ਐਡਮਿੰਟਨ ( ਗੁਰਪ੍ਰੀਤ ਸਿੰਘ)–ਹੁਣ ਜਦੋਂ ਅਲਬਰਟਾ ਵਾਸੀਆਂ ਨੇ ਇਹ ਫ਼ੈਸਲਾ ਕਰਨ ਲਈ ਵੋਟ ਪਾਉਣੀ ਹੈ ਕਿ ਉਨ੍ਹਾਂ ਨੇ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਹੈ ਜਾਂ ਨਹੀਂ, ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਗ੍ਰਹਿ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ ਹੋਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿਰੁੱਧ ਵੋਟ ਪਾਉਣ। 19 ਅਕਤੂਬਰ ਨੂੰ ਸ਼ੁਰੂ ਹੋ ਰਹੀ ਪੇਸ਼ਗੀ ਵੋਟਿੰਗ ਤੋਂ ਪਹਿਲਾਂ ਕਾਰਨੀ ਦੀ ਐਡਮਿੰਟਨ ਵਿਚ ਉਨ੍ਹਾਂ ਦੇ ਸਾਬਕਾ ਹਾਈ ਸਕੂਲ ਦੇ ਕਲਾਸਰੂਮ ਵਿਚੋਂ ਬੋਲਦਿਆਂ ਦੀ ਇਕ ਸੰਖੇਪ ਵੀਡੀਓ ਜਾਰੀ ਕੀਤੀ ਗਈ। ਅਲਬਰਟਾ ਵਾਸੀਆਂ ਤੋਂ ਪੁੱਛਿਆ ਜਾਵੇਗਾ ਕਿ ਅਲਬਰਟਾ ਨੂੰ ਕੈਨੇਡਾ ਵਿਚ ਬਣੇ ਰਹਿਣਾ ਚਾਹੀਦਾ ਹੈ ਜਾਂ ਦੇਸ਼ ਨੂੰ ਛੱਡਣ ਲਈ ਕਾਨੂੰਨੀ ਪਾਬੰਦੀ ਵਾਲੀ ਦੂਸਰੀ ਰਾਏਸ਼ਮਾਰੀ ਕਰਵਾਉਣੀ ਚਾਹੀਦੀ ਹੈ। ਭਾਵੇਂ ਕਾਰਨੀ ਦਾ ਜਨਮ ਨੌਰਥਵੈਸਟ ਟੈਰੀਟਰੀਜ਼ ਵਿਚ ਹੋਇਆ ਪਰ ਉਨ੍ਹਾਂ ਦਾ ਪਾਲਣ ਪੋਸ਼ਣ ਅਲਬਰਟਾ ਦੀ ਰਾਜਧਾਨੀ ਵਿਚ ਹੋਇਆ ਅਤੇ ਸੇਂਟ ਫ੍ਰਾਂਸਿਸ ਜ਼ੇਵੀਅਰ ਕੈਥੋਲਿਕ ਹਾਈ ਸਕੂਲ ਵਿਚ ਪੜ੍ਹਾਈ ਕੀਤੀ।
