ਚੰਡੀਗੜ- ਕਾੰਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਚੰਡੀਗੜ ਵਿਚ ਸਰਕਾਰੀ ਕੋਠੀਆਂ ਪੰਜਾਬ ਤੋਂ ਬਾਹਰਲੇ ਆਪ ਦੇ ਅਹੁਦੇਦਾਰਾਂ ਨੂੰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਲਿਆਉਣ ਅਤੇ ਇਕ ਆਪ ਕਾਰਕੁੰਨ ਗਾਇਤਰੀ ਬਿਸ਼ਨੋਈ ਵਲੋਂ ਸ਼ੋਸਲ ਮੀਡੀਆ ਉਪਰ ਖਹਿਰਾ ਨੂੰ ਝਾੜ ਪਾਉਣ ਤੇ ਗੁੱਸੇ ਵਿਚ ਸਾਲਿਆਂ ਕਹਿਣ ਦਾ ਮੁੱਦਾ ਕਾਫੀ ਭਖਿਆ ਪਿਆ ਹੈ। ਵਿਰੋਧੀ ਧਿਰਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਣ ਮੰਗਿਆ ਜਾ ਰਿਹਾ ਹੈ ਕਿ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿਚ ਆਪ ਅਹੁਦੇਦਾਰ ਅਤੇ ਕਾਰਕੁੰਨ ਕਿਸ ਹੈਸੀਅਤ ਵਿਚ ਕਬਜ਼ਾ ਜਮਾਈ ਬੈਠੇ ਹਨ।
ਇਸੇ ਦੌਰਾਨ ਸਮਾਣਾ ਵਿਖੇ ‘ਮਾਵਾਂ-ਧੀਆਂ ਇਨਸਾਫ਼ ਰੈਲੀ’ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਤੋਂ ਕਿੰਨੇ ਬਿਮਾਰ ਲੋਕਾਂ ਵਾਸਤੇ ਉਨ੍ਹਾਂ ਆਪਣਾ ਮੰਤਰੀ ਵਾਲਾ ਬੰਗਲਾ ਖੋਲ੍ਹਿਆ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦੀ ਵਸਨੀਕ ਗਾਇਤਰੀ ਬਿਸ਼ਨੋਈ ’ਤੇ ’ਤਰਸ’ ਕਿਉਂ ਆਇਆ, ਜਿਸ ਨੂੰ ਸਾਰਾ ਬੰਗਲਾ ਹੀ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਇਹ ਦੱਸੇ ਕਿ ਉਹ ਪੰਜਾਬੀਆਂ ਦਾ ਪੈਸਾ ਅਤੇ ਸਰੋਤ ਬਾਹਰਲਿਆਂ ਨੂੰ ਕਿਉਂ ਦੇ ਰਹੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਡਾ. ਬਲਬੀਰ ਸਿੰਘ ਵੱਲੋਂ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕਰਨ ਦੇ ਬਾਵਜੂਦ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਨਾਲ ਜੁੜੇ ਰਾਜਿੰਦਰਾ ਹਸਪਤਾਲ ਦੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ ਅਤੇ ਡਾਕਟਰ ਟਾਰਚ ਲਾਈਟਾਂ ਹੇਠ ਅਪਰੇਸ਼ਨ ਕਰਨ ਲਈ ਮਜਬੂਰ ਹਨ।
