ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀ.ਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ ਹਰ ਸਾਲ 10 ਵਿਅਕਤੀਆਂ ਨੂੰ ਜੋ 80 ਸਾਲ ਤੋਂ ਉੱਪਰ ਹੋਣ ਅਤੇ ਜਿਨ੍ਹਾਂ ਨੇ ਕਮਿਊਨਿਟੀ ਵਾਸਤੇ ਵਲੰਟੀਅਰ ਸੇਵਾਵਾਂ ਕੀਤੀਆਂ ਹੋਣ, ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਭਾਰਤੀ ਭਾਈਚਾਰੇ ਵਿਚੋਂ ਸੁੱਚਾ ਸਿੰਘ ਕਲੇਰ, ਰਣਜੀਤ ਸਿੰਘ ਹੇਅਰ ਅਤੇ ਸੋਹਣ ਸਿੰਘ ਦਿਓ ਅਤੇ ਕੁਝ ਹੋਰ ਨਿਵਾਸੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਸਾਲ ਕੈਪਟਨ ਸੁਰਿੰਦਰ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਢਿੱਲੋਂ ਨੂੰ 10 ਵਿਅਕਤੀਆਂ ਸਮੇਤ ਸਨਮਾਨਿਤ ਕੀਤਾ ਗਿਆ। ਦੇਵ ਹੇਅਰ ਇਸ ਸੰਸਥਾ ਦੇ ਵਾਈਸ ਪ੍ਰਧਾਨ ਹਨ ਅਤੇ ਹਰ ਸਾਲ ਬੜੀ ਮਿਹਨਤ ਨਾਲ ਇਹ ਸਾਰਾ ਪ੍ਰੋਗਰਾਮ ਤਿਆਰ ਕਰਦੇ ਹਨ। ਕੈਪਟਨ ਸੁਰਿੰਦਰ ਸਿੰਘ ਸਿੱਧੂ 1993 ਵਿਚ ਕੈਨੇਡਾ ਆਏ ਇੱਥੇ ਆ ਕੇ ਉਨ੍ਹਾਂ ਨੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਸੀਨੀਅਰ ਵਾਈਸ ਪ੍ਰਧਾਨ ਦੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਰੋਜ਼ੀ ਰੋਟੀ ਲਈ ਟੈਕਸੀ ਡਰਾਈਵਰ ਅਤੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਦੀ ਮਦਦ ਕੀਤੀ। ਭਾਰਤ ਵਿਚ ਫ਼ੌਜ ਵਿਚ ਇਨ੍ਹਾਂ ਨੇ 29 ਸਾਲ ਦੇਸ਼ ਦੀ ਸੇਵਾ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੀ ਗਈ। ਸਟੇਜ ਤੋਂ ਸਾਰੇ 10 ਵਿਅਕਤੀਆਂ ਦੀਆਂ ਉਪਲਬਧੀਆਂ ਅੰਗਰੇਜ਼ੀ ਵਿਚ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਹੇਸਟਿੰਗ ਸਟਰੀਟ ਤੇ ਪਿੰਕ ਰੈਸਟੋਰੈਂਟ ਵਿਚ ਸ਼ਾਨਦਾਰ ਲੰਚ ਕਰਵਾਇਆ ਗਿਆ। ਲੱਕੀ ਡਰਾਅ ਕੱਢੇ ਗਏ। ਕੈਪਟਨ ਸੁਰਿੰਦਰ ਸਿੰਘ ਨਾਲ ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਯਾਦਗਾਰੀ ਤਸਵੀਰਾਂ ਲਈਆਂ ਗਈਆਂ।
ਐਨ.ਡੀ.ਪੀ ਉਮੀਦਵਾਰ ਸੁਨੀਤਾ ਧੀਰ ਅਤੇ ਅਮਨ ਸਿੰਘ ਦੀ ਚੋਣ ਨੂੰ ਭਰਵਾਂ ਹੁੰਗਾਰਾ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀ.ਸੀ ਦੀਆਂ ਚੋਣਾ ਦਾ ਬਿਗਲ ਵੱਜ ਗਿਆ ਹੈ ਜੋ 24 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਵੈਨਕੂਵਰ ਦੀ ਲੰਗਾਰਾ ਸੀਟ ਤੋਂ ਮੌਜੂਦਾ ਐਮ.ਐਲ.ਏ ਸੁਨੀਤਾ ਧੀਰ ਅਤੇ ਫਰੇਜਰ ਵਿਊ ਸਾਊਥ ਤੋਂ ਅਮਨ ਸਿੰਘ ਦੀ ਚੋਣ ਰੈਲੀ ਨੂੰ ਉਸ ਸਮੇਂ ਭਰਵਾ ਹੁੰਗਾਰਾ ਮਿਲਿਆ ਜਦੋਂ ਕਮਿਊਨਿਟੀ ਦੇ ਪਤਵੰਤਿਆਂ ਨੂੰ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬਹੁਤ ਵੱਡੀ ਗਿਣਤੀ ਵਿਚ ਫਰੇਜਰ ਸਟਰੀਟ ਤੇ 50 ਐਵਿਨਿਊ ਤੇ ਦਫ਼ਤਰ ਖੋਲਣ ਤੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਨ੍ਹਾਂ ਦੋਵਾਂ ਦੇ ਹੌਸਲੇ ਬੁਲੰਦ ਹੋਏ ਜਦੋਂ ਸੁਨੀਤਾ ਧੀਰ ਤੇ ਅਮਨ ਸਿੰਘ ਦੇ ਬੈਨਰ ਫੜ ਕੇ ਵਲੰਟੀਅਰਾਂ ਨੇ ਫ਼ੋਟੋ ਖਿਚਾਈਆਂ।
ਭਾਰਤ ਦੇ ਕੌਂਸਲੇਟ ਜਨਰਲ ਰੁੰਗਸੁੰਗ ਮੈਸਕੂਈ ਨੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਪੌਦਾ ਲਗਾਇਆ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਨਵੰਬਰ ਵਿਚ ਆ ਰਿਹਾ ਹੈ। ਭਾਰਤ ਦੇ ਕੌਂਸਲੇਟ ਜਨਰਲ ਰੁੰਗਸੁੰਗ ਮੈਸਕੂਈ ਵੱਲੋਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਗੁਰੂ ਜੀ ਨੂੰ ਸਮਰਪਿਤ ਪੌਦਾ ਲਗਾਇਆ ਗਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ-ਪਤਨੀ ਅਤੇ ਸਟਾਫ਼ ਮੈਂਬਰ ਵੀ ਪਰਿਵਾਰ ਸਮੇਤ ਪਹੁੰਚੇ। ਗੁਰੂ ਘਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਨਾਲ ਲੰਗਰ ਛਕਿਆ। ਕਮਿਊਨਿਟੀ ਲੀਡਰਾਂ ਨੇ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਜਾਣ ਵਾਲਿਆਂ ਨੂੰ ਵੀਜ਼ਾ ਸਹੂਲਤਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਗੱਲਬਾਤ ਬਹੁਤ ਸੁਖਾਵੇਂ ਮਾਹੌਲ ਵਿਚ ਹੋਈ । ਯਾਦਗਾਰੀ ਤਸਵੀਰਾਂ ਲਈਆਂ ਗਈਆਂ।
ਬੇਟੀ ਅੰਬਰ ਵੀਰ ਦਾ ਜਨਮ ਦਿਨ ਗੁਰੂ ਘਰ ਵਿਖੇ ਮਨਾਇਆ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸੰਧੂ ਪਰਿਵਾਰ ਵੱਲੋਂ ਬੇਟੀ ਅੰਬਰ ਵੀਰ ਦੇ ਜਨਮ ਦੀ ਖ਼ੁਸ਼ੀ ਵਿਚ ਅਖੰਡਪਾਠ ਦੀ ਸੇਵਾ ਕਰਵਾਈ ਗਈ। ਤਿੰਨੇ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਗਿਆਨੀ ਜੀ ਵੱਲੋਂ ਬੇਟੀ ਦੀ ਲੰਮੀ ਉਮਰ, ਤੰਦਰੁਸਤੀ ਤੇ ਉਚੇਰੀ ਵਿੱਦਿਆ ਦੀ ਅਰਦਾਸ ਬੇਨਤੀ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਬੇਟੀ ਨੂੰ ਯਾਦਗਾਰੀ ਚਿੰਨ੍ਹ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
