ਜਸਵੀਰ ਸਿੰਘ ਭਲੂਰੀਆ (ਸਰੀ) (+1-236-622-7799) —
ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਅਨੇਕਾਂ ਸੰਸਥਾਵਾਂ, ਸਖਸ਼ੀਅਤਾਂ, ਅਦਾਰੇ, ਸਹਿਤ ਸਭਾਵਾਂ ਲੇਖਕ ਅਤੇ ਪੱਤਰਕਾਰ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਅਖਬਾਰੀ ਜਗਤ ਰਾਹੀਂ ਉਹ ਖਬਰਾਂ ਜੋ ਪੰਜਾਬ, ਪੰਜਾਬੀ, ਪੰਜਾਬੀਅਤ ਪ੍ਰਤੀ ਸੋਚ ਸਮਝ ਕੇ ਨਿੱਠ ਕੇ ਲਿਖਣ ਵਾਲੇ ਅਨੇਕਾਂ ਕਲਮਕਾਰ ਹਨ। ਇਹਨਾਂ ਵਿੱਚੋਂ ਹੀ ਇੱਕ ਕਲਮ ਦਾ ਧਨੀ ਬਲਬੀਰ ਸਿੰਘ ਬੱਬੀ ਹੈ। ਤਕਰੀਬਨ ਪੰਜਾਬ ਦੇ ਸਾਰੇ ਅਖਬਾਰਾਂ, ਦੇਸ਼ਾਂ-ਵਿਦੇਸ਼ਾਂ ਵਿੱਚ ਛਪਦੇ ਅਖਬਾਰ ਅਤੇ ਇਸ ਤੋਂ ਇਲਾਵਾ ਰੇਡੀਓ ਟੈਲੀਵਿਜ਼ਨ ਤੇ ਮੌਜੂਦਾ ਸਮੇਂ ਚੱਲ ਰਹੇ ਸੋਸ਼ਲ ਮੀਡੀਆ ਵਿੱਚ ਬਹੁਤ ਹੀ ਸਰਗਰਮੀ ਦੇ ਨਾਲ ਬਲਬੀਰ ਸਿੰਘ ਬੱਬੀ ਦੀ ਹਾਜ਼ਰੀ ਲੱਗਦੀ ਹੈ। ਬਲਬੀਰ ਸਿੰਘ ਬੱਬੀ ਨਾਲ ਮੇਰਾ ਵਾਹ-ਵਾਸਤਾ ਇੱਕ ਕਲਮੀ ਦੋਸਤ-ਮਿੱਤਰ ਕਰਕੇ ਪਿਆ। ਮੈਂ ਬੱਬੀ ਦੀ ਇੱਕ ਵਿਸ਼ੇਸ਼ਤਾ ਇਹ ਦੇਖੀ ਹੈ ਕਿ ਕਿਸੇ ਵੀ ਵੱਡੇ ਛੋਟੇ ਲੇਖਕ ਦੀ ਕਿਤੇ ਵੀ ਕੋਈ ਲਿਖਤ ਛਪਦੀ ਹੈ ਤਾਂ ਉਹ ਉਸਨੂੰ ਜਿੱਥੇ ਫੋਨ ਤਾਂ ਕਰਦਾ ਹੀ ਹੈ, ਉੱਥੇ ਅਖਬਾਰਾਂ ਵਿੱਚੋਂ ਕਟਿੰਗ ਭੇਜ ਕੇ ਵੀ ਮਾਣ ਦਿੰਦਾ ਹੈ। ਇਹੋ ਜਿਹੇ ਪਾਠਕ ਅੱਜ ਕੱਲ ਬਹੁਤ ਘੱਟ ਹਨ।
ਬਲਬੀਰ ਸਿੰਘ ਬੱਬੀ ਜ਼ਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਸ਼੍ਰੀ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਤੱਖਰਾਂ ਦਾ ਜੰਮਪਲ ਹੈ। ਮੁਢਲੀ ਸਕੂਲੀ ਵਿਦਿਆ ਤੋਂ ਹੀ ਸਾਹਿਤਕ ਲਗਨ ਲੱਗ ਗਈ ਸੀ। ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਸਮਰਾਲਾ ਅਤੇ ਹੋਰ ਕਈ ਵਿਦਵਾਨਾਂ ਦੇ ਥਾਪੜੇ ਨਾਲ ਬੱਬੀ ਅੱਗੇ ਵਧਿਆ। ਅੱਜ ਬੱਬੀ ਦੀ ਕਲਮ ਹਰ ਪਾਸੇ ਗੂੰਜਦੀ ਹੈ ਤੇ ਆਸ ਕਰਦਾ ਹਾਂ ਕਿ ਗੂੰਜਦੀ ਵੀ ਰਹੇਗੀ।
ਬਹੁਤ ਘੱਟ ਸੱਜਣ ਹੁੰਦੇ ਹਨ ਜਿਹੜੇ ਆਪਣੇ ਦੁੱਖ ਦਰਦ ਛੁਪਾ ਕੇ ਦੁਖਿਆਰੇ ਲੋਕਾਂ ਦਾ ਦੁੱਖ-ਦਰਦ ਮੀਡੀਆ ਵਿੱਚ ਲੈ ਕੇ ਆਉਂਦੇ ਹਨ। ਪਹਿਲਾਂ ਤਾਂ ਮੇਰਾ ਬੱਬੀ ਦੇ ਨਾਲ ਫੋਨ ਉੱਤੇ ਹੀ ਵਾਹ ਵਾਸਤਾ ਸੀ ਤੇ ਫਿਰ ਜਦੋਂ ਇਹ ਲੁਧਿਆਣਾ ਦੇ ਰਘੂ ਹਸਪਤਾਲ ਦੇ ਵਿੱਚ ਆਪਣੇ ਇਲਾਜ ਦੇ ਲਈ ਮੈਨੂੰ ਮਿਲਿਆ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਨੌਜਵਾਨ ਕਿੰਨੀ ਘਾਤਕ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਵੈਸੇ ਬਹੁਤ ਘੱਟ ਲੋਕਾਂ ਨੂੰ ਇਸਦੀ ਬਿਮਾਰੀ ਦਾ ਪਤਾ ਹੋਵੇਗਾ। ਪਹਿਲੀ ਮਿਲਣੀ ਵਿੱਚ ਬੱਬੀ ਨੇ ਦੱਸਿਆ ਕਿ 2008 ਵਿੱਚ ਮੈਂ ਵਿਦੇਸ਼ ਦੀ ਧਰਤੀ ਦੁਬਈ ਦੇ ਵਿੱਚ ਢਾਡੀ ਜਥੇ ਦੇ ਨਾਲ ਗਿਆ। ਕਿਉਂਕਿ ਸ਼ੁਰੂਆਤੀ ਸਮੇਂ ਦੇ ਵਿੱਚ ਜਦੋਂ ਪੰਜਾਬ ਦਾ ਮਾਹੌਲ ਗਰਮ ਜਿਹਾ ਸੀ ਉਸ ਵੇਲੇ ਧਾਰਮਿਕ ਗਤੀਵਿਧੀਆਂ ਜਿਆਦਾ ਸਨ। ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਪੰਜਾਬੀ ਭਵਨ ਵਿੱਚ ਢਾਡੀ ਜਥੇ ਦੇ ਨਾਲ ਬਲਬੀਰ ਸਿੰਘ ਬੱਬੀ ਹਾਜ਼ਰੀ ਲਗਾਉਂਦਾ ਹੈ। ਉੱਥੋਂ ਮਿਲੇ ਪਿਆਰ ਤੋਂ ਬਾਅਦ ਫਿਰ ਇਸ ਪਾਸੇ ਨੂੰ ਤੁਰਿਆ। ਭਾਈ ਹਰੀ ਸਿੰਘ ਗਿੱਲ ਸਿਹੋੜੇ ਵਾਲਿਆਂ ਤੋਂ ਇਸ ਕਲਾ ਦਾ ਗਿਆਨ ਪ੍ਰਾਪਤ ਕੀਤਾ। 2008 ਦੇ ਵਿੱਚ ਬਲਬੀਰ ਸਿੰਘ ਢਾਡੀ ਜਥੇ ਨਾਲ ਦੁਬਈ ਦੀ ਧਰਤੀ ਉੱਤੇ ਜਾਂਦਾ ਹੈ, ਜਾਂਦਾ ਤਾਂ ਉਹ ਸਿੱਖੀ ਦੇ ਪ੍ਰਚਾਰ ਲਈ ਹੈ ਪਰ ਉੱਥੇ ਅਜਿਹਾ ਭਾਣਾ ਵਾਪਰਦਾ ਹੈ ਕਿ ਬੱਬੀ ਦੀ ਜ਼ਿੰਦਗੀ ਦੀ ਸਥਿਤੀ ਬਹੁਤ ਹੀ ਗੜਬੜਾ ਗਈ। ਦੁਬਈ ਦੇ ਰੈਸਲ ਖੇਮਾ ਇਲਾਕੇ ਦੇ ਵਿੱਚ ਹਾਈਵੇ ਦੇ ਉੱਪਰ ਬਲਬੀਰ ਬੱਬੀ ਦਾ ਐਕਸੀਡੈਂਟ ਹੋ ਜਾਂਦਾ ਹੈ। ਰੀੜ ਦੀ ਹੱਡੀ ਫਰੈਕਚਰ ਹੋ ਗਈ। ਬਹੁਤ ਨੁਕਸਾਨੀ ਗਈ ਤੇ ਉੱਥੇ ਇਲਾਜ ਚੱਲਿਆ। ਤਿੰਨ ਮਹੀਨੇ ਤੋਂ ਬਾਅਦ ਵਾਪਸ ਘਰ ਆ ਗਿਆ। ਪਰ ਰੀੜ ਦੀ ਹੱਡੀ ਦੇ ਦੁੱਖ ਨਾਲ ਬੱਬੀ ਦੀ ਜਿੰਦਗੀ ਲੀਹ ਤੋਂ ਲਹਿ ਗਈ। ਲੰਮਾਂ ਸਮਾਂ ਮੰਜੇ ਦੇ ਉੱਤੇ ਪੈਣ ਕਾਰਨ ਸਥਿਤੀ ਅਜਿਹੀ ਬਣ ਗਈ ਕਿ ਰੀੜ ਦੀ ਸੱਟ ਕਾਰਨ ਲੱਕ ਤੋਂ ਹੇਠਲਾ ਹਿੱਸਾ ਸੁੰਨ ਹੋ ਗਿਆ। ਪਿਸ਼ਾਬ ਤੇ ਲੈਟਰੀਨ ਦੀ ਗੰਭੀਰ ਸਮੱਸਿਆ ਖੜੀ ਹੋ ਗਈ ਜਿਸ ਦੇ ਨਾਲ ਬੱਬੀ ਹੁਣ ਤੱਕ ਲੜਦਾ ਆ ਰਿਹਾ ਹੈ।
ਮੈਂ ਜਦੋਂ ਪਿਛਲੀ ਵਾਰ ਕੈਨੇਡਾ ਤੋਂ ਪੰਜਾਬ ਗਿਆ ਤਾਂ ਬੱਬੀ ਨੂੰ ਉਸਦੇ ਪਿੰਡ ਘਰ ਵਿੱਚ ਜਾ ਕੇ ਮਿਲਿਆ ਅਤੇ ਉਸ ਦੀ ਤਰਸਯੋਗ ਹਾਲਤ ਦੇਖ ਕੇ ਹੈਰਾਨ ਵੀ ਹੋਇਆ ਅਤੇ ਪ੍ਰੇਸ਼ਾਨ ਵੀ। ਪਰ ਸਦਕੇ ਜਾਵਾਂ ਬਲਬੀਰ ਬੱਬੀ ਦੇ ਹੌਸਲੇ ਦੇ ਉੱਤੇ ਕਿ ਅਜਿਹੀ ਸਥਿਤੀ ਦੇ ਵਿੱਚ ਵੀ ਇੱਕ ਤਾਂ ਉਹ ਕਸੂਤੀ ਬਿਮਾਰੀ ਦੇ ਨਾਲ ਜੂਝ ਰਿਹਾ ਪਰ ਫਿਰ ਵੀ ਕਲਮ ਨੂੰ ਰੱਬ ਦੇ ਵਾਂਗੂ ਪੂਜ ਰਿਹਾ ਹੈ। ਇਹ ਲਿਖਣ ਦਾ ਕਾਰਨ ਇਹ ਹੈ ਕਿ ਜਦੋਂ ਬੱਬੀ ਲੰਮਾਂ ਸਮਾਂ ਬਿਮਾਰੀ ਜੂਝ ਰਿਹਾ ਸੀ ਤਾਂ ਉਸ ਵੇਲੇ ਉਸ ਦਾ ਸਾਥ ਰੋਜ਼ਾਨਾ ਅਖਬਾਰਾਂ ਤੇ ਕਿਤਾਬਾਂ ਨੇ ਦਿੱਤਾ। ਉਹਦੀਆਂ ਲਿਖਤਾਂ ਪੰਜਾਬ ਨਾਲ ਸੰਬੰਧਿਤ ਪ੍ਰਮੁੱਖ ਅਖਬਾਰਾਂ ਰਸਾਲਿਆਂ ਵਿੱਚ ਛਪੀਆਂ ਅਤੇ ਛਪ ਰਹੀਆਂ ਹਨ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਕਿਸ ਸਥਿਤੀ ਵਿੱਚ ਪਿਆ ਹੈ। ਪੰਜਾਬੀ ਮਾਂ ਬੋਲੀ ਦੇ ਚੰਗੇ ਲੇਖਕਾਂ ਦੇ ਨਾਲ ਉਸ ਦਾ ਮੇਲ ਜੋਲ ਹੈ। ਉਹ ਉਹਨਾਂ ਤੋਂ ਹੁਣ ਤੱਕ ਸੇਧ ਵੀ ਲੈਂਦਾ ਆ ਰਿਹਾ ਹੈ। ਉਹ ਕਿਹੜਾ ਮੁੱਦਾ ਹੈ ਜਿਸ ਉੱਪਰ ਬੱਬੀ ਨੇ ਨਹੀਂ ਲਿਖਿਆ। ਸਭ ਤੋਂ ਵੱਡੀ ਗੱਲ ਹੈ ਕਿ ਘਟਨਾ ਹਾਲੇ ਵਾਪਰਦੀ ਹੁੰਦੀ ਹੈ ਤੇ ਉਸ ਦੀ ਲਿਖਤ ਇਕਦਮ ਸਾਹਮਣੇ ਆ ਜਾਂਦੀ ਹੈ ਜੋ ਹੂ-ਬ-ਹੂ ਸਚਾਈ ਨੂੰ ਪੇਸ਼ ਕਰਦੀ ਹੁੰਦੀ ਹੈ। ਬਲਬੀਰ ਸਿੰਘ ਬੱਬੀ ਆਪਣੇ ਪਰਿਵਾਰ ਦੋ ਬੱਚਿਆਂ ਤੇ ਪਤਨੀ ਸਮੇਤ ਪਿੰਡ ਤੱਖਰਾਂ ਵਿੱਚ ਹੀ ਰਹਿ ਰਿਹਾ ਹੈ। ਕਸੂਤੀ ਜਿਹੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਕੋਈ ਕੰਮ ਕਾਰ ਵੀ ਨਹੀਂ ਕਰ ਸਕਦਾ। ਇਸ ਲਈ ਉਸਨੇ ਪੱਤਰਕਾਰੀ ਨੂੰ ਚੁਣਿਆ ਤੇ ਸੱਚੀ ਤੇ ਸਾਫ਼ ਸੁਥਰੀ ਪੱਤਰਕਾਰੀ ਵਿੱਚ ਧੰਨ ਧੰਨ ਕਰਵਾ ਦਿੱਤੀ। ਬੱਬੀ ਦੀ ਬਿਮਾਰੀ ਬਹੁਤ ਵੱਡੀ ਹੈ। ਲੰਮਾ ਤੇ ਮਹਿੰਗਾ ਇਲਾਜ ਪਿਛਲੇ ਸਮੇਂ ਵਿੱਚ ਚੱਲਿਆ ਅਤੇ ਹੁਣ ਤੱਕ ਵੀ ਚੱਲ ਰਿਹਾ ਹੈ। ਕੁਝ ਸੱਜਣ ਹਨ ਜੋ ਬੱਬੀ ਦੀ ਸੱਚ ਦੀ ਨੋਕ ਉੱਤੇ ਲਿਖਣ ਵਾਲੀ ਕਲਮ ਨੂੰ ਪਸੰਦ ਕਰਦੇ ਹਨ ਪਰ ਬਹੁਤਿਆਂ ਨੂੰ ਉਸ ਦੀ ਸਥਿਤੀ ਬਾਰੇ ਪਤਾ ਨਹੀਂ ਸੀ ਤੇ ਬੱਬੀ ਖੁਦ ਦੁੱਖ ਦੱਸ ਕੇ ਵੀ ਰਾਜੀ ਨਹੀਂ। ਉਸਦਾ ਕਹਿਣਾ ਹੈ ਉਸ ਨੇ ਅਨੇਕਾਂ ਸੰਸਥਾਵਾਂ ਤੇ ਕਈ ਵਿਸ਼ੇਸ਼ ਵਿਅਕਤੀਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਪਰ ਕਿਸੇ ਨੇ ਕੋਈ ਬਹੁਤਾ ਹੁੰਗਾਰਾ ਨਹੀਂ ਭਰਿਆ। ਉਹ ਵਾਰ-ਵਾਰ ਧੰਨਵਾਦ ਕਰਦਾ ਹੈ ਉਨਾਂ ਐਨਆਰਆਈ ਵੀਰਾਂ ਦਾ ,ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਵਿਅਕਤੀਆਂ ਦਾ ਜਿਨਾਂ ਨੇ ਉਸ ਦਾ ਬਿਮਾਰੀ ਵਿੱਚ ਸਾਥ ਦਿੱਤਾ ਤੇ ਹੁਣ ਤੱਕ ਸਾਥ ਦੇ ਰਹੇ ਹਨ। ਮੇਰਾ ਇਹ ਸਭ ਕੁਝ ਲਿਖਣ ਦਾ ਮਕਸਦ ਇਹ ਸੀ ਕਿ ਕੁਝ ਲੋਕ ਕਿਹੋ ਜਿਹੇ ਸਥਿਤੀ ਵਿੱਚ ਹੁੰਦੇ ਹਨ, ਦੁੱਖ ਦਰਦ ਹੰਢਾਅ ਰਹੇ ਹੁੰਦੇ ਹਨ ਪਰ ਉਹ ਪੰਜਾਬ ਦੇ ਹਰ ਦਰਦ ਨੂੰ ਆਪਣਾ ਦਰਦ ਸਮਝ ਕੇ ਲਿਖਦੇ ਤੇ ਪੇਸ਼ ਕਰਦੇ ਹਨ। ਇਹਨਾਂ ਵਿੱਚੋਂ ਬੱਬੀ ਦਾ ਨਾਮ ਵੀ ਸ਼ਾਮਿਲ ਹੈ। ਬੱਬੀ ਨੂੰ ਪੰਜਾਬੀ ਸਾਹਿਤ ਸਭਾਵਾਂ ਤੇ ਹੋਰ ਅਦਾਰਿਆਂ ਵੱਲੋਂ ਮਾਨ ਸਨਮਾਨ ਵੀ ਮਿਲੇ ਹਨ ਪਰ ਆਪਣੀ ਕਸੂਤੀ ਜਿਹੀ ਬਿਮਾਰੀ ਦੀ ਸਥਿਤੀ ਕਾਰਨ ਉਹ ਬਹੁਤ ਘੱਟ ਵਿਚਰਦਾ ਹੈ। ਇਸ ਦਾ ਕਾਰਨ ਉਸ ਨੇ ਦੱਸਿਆ ਕਿ ਮੈਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਕਈ ਵਾਰ ਤਕਲੀਫ਼ ਵੱਧ ਜਾਂਦੀ ਹੈ।
ਬੱਬੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਕਿਤਾਬ ‘ਊੜਾ ਤੇ ਜੂੜਾ’ ਤੋਂ ਇਲਾਵਾ ‘ਬੱਬੀ ਦੀਆਂ ਖਰੀਆਂ ਖਰੀਆਂ’ ਕਿਤਾਬਚਾ ਪਾ ਚੁੱਕਿਆ ਹੈ। ਬੱਬੀ ਖੂਨ ਦਾਨੀ ਵੀ ਹੈ। ਪਿਛਲੇ ਸਮੇਂ ਵਿੱਚ ਬੱਬੀ ਨੇ ਲੋੜਵੰਦ ਲੜਕੀਆਂ ਦਾ ਸਾਥ ਵੀ ਅੱਗੇ ਦਿੱਤਾ। ਉਹਨਾਂ ਦੀਆਂ ਖਬਰਾਂ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿੱਚ ਚਲਾਈਆਂ ਅਤੇ ਦਾਨੀ ਪੁਰਸ਼ਾਂ ਤੋਂ ਮਾਇਕ ਸਹਾਇਤਾ ਵੀ ਕਰਵਾਈ। ਬੱਬੀ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਮੈਂ ਇੱਕ ਕਲਮਕਾਰ ਸਾਥੀ ਹੋਣ ਕਰਕੇ ਇੱਕ ਕਲਮਕਾਰ ਸਾਥੀ ਦੇ ਦੁੱਖ ਨੂੰ ਪਾਠਕਾਂ ਅੱਗੇ ਰੱਖਣਾ ਜਰੂਰੀ ਸਮਝਦਾ ਸੀ। ਇਹ ਲਿਖ ਕੇ ਮੈਂ ਆਪਣਾ ਫਰਜ਼ ਨਿਭਾਇਆ ਹੈ।
ਸਭ ਤੋਂ ਜਰੂਰੀ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਪੰਜਾਬੀ ਚਾਹੇ ਪੰਜਾਬ ਵਿੱਚ ਹਨ, ਭਾਰਤ ਵਿੱਚ ਹਨ, ਵਿਦੇਸ਼ਾਂ ਵਿੱਚ ਚੰਗੇ ਕਾਰੋਬਾਰ ਵੀ ਸਥਾਪਿਤ ਹਨ। ਪਰ ਕੁਝ ਵਿਅਕਤੀ ਦਾਨ ਦੀ ਦਸ਼ਾ ਨੂੰ ਨਹੀਂ ਸਮਝਦੇ। ਕਿੰਨਾ ਚੰਗਾ ਹੋਵੇ ਜੇਕਰ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਤੇ ਪੰਜਾਬ ਲਈ ਤੜਪਣ ਵਾਲੇ ਬਲਬੀਰ ਬੱਬੀ ਦੀ ਕਲਮ ਦਾ ਮਾਣ ਤਾਣ ਦੇਸ਼ ਵਿਦੇਸ਼ ਵਿੱਚ ਬੈਠੇ ਸੱਜਣ ਜਰੂਰ ਕਰਨ, ਜਿਹੜਾ ਕਿ ਬਿਮਾਰੀ ਕਾਰਨ ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਹੋਇਆ ਵੀ ਸਦਾ ਬੁਲੰਦ ਤੇ ਚੜ੍ਹਦੀ ਕਲਾ ਦੇ ਹੌਸਲੇ ਨਾਲ ਵਿਚਰ ਰਿਹਾ ਹੈ ਤੇ ਰੋਜ਼ਾਨਾ ਹੀ ਅਖਬਾਰੀ ਕਾਲਮਾਂ ,ਸੋਸ਼ਲ ਮੀਡੀਆ ਉਪਰ ਆਪਣੀਆਂ ਵਿਸ਼ੇਸ਼ ਰਿਪੋਰਟਾਂ ਲੈ ਕੇ ਸਾਡੇ ਸਨਮੁੱਖ ਤਾ ਹੁੰਦਾ ਹੀ ਹੈ ਤੇ ਸਾਨੂੰ ਜਾਣਕਾਰੀ ਦੇ ਨਾਲ ਨਾਲ ਸੁਚੇਤ ਵੀ ਕਰਦਾ ਹੈ। ਮੈਂ ਵਿਸ਼ੇਸ਼ ਵਿਅਕਤੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਬਲਬੀਰ ਸਿੰਘ ਬੱਬੀ ਵਰਗਾ ਸਿਰੜੀ ਨੌਜਵਾਨ ਜੋ ਕਸੂਤੀ ਬਿਮਾਰੀ ਨਾਲ ਜੂਝ ਰਿਹਾ ਹੈ,ਆਓ ਰਲ ਮਿਲ ਕੇ ਉਸ ਦੀ ਬਾਂਹ ਫੜੀਏ ਅਤੇ ਉਸ ਦਾ ਸਾਥ ਦੇਈਏ ਤਾਂ ਕਿ ਉਸ ਦੀ ਨਿਰੰਤਰ ਕਲਮ ਚਲਦੀ ਰਹੇ।
ਬੱਬੀ ਦਾ ਸੰਪਰਕ ਨੰਬਰ 7009107300
