Oct 13, 2026
ਕੁਲਦੀਪ ਸਿੰਘ ਬੇਦੀ-
ਲੁਧਿਆਣਾ-ਬੀਤੇ ਦਿਨੀਂ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਈ ਗਈ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦ ਨੂੰ ਸਮਰਪਿਤ ‘ਕਥਾਕਾਰ ਮਿਲਣੀ-2’ ਯਾਦਗਾਰੀ ਹੋ ਨਿੱਬੜੀ। ਪੰਜਾਬ ਪੱਧਰੀ ਇਸ ਸਾਹਿਤਕ ਸਮਾਗਮ ਦਾ ਮਕਸਦ ਪੰਜਾਬੀ ਦੇ ਕਥਾਕਾਰਾਂ, ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਪੰਜਾਬੀ ਕਹਾਣੀ ਦੀ ਪਰੰਪਰਾ, ਸਮਕਾਲੀ ਸਰੋਕਾਰਾਂ ਅਤੇ ਨਵੇਂ ਪਸਾਰਿਆਂ ਬਾਰੇ ਸਾਰਥਕ ਸੰਵਾਦ ਸਿਰਜਣਾ ਸੀ।
ਸਮਾਗਮ ਦੀ ਸ਼ੁਰੂਆਤ ਜਸਵੰਤ ਸਿੰਘ ਜਫ਼ਰ (ਡਾਇਰੈਕਟਰ ਭਾਸ਼ਾ ਵਿਭਾਗ ) , ਮੁੱਖ ਪ੍ਰਬੰਧਕ ਕਹਾਣੀਕਾਰ ਅਲਫ਼ਾਜ਼ ਦੇ ਨਾਲ ਹੋਰ ਅਹੁਦੇਦਾਰਾਂ ਅਤੇ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਬੂਟਾ ਲਗਾਉਣ ਦੀ ਰਸਮ ਨਾਲ ਹੋਈ। ਬੀਤੇ ਦਿਨ ਸਵਰਗ ਸਿਧਾਰ ਗਏ ਪ੍ਰਸਿੱਧ ਕਹਾਣੀਕਾਰ ਅਤੇ ਵਿਅੰਗਕਾਰ ਕੇ.ਐਲ.ਗਰਗ ਨੂੰ ਸ਼ਰਧਾਂਜਲੀ ਦੇਣ ਉਪਰੰਤ ਪ੍ਰਸਿੱਧ ਆਲੋਚਕ ਅਤੇ ਅਨੁਵਾਦਿਕ ਡਾ. ਜਸਵਿੰਦਰ ਕੌਰ ਬਿੰਦਰਾ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ, ਜਦਕਿ ਖ਼ਾਲਸਾ ਕਾਲਜ ,ਮੁਕਤਸਰ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਨੇ ‘ਕਥਾਕਾਰ ਮਿਲਣੀ’ ਦੇ ਉਦੇਸ਼ ਅਤੇ ਸਾਹਿਤਕ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ।
ਪਹਿਲੇ ਸੈਸ਼ਨ ਦਾ ਸੰਚਾਲਨ ਪ੍ਰੋਗਰਾਮ ਦੇ ਸਹਿ-ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਨੇ ਕੀਤਾ। ਉਨ੍ਹਾਂ ਨੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ. ਪਰਮਜੀਤ ਅਤੇ ਡਾ. ਜੇ. ਬੀ. ਸੇਖੋਂ ਨੂੰ ਪੰਜਾਬੀ ਕਹਾਣੀ ਨਾਲ ਸਬੰਧਿਤ ਆਪਣੇ ਪਰਚੇ ਪੇਸ਼ ਕਰਨ ਲਈ ਸੱਦਾ ਦਿੱਤਾ।
ਇਸ ਮੌਕੇ ਸ. ਬਲਦੇਵ ਸਿੰਘ ਸੜਕਨਾਮਾ (ਨਾਵਲਕਾਰ ), ਡਾ. ਬਲਦੇਵ ਸਿੰਘ ਧਾਲੀਵਾਲ(ਆਲੋਚਕ), ਐਚ. ਐਸ. ਡਿੰਪਲ( ਪ੍ਰੋਗਰਾਮ ਕਨਵੀਨਰ) , ਡਾ. ਦੀਪਤੀ ਬਬੂਟਾ ਅਤੇ ਡਾ. ਸੁਖਪਾਲ ਥਿੰਦ ਨੇ ਇਤਿਹਾਸ, ਕਥਾ-ਵਿਧਾ ਅਤੇ ਸਮਕਾਲੀ ਕਹਾਣੀ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਸਾਂਝੇ ਕੀਤੇ। ਭੁਪਿੰਦਰ ਮਾਨ ਨੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਹਾਣੀ ਦੇ ਪ੍ਰਸੰਗ ਵਿੱਚ ਕਥਾ ਦੀਆਂ ਵੱਖ-ਵੱਖ ਪਰਤਾਂ ਨੂੰ ਸੰਵਾਦ ਰਾਹੀਂ ਸਮਝਣ ਦਾ ਯਤਨ ਕੀਤਾ।
ਦੂਜੇ ਸੈਸ਼ਨ ਦੀ ਸ਼ੁਰੂਆਤ ਇਸ ਸਾਲ ਦੇ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਜਸਪਾਲ ਮਾਨਖੇੜਾ ਨੇ ਮੰਚ ਸੰਚਾਲਨ ਕਰਦਿਆਂ ਕਹਾਣੀ ਨਾਲ ਜੁੜੇ ਸਵਾਲਾਂ ਅਤੇ ਸਰੋਤਿਆਂ ਦੀਆਂ ਜਿਗਿਆਸਾਵਾਂ ਨੂੰ ਸੰਵਾਦ ਦੇ ਰੂਪ ਵਿੱਚ ਅੱਗੇ ਤੋਰਿਆ।
ਸਮਾਗਮ ਵਿੱਚ ਕਰੀਬ 50 ਕਥਾਕਾਰਾਂ, ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਨੇ ਸ਼ਮੂਲੀਅਤ ਕੀਤੀ। ਚਰਚਾ ਦੌਰਾਨ ਕਹਾਣੀ ਦੀ ਬਦਲ ਰਹੀ ਪ੍ਰਕਿਰਤੀ, ਮੌਜੂਦਾ ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਨਵੀਂ ਪੀੜ੍ਹੀ ਦੇ ਕਥਾਕਾਰਾਂ ਅਤੇ ਸਥਾਪਤ ਸਾਹਿਤਕਾਰਾਂ ਵਿਚਕਾਰ ਹੋਇਆ ਸਿੱਧਾ ਸੰਵਾਦ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ।
ਪੰਜਾਬੀ ਕਥਾ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਕਹਾਣੀਕਾਰ ਸ. ਅਤਰਜੀਤ ਸਿੰਘ ਬਠਿੰਡਾ ਅਤੇ ਸਮੁੰਦਰਨਾਮਾ ਫੇਮ ਸ. ਪਰਮਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਸਾਹਿਤਕ ਸੇਵਾ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
    ਵਿਦੇਸ਼ੀ ਸਾਹਿਤਕਾਰਾਂ ਵੱਲੋਂ ਲਾਇਵ ਹਾਜ਼ਰੀ ਨਾਲ ਸੁਨੇਹੇ ਭੇਜ ਸੰਵਾਦ ਰਚਣਾ ਅਨੋਖੀ ਪਿਰਤ ਰਿਹਾ ।
    ‘ਕਥਾਕਾਰ ਮਿਲਣੀ’ ਦੇ ਮੁੱਖ ਆਯੋਜਕ ਅਤੇ ਪ੍ਰਸਿੱਧ ਕਹਾਣੀਕਾਰ ਅਲਫ਼ਾਜ਼ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਪੰਜਾਬੀ ਕਹਾਣੀ ਦੀ ਅਮੀਰ ਵਿਰਾਸਤ ਨੂੰ ਵਰਤਮਾਨ ਕਥਾ-ਸਿਰਜਣਾ ਨਾਲ ਜੋੜਦਿਆਂ ਕਥਾਕਾਰ ਅਤੇ ਪਾਠਕ ਦਰਮਿਆਨ ਜੀਵੰਤ ਸਾਹਿਤਕ ਸੰਵਾਦ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਕਥਾਕਾਰ ਮਿਲਣੀ-2’ ਨੇ ਇਸ ਸਾਹਿਤਕ ਉਪਰਾਲੇ ਨੂੰ ਨਵਾਂ ਵਿਸਥਾਰ ਦਿੰਦਿਆਂ ਪੰਜਾਬੀ ਕਥਾ ਦੇ ਸੰਵਾਦ ਲਈ ਇੱਕ ਸਾਰਥਕ ਮੰਚ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ ਹੈ। ਇਸ ਮੌਕੇ ਮੰਚ ਦੇ ਬਾਕੀ ਅਹੁਦੇਦਾਰਾਂ ਨੇ ਆਪ ਮੁਹਾਰੇ ਹੋਏ ਭਰਵੇਂ ਇੱਕਠ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਮਾਗਮ ਪਾਠਕ- ਲੇਖਕ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਤੇ ਇਸ ਸਮਾਗਮ ਦੀ ਗੂੰਜ ਦੇਰ ਤੱਕ ਪੈਂਦੀ ਰਹੇਗੀ ।
    ਅੰਤ ਮੌਕੇ ਕਹਾਣੀ ਅਤੇ ਸਾਹਿਤ ਦੇ ਖੇਤਰ ਨਾਲ ਜੁੜੀ ਹਰ ਸ਼ਖ਼ਸੀਅਤ ਨੂੰ ਮੰਚ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ,ਨਾਮਧਾਰੀ ਟਰੱਸਟ ,ਭੈਣੀ ਸਾਹਿਬ ਵੱਲੋਂ ਚਲਾਇਆ ਗਿਆ । ਕਥਾਕਾਰ ਮੰਚ ਦੇ ਬਾਕੀ ਅਹੁਦੇਦਾਰ ਕਹਾਣੀਕਾਰ ਬਲਵੰਤ ਫਰਵਾਲੀ ,ਸੁਖਵਿੰਦਰ ਕੈਲੀਬਰ ਪ੍ਰਕਾਸ਼ਨ ਪਟਿਆਲ਼ਾ ,ਆਗਾਜ਼ਬੀਰ ,ਰਾਜ ਸੁਖਰਾਜ , ਲਖਵਿੰਦਰ ਵਿਰਕ ,ਪਵਿੱਤਰ ਕੌਰ ਮਾਟੀ ,ਸਤਵੀਰ ਕੌਰ ਸੱਗੂ,ਤਰਲੋਕ ਬੰਧੂ ,ਗੁਰਮਾਨ ਸੈਣੀ ਨੇ ਸਭ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮਿਲਣ ਦਾ ਵਾਅਦਾ ਕਰਿਆ ।

Leave a Reply

Your email address will not be published. Required fields are marked *