ਸਰੀ ( ਦੇ ਪ੍ਰ ਬਿ)- ਉਘੇ ਇੰਸੋਰੈਸ ਤੇ ਫਾਇਨੈਂਸੀਅਲ ਸਲਾਹਕਾਰ , ਲਾਈਫਵਾਈਜ਼ ਫਾਈਨੈਂਸ਼ੀਅਲ ਗਰੁੱਪ ਦੇ ਪ੍ਰੈਜੀਡੈਂਟ ਤੇ ਸੀਈਓ ਅਤੇ ਸਰੀ ਦੇ ਮਾਣਮੱਤੇ ਵਸਨੀਕ ਪਰਮਿੰਦਰ ਚੌਹਾਨ ਸਰੀ ਮਿਊਂਸਪਲ ਚੋਣਾਂ ਵਿਚ ਸਾਬਕਾ ਐਮ ਐਲ ਏ ਮਾਈਕ ਸਟਾਰਚੁਕ ਦੀ ਅਗਵਾਈ ਵਾਲੀ ਇਮੈਜਿਨ ਸਰੀ ਸਲੇਟ ਦੀ ਤਰਫੋਂ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਪਿਛਲੇ 34 ਸਾਲ ਤੋਂ ਸਰੀ ਵਿਚ ਰਹਿ ਰਹੇ ਪਰਮਿੰਦਰ ਚੌਹਾਨ ਲਈ ਸਰੀ-ਨਿਊਟਨ ਦਾ ਇਲਾਕਾ ਸਭ ਤੋਂ ਵੱਧ ਅਜ਼ੀਜ਼ ਹੈ ਜਿਥੇ ਉਸਨੇ ਜ਼ਿੰਦਗੀ ਵਿਚ ਸੰਘਰਸ਼ ਕਰਦਿਆਂ ਸਫਲਤਾ ਦੀਆਂ ਮੰਜਿਲਾਂ ਨੂੰ ਸਰ ਕੀਤਾ ਤੇ ਆਪਣੀ ਜਿੰਮੇਵਾਰ ਪਤਨੀ ਨਾਲ ਦੋ ਬੱਚਿਆਂ ਦੀ ਵਧੀਆ ਪਰਵਰਿਸ਼ ਕੀਤੀ ਹੈ। ਪਰਮਿੰਦਰ ਚੌਹਾਨ ਦੇ ਪੰਜਾਬ ( ਇੰਡੀਆ) ਤੋਂ ਕੈਨੇਡਾ ਪਰਵਾਸ ਕਰਨ, ਸਰੀ ਸ਼ਹਿਰ ਵਿਚ ਵੱਸਣ ਤੇ ਸੰਘਰਸ਼ ਦੀ ਕਹਾਣੀ ਉਹਨਾਂ ਅਣਗਿਣਤ ਹੋਰ ਪਰਵਾਸੀਆਂ ਦੇ ਸੰਘਰਸ਼ ਵਾਂਗ ਹੀ ਜਿਹਨਾਂ ਨੇ ਇਥੇ ਆਕੇ ਅਣਥੱਕ ਮਿਹਨਤ ਕੀਤੀ ਤੇ ਇਸ ਸ਼ਾਨਦਾਰ ਮੁਲਕ ਦੇ ਚੰਗੇਰੇ ਪ੍ਰਬੰਧ ਵਲੋਂ ਦਿੱਤੇ ਮੌਕਿਆਂ ਦਾ ਲਾਭ ਲੈਂਦਿਆਂ ਸਫਲਤਾ ਦੀ ਕਹਾਣੀ ਨੂੰ ਅੰਜ਼ਾਮ ਦਿੱਤਾ ਹੈ।
ਉਹਨਾਂ ਨੇ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਦੌਰਾਨ ਜੀਵਨ ਨਿਰਬਾਹ ਲਈ ਕਈ ਕੰਮ ਕੀਤੇ ਤੇ ਫਿਰ ਆਪਣੀ ਐਜੂਕੇਸ਼ਨ ਨੂੰ ਅਪਗਰੇਡ ਕਰਦਿਆਂ, ਮਿਹਨਤ ਤੇ ਲਗਨ ਨਾਲ ਇੰਸੋਰੈਂਸ ਤੇ ਫਾਇਨੈਂਸ਼ੀਅਲ ਖੇਤਰ ਵਿਚ ਮੁਕਾਮ ਹਾਸਲ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਫਾਈਨੈਂਸ਼ੀਅਲ ਇੰਡਸਟਰੀ ਵਿਚ ਕੰਮ ਕਰਦਿਆਂ ਉਹਨਾਂ ਨੇ ਖੁਦ ਆਪਣਾ ‘ਲਾਈਫਵਾਈਜ਼ ਫਾਈਨੈਂਸ਼ੀਅਲ ਗਰੁੱਪ ਸਥਾਪਿਤ ਕੀਤਾ ਜਿਸਦੀ ਉਹ ਪ੍ਰੈਜੀਡੈਂਟ ਤੇ ਸੀ.ਈ.ਓ. ਵਜੋਂ ਅਗਵਾਈ ਕਰ ਰਹੇ ਹਨ। ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮਾਂ ਉਹਨਾਂ ਨੇ ਅਜਿਹੀਆਂ ਹੋਰ ਸੰਸਥਾਵਾਂ ਦੀ ਵੀ ਅਗਵਾਈ ਕੀਤੀ ਹੈ ਜੋ ਹੁਣ ਪੂਰੇ ਕੈਨੇਡਾ ਵਿੱਚ ਸੈਂਕੜੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਦੀਆਂ ਹਨ। ਉਨ੍ਹਾਂ ਨੇ ਕੰਪਨੀਆਂ ਦਾ ਇੱਕ ਅਜਿਹਾ ਨੈੱਟਵਰਕ ਸਥਾਪਤ ਕੀਤਾ, ਜਿਸ ਵਿੱਚ ਕੰਮ ਕਰਦਿਆਂ ਉਨਾਂ ਨੇ ਹਮੇਸ਼ਾ ਸਖ਼ਤ ਮਿਹਨਤ, ਲੋਕਾਂ ਲਈ ਸਤਿਕਾਰ ਅਤੇ ਮਾਨਵੀ ਗੁਣਾਂ ਨੂੰ ਹਮੇਸ਼ਾਂ ਪਹਿਲੀ ਦਿੱਤੀ ਹੈ।
ਪਰਮਿੰਦਰ ਚੌਹਾਨ ਆਪਣੀ ਕਾਰੋਬਾਰੀ ਸੰਸਥਾ ਚਲਾਉਣ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਹ ‘ਪਰਮਿੰਦਰ ਚੌਹਾਨ ਫਾਊਂਡੇਸ਼ਨ’ ਦੇ ਸੰਸਥਾਪਕ ਡਾਇਰੈਕਟਰ, ‘ਸਰੀ ਬੋਰਡ ਆਫ਼ ਟਰੇਡ’ ਦੇ ਸਾਬਕਾ ਡਾਇਰੈਕਟਰ, ‘ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ’ ਦੇ ਮੌਜੂਦਾ ਡਾਇਰੈਕਟਰ ਅਤੇ ‘ਸਰੀ ਨਿਊਟਨ ਰੋਟਰੀ ਕਲੱਬ’ ਦੇ ਸਾਬਕਾ ਪ੍ਰਧਾਨ ਵੀ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ‘ਸਾਊਥ ਏਸ਼ੀਅਨ ਹੈਲਥ ਫੰਡ’ ਦੇ ਬੋਰਡ ਮੈਂਬਰ ਵੀ ਹਨ, ਜੋ ਆਪਣੀ 50 ਸਾਲਾਂ ਦੀ ਵਿਰਾਸਤ ਦਾ ਜਸ਼ਨ ਮਨਾ ਰਿਹਾ ਹੈ। ਉਹਨਾਂ ਨੂੰ ‘ਦਿ ਟਾਈਮਜ਼ ਆਫ਼ ਕੈਨੇਡਾ’ ਵੱਲੋਂ ‘ਐਕਸੀਲੈਂਸ ਇਨ ਬਿਜ਼ਨਸ ਲੀਡਰਸ਼ਿਪ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਵਿੱਤੀ ਸੇਵਾਵਾਂ ਅਤੇ ਲੀਡਰਸ਼ਿਪ ਵਿੱਚ ਸਫਲਤਾ ਬਾਰੇ ਲਿਖਣ ਵਾਲੇ ਇੱਕ ਬੈਸਟ-ਸੈਲਿੰਗ ਪੁਸਤਕ ਲੇਖਕ ਵੀ ਹਨ।
ਪਰਮਿੰਦਰ ਚੌਹਾਨ ਦਾ ਸਭ ਤੋਂ ਵੱਡਾ ਪ੍ਰਭਾਵ ਹਮੇਸ਼ਾ ਉਸ ਭਾਈਚਾਰੇ ਵਿੱਚ ਰਿਹਾ ਹੈ ਜਿਸਨੂੰ ਉਹ ਆਪਣਾ ਘਰ ਮੰਨਦੇ ਹਨ। ਕਈ ਦਹਾਕਿਆਂ ਤੋਂ ਉਹ ਆਪਣੇ ਕਾਰੋਬਾਰ ਦੇ ਨਾਲ ਇਕ ਦ੍ਰਿੜ ਸੰਕਲਪ ਸਮਾਜ ਸੇਵੀ ਵਜੋਂ ਵਿਚਰਦੇ ਆ ਰਹੇ ਹਨ। ਉਹ ‘ਕਵਾਂਟਲਨ ਯੂਨੀਵਰਸਿਟੀ’ ਵਿਖੇ ‘ਐਂਟਰਪ੍ਰਨਿਓਰੀਅਲ ਲੀਡਰਸ਼ਿਪ ਪ੍ਰੋਗਰਾਮ’ ਤਹਿਤ ਵਿਦਿਆਰਥੀਆਂ ਦੇ ਸਹੀ ਮਾਰਗਦਰਸ਼ਨ ਅਤੇ ਸਹਾਇਤਾ ਲਈ ਸਕਾਲਰਸ਼ਿਪ ਪ੍ਰਦਾਨ ਕਰਨ ਵਾਲਿਆਂ ਚੋਂ ਇਕ ਹਨ । ਪਰਮਿੰਦਰ ਦਾ ਮੰਨਣਾ ਹੈ ਕਿ ਸਾਡਾ ਸ਼ਹਿਰ ਅਜਿਹੀ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਇਸਦੇ ਲੋਕਾਂ ਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀਆਂ ਚੁਣੌਤੀਆਂ ਨੂੰ ਸਮਝਦਾ ਹੈ ਤੇ ਯੋਗ ਅਗਵਾਈ ਦੇਣ ਦੇ ਯੋਗ ਹੋਵੇ। ਉਸਨੇ ਸ਼ਹਿਰ ਨੂੰ ਆਂਢ-ਗੁਆਂਢ ਅਤੇ ਪਰਿਵਾਰ-ਦਰ-ਪਰਿਵਾਰ ਵਿਕਸਤ ਹੁੰਦਾ ਦੇਖਿਆ ਹੈ ਅਤੇ ਆਪਣੀ ਇਸੇ ਸਮਝ ਵਿਚੋਂ ਇਮੈਜਿਨ ਸਰੀ ਦੀ ਟੀਮ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਇਹ ਉਹ ਸਲੇਟ ਹੈ ਜੋ ਰਣਨੀਤਕ, ਟਿਕਾਊ ਵਿਕਾਸ ਮਾਡਲਿੰਗ ਲਈ ਵਚਨਬੱਧ ਹੈ ਅਤੇ ਸ਼ਹਿਰ ਦੀ ਸੁਰੱਖਿਆ ਅਤੇ ਬੇਹਤਰ ਰਹਿਣ-ਸਹਿਣ ਬਣਾਉਣ ਨੂੰ ਆਪਣਾ ਮਕਸਦ ਸਮਝਦੀ ਹੈ।
ਪਰਮਿੰਦਰ ਚੌਹਾਨ ਦਾ ਕਹਿਣਾ ਹੈ ਕਿ ਉਹ ਸਰੀ ਸਿਟੀ ਕੌਂਸਲ ਲਈ ਇੱਕ ਕੈਰੀਅਰ ਸਿਆਸਤਦਾਨ ਵਜੋਂ ਨਹੀਂ, ਸਗੋਂ ਇੱਕ ਚੰਗੇ ਗੁਆਂਢੀ, ਇੱਕ ਪਿਤਾ, ਇੱਕ ਪੇਸ਼ੇਵਰ ਅਤੇ ਨਿੱਜੀ ਸਲਾਹਕਾਰ ਵਜੋਂ ਇਕ ਸਮਰਪਿਤ ਸ਼ਹਿਰੀ ਵਜੋਂ ਚੋਣ ਲੜ ਰਿਹਾ ਹੈ। ਜੀਵਨ ਭਰ ਦੇ ਲੀਡਰਸ਼ਿਪ ਤਜਰਬੇ ਅਤੇ ਭਾਈਚਾਰਕ ਸਾਂਝ ਵਾਲੇ ਗੁਣਾਂ ਨਾਲ, ਉਹ ਸਿਟੀ ਅਤੇ ਇਸਦੇ ਉਜਲ ਭਵਿੱਖ ਨੂੰ ਆਕਾਰ ਦੇਣ ਯੋਗਦਾਨ ਪਾਉਣ ਅਤੇ ਸੇਵਾ ਲਈ ਤਿਆਰ ਹੈ। ਉਹ ਅਜਿਹੇ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਲੋਕ ਸੇਵਾ ਨੂੰ ਸਮਰਪਿਤ ਹੋਣ ਲਈ ਤਿਆਰ ਹੈ, ਜਿੱਥੇ ਲੋਕ ਸਰੀ ਨੂੰ ਆਪਣਾ ਘਰ ਕਹਿਣ ਲਈ ਮਾਣ ਮਹਿਸੂਸ ਕਰਦੇ ਹਨ।
