ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਥੇ ਆਪਣੀ ਮੁਲਾਕਾਤ ਦੌਰਾਨ ਵੱਖ-ਵੱਖ ਮੁੱਦਿਆਂ ਉਤੇ ਗੱਲਬਾਤ ਕੀਤੀ। ਇਨ੍ਹਾਂ ’ਚ ਏ ਆਈ, ਇਰਾਨ ਜੰਗ ਅਤੇ ਕਿਸਾਨਾਂ ਲਈ ਮੰਡੀ ਤੱਕ ਪਹੁੰਚ ਜਿਹੇ ਮੁੱਦੇ ਸ਼ਾਮਲ ਸਨ। ਇਸ ਮੌਕੇ ਮੇਜ਼ਬਾਨ ਅਮਰੀਕਾ ਨੇ ਅਹਿਦ ਲਿਆ ਕਿ ਉਹ ਦੋਵਾਂ ਦੇਸ਼ਾਂ ਦੇ ਬਿਹਤਰ ਭਵਿੱਖ ਲਈ ਕੰਮ ਕਰੇਗਾ। ਵ੍ਹਾਈਟ ਹਾਊਸ ਵਿੱਚ ਜਿਨਪਿੰਗ ਦੇ ਰਸਮੀ ਸਵਾਗਤ ਮੌਕੇ ਸੰਖੇਪ ਭਾਸ਼ਣ ਤੋਂ ਬਾਅਦ ਟਰੰਪ ਅਤੇ ਸ਼ੀ ਗੱਲਬਾਤ ਲਈ ਓਵਲ ਆਫਿਸ ਵਿੱਚ ਮਿਲੇ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨਪਿੰਗ ਨਾਲ ਉਨ੍ਹਾਂ ਦੀ ਮੀਟਿੰਗ ਬਹੁਤ ਵਧੀਆ ਰਹੀ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ 2016 ਵਿੱਚ ਆਪਣੀ ਪਹਿਲੀ ਚੋਣ ਤੋਂ ਬਾਅਦ ਉਨ੍ਹਾਂ ਅਤੇ ਸ਼ੀ ਨੇ ਆਪਸੀ ਸਤਿਕਾਰ ਨਾਲ ਆਪਣੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ‘ਬਹੁਤ ਵਧੀਆ ਦੋਸਤੀ’ ਕਾਇਮ ਰੱਖੀ ਹੈ। ਦੱਸਣਯੋਗ ਹੈ ਕਿ ਕਿਸੇ ਵੀ ਪ੍ਰਮੁੱਖ ਅਮਰੀਕੀ ਟੀ ਵੀ ਨੈੱਟਵਰਕ ਨੇ ਟਰੰਪ ਅਤੇ ਸ਼ੀ ਦੀ ਮੀਟਿੰਗ ਜਾਂ ਵ੍ਹਾਈਟ ਹਾਊਸ ਵਿੱਚ ਹੋਏ ਸਮਾਗਮਾਂ ਦੀ ਲਾਈਵ ਫੁਟੇਜ ਪ੍ਰਸਾਰਿਤ ਨਹੀਂ ਕੀਤੀ। ਇਸ ਮੌਕੇ ਸ਼ੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਸੱਦੇ ’ਤੇ ਦੋਸਤੀ ਨੂੰ ਹੋਰ ਮਜ਼ਬੂਤ ਕਰਨ, ਸਹਿਯੋਗ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਆਏ ਹਨ।
ਜਿਨਪਿੰਗ ਨੇ ਅਮਰੀਕੀਆਂ ਨੂੰ ਚੀਨ ’ਚ ਪੜ੍ਹਨ ਦਾ ਸੱਦਾ ਦਿੱਤਾ
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਇੱਕ ਲੱਖ ਨੌਜਵਾਨ ਅਮਰੀਕੀਆਂ ਨੂੰ ਪੜ੍ਹਾਈ ਲਈ ਚੀਨ ਆਉਣ ਦਾ ਸੱਦਾ ਦਿੱਤਾ ਜਾਵੇਗਾ। ਇਹ ਐਲਾਨ ਸ਼ੀ ਨੇ ਵ੍ਹਾਈਟ ਹਾਊਸ ਵਿੱਚ ਕੀਤਾ। ਚੀਨੀ ਆਗੂ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਉਮੀਦ ਇਸ ਦੇ ਲੋਕਾਂ ਵਿੱਚੋਂ ਪੈਦਾ ਹੁੰਦੀ ਹੈ ਤੇ ਭਵਿੱਖ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ।
