ਉਸਾਰੀ ਅਧੀਨ ਹੈ। ਸਿਟੀ ਹਾਲ ਵਿਚ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕੀਤਾ ਗਿਆ ਹੈ ਤੇ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ। ਸਰੀ ਪੁਲਿਸ ਵਿਚ 140 ਨਵੇਂ ਪੁਲਿਸ ਅਫਸਰ ਭਰਤੀ ਕੀਤੇ ਗਏ ਹਨ। ਸ਼ਹਿਰ ਦੀਆਂ ਸੜਕਾਂ, ਪਾਰਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਲਈ 1.6 ਬਿਲੀਅਨ ਡਾਲਰ ਖਰਚੇ ਜਾ ਰਹੇ ਹਨ। ਉਹਨਾਂ ਸ਼ਹਿਰ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਸਰੀ ਕੁਨੈਕਟ ਦੀ ਟੀਮ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਉਮੀਦਵਾਰ ਪਰਦੀਪ ਕੂਨਰ ਨੇ ਸਿਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਮੀਟਿੰਗ ਦੇ ਅਖੀਰ ਵਿਚ ਚਮਕੌਰ ਸਿੰਘ ਢਿੱਲੋਂ ਨੇ ਮੇਅਰ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਭਰਵੇਂ ਸਮਰਥਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਦੇਵ ਸਿੰਘ ਸਾਬੀ ਖਹਿਰਾ, ਅਮਰਜੀਤ ਸਿੰਘ ਜੌਹਲ, ਭੁਪਿੰਦਰ ਸਿੰਘ ਭਿੰਦਾ, ਸੁਖਪ੍ਰੀਤ ਕੰਗ ਤੇ ਹੋਰ ਕਈ ਹਾਜ਼ਰ ਸਨ ਜਿਹਨਾਂ ਨੇ ਮੇਅਰ ਅਤੇ ਉਹਨਾਂ ਦੀ ਟੀਮ ਨੂੰ ਕਈ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਤਸੱਲੀਬਖਸ਼ ਜਵਾਬ ਦਿੱਤੇ।





