Sep 30, 2026

ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ ਪੌਣੇ ਦੋ ਘੰਟੇ ਦਾ ਨਾਟਕ-

ਸਰੀ ( ਰਵੀ ਕਾਂਤ, ਭਲੂਰੀਆ)- ਬੀਤੇ ਐਤਵਾਰ ਪੰਜਾਬ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ,  ਕਵਿੰਦਰ ਚਾਂਦ ਅਤੇ ਉਘੇ ਲੇਖਕ ਅਮਰੀਕ ਪਲਾਹੀ ਦੇ ਉੱਦਮ ਸਦਕਾ ਡਾ ਸਾਹਿਬ ਸਿੰਘ ਦਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਪੇਸ਼ ਕੀਤਾ ਗਿਆ। ਕਰੀਬ ਇੱਕ ਘੰਟਾ 40 ਮਿੰਟ ਦੇ ਇਕ ਪਾਤਰੀ ਨਾਟਕ ਦੀ ਇਸ ਪੇਸ਼ਕਾਰੀ ਨੇ ਭਾਰੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਜੋੜੀ ਰੱਖਿਆ।

ਨਾਟਕ ਰਾਹੀਂ ਸੰਤਾਲੀ ਦੀ ਦੁਖਦਾਈ ਵੰਡ, 84 ਦੇ ਦੁਖਾਂਤ ਅਤੇ ਮਾਨਵੀ ਸੰਵੇਦਨਾ ਨੂੰ ਝੰਜੋੜਨ ਵਾਲੀਆਂ ਹੋਰ ਘਟਨਾਵਾਂ ਨੂੰ ਸੂਤਰਬੱਧ ਕਰਦਿਆਂ ਡਾ ਸਾਹਿਬ ਸਿੰਘ ਨੇ ਇਵੇਂ ਪ੍ਰਸਤੁਤ ਕਰਦਿਆਂ ਪੰਜਾਬੀ ਨਾਟਕ ਦੀ ਬੁਲੰਦੀ ਦਾ ਗਹਿਰਾ ਅਹਿਸਾਸ ਕਰਵਾਇਆ। ਇਸ ਮੌਕੇ ਕਵਿੰਦਰ ਚਾਂਦ ਨੇ ਕਿਹਾ ਕਿ ਨਾਟਕ ਨੇ ਦਰਸ਼ਕਾਂ ਨੂੰ ਜ਼ਿੰਦਗੀ ਅਤੇ ਸਮਾਜ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ, ਜਦਕਿ ਸੁਰਜੀਤ ਸਿੰਘ ਮਾਧੋਪੁਰੀ ਨੇ ਇਸ ਦੇ ਪਿਆਰ, ਸਤਿਕਾਰ ਅਤੇ ਸਾਂਝ ਦੇ ਸੰਦੇਸ਼ ਦੀ ਸ਼ਲਾਘਾ ਕੀਤੀ। ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਨਾਟਕ ਦੀ ਕਹਾਣੀ ਅਤੇ ਸਾਹਿਬ ਸਿੰਘ ਦੀ ਅਦਾਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੇਸ਼ਕਾਰੀ ਮਨੁੱਖਤਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਸੰਦੇਸ਼ ਦਿੰਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖੀ ਬਾਠ ਨੇ ਕਿਹਾ ਕਿ ਪੰਜਾਬ ਭਵਨ ਅਤੇ ਸੁਖੀ ਬਾਠ ਮੋਟਰਜ਼ ਵੱਲੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਲੇ ਕਲਾ ਤੇ ਸੱਭਿਆਚਾਰਕ ਉਪਰਾਲਿਆਂ ਨੂੰ ਸਹਿਯੋਗ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਦਰਸ਼ਕ ਨਾਟਕ ਦੇਖਣ ਪਹੁੰਚੇ। ਡਾ. ਸਾਹਿਬ ਸਿੰਘ ਨੇ ਦਰਸ਼ਕਾਂ ਦੇ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਦੀ ਅਸਲ ਪੂਰਤੀ ਦਰਸ਼ਕਾਂ ਤੱਕ ਪਹੁੰਚਣ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਮਨੁੱਖੀ ਸੰਵੇਦਨਾ ਨੂੰ ਜਗਾਉਣ ਅਤੇ ਸਮਾਜ ਨੂੰ ਆਪਣੇ ਆਲੇ-ਦੁਆਲੇ ਦੇ ਹਾਲਾਤਾਂ ਬਾਰੇ ਸੋਚਣ ਲਈ ਪ੍ਰੇਰਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਪੇਸ਼ਕਾਰੀ ਉਪਰੰਤ ਦਰਸ਼ਕਾਂ ਵੱਲੋਂ ਨਾਟਕ ਅਤੇ ਸਾਹਿਬ ਸਿੰਘ ਦੀ ਅਦਾਕਾਰੀ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਇਸ ਮੌਕੇ ਪ੍ਰਬੰਧਕਾਂ ਵਲੋਂ ਤਾਜ ਪਾਰਕ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰਜੀਤ ਸਿੰਘ ਥਿਆੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸ ਥਿਆੜਾ ਨੇ ਐਲਾਨ ਕੀਤਾ ਕਿ ਜਦ ਵੀ ਡਾ ਸਾਹਿਬ ਸਿੰਘ ਸਰੀ ਵਿਚ ਕੋਈ ਲੋਕ ਪੱਖੀ ਨਾਟਕ ਕਰਨਾ ਚਾਹੁਣਗੇ ਤਾਂ ਨਾਟ ਪ੍ਰੇਮੀਆਂ ਲਈ ਹਾਲ ਵਿਚ ਦਾਖਲਾ ਫਰੀ ਹੋਵੇਗਾ।

 

 

Leave a Reply

Your email address will not be published. Required fields are marked *