ਪੰਜਾਬੀ ਮੂਲ ਦੇ ਇਕਲੌਤੇ ਮੇਅਰ ਉਮੀਦਵਾਰ ਹੋਣਵੀਰ ਰੰਧਾਵਾ ਨੂੰ ਮਿਲੀ ਨਿਰਾਸ਼ਾ-
ਸਿਟੀ ਕੌਂਸਲ ਵਿੱਚ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਨੁਮਾਇੰਦਗੀ-ਪੰਜਾਬੀ ਮੁਟਿਆਰ ਸੁਹਾਨਾ ਗਿੱਲ ਨੇ ਪਹਿਲੀ ਵਾਰ ਜਿੱਤ ਦਰਜ ਕਰਕੇ ਖਿੱਚਿਆ ਧਿਆਨ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ):– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ 17 ਅਕਤੂਬਰ ਨੂੰ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਸਾਬਕਾ ਮੇਅਰ ਅਤੇ ਸੇਫ ਸਰੀ ਕੋਲੀਸ਼ਨ ਦੇ ਆਗੂ ਡੱਗ ਮੈਕਲਮ ਨੇ ਮੌਜੂਦਾ ਮੇਅਰ ਬਰੈਂਡਾ ਲੌਕ ਨੂੰ ਹਰਾ ਕੇ ਇੱਕ ਵਾਰ ਫਿਰ ਸਰੀ ਦੀ ਵਾਗਡੋਰ ਸੰਭਾਲਣ ਦਾ ਰਾਹ ਪੱਧਰਾ ਕਰ ਲਿਆ ਹੈ। ਇਨ੍ਹਾਂ ਚੋਣਾਂ ਵਿੱਚ ਜਿੱਥੇ ਮੈਕਲਮ ਦੀ ਵਾਪਸੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਪੰਜਾਬੀ ਮੂਲ ਦੇ ਇਕਲੌਤੇ ਮੇਅਰ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਦੀ ਹਾਰ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।
ਮੇਅਰ ਦੇ ਅਹੁਦੇ ਲਈ ਕੁੱਲ ਸੱਤ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਪ੍ਰਾਪਤ ਨਤੀਜਿਆਂ ਅਨੁਸਾਰ ਡੱਗ ਮੈਕਲਮ ਨੇ 42,741 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੀ ਮੁੱਖ ਵਿਰੋਧੀ ਬਰੈਂਡਾ ਲੌਕ ਨੂੰ 30,886 ਵੋਟਾਂ ਮਿਲੀਆਂ। ਇਸ ਤਰ੍ਹਾਂ ਮੈਕਲਮ ਨੇ 11,855 ਵੋਟਾਂ ਦੇ ਫ਼ਰਕ ਨਾਲ ਆਪਣੀ ਜਿੱਤ ਯਕੀਨੀ ਬਣਾਈ। ਮਾਈਕ ਸਟਾਰਚੁੱਕ 17,282 ਵੋਟਾਂ ਨਾਲ ਤੀਜੇ ਅਤੇ ਲਿੰਡਾ ਐਨਿਸ 16,574 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੇ।
ਡੱਗ ਮੈਕਲਮ ਇਸ ਤੋਂ ਪਹਿਲਾਂ ਵੀ ਲੰਮਾ ਸਮਾਂ ਸਰੀ ਦੇ ਮੇਅਰ ਰਹਿ ਚੁੱਕੇ ਹਨ। ਸਾਲ 2022 ਦੀਆਂ ਚੋਣਾਂ ਵਿੱਚ ਬਰੈਂਡਾ ਲੌਕ ਹੱਥੋਂ ਹਾਰਨ ਤੋਂ ਬਾਅਦ ਉਨ੍ਹਾਂ ਦੀ ਮੁੜ ਵਾਪਸੀ ਨੂੰ ਸ਼ਹਿਰ ਦੀ ਸਿਆਸਤ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਪੰਜਾਬੀ ਵਸੋਂ ਵਾਲੇ ਸ਼ਹਿਰ ਵਿੱਚ ਪੰਜਾਬੀ ਮੇਅਰ ਉਮੀਦਵਾਰ ਦੀ ਹਾਰ ਬਣੀ ਚਰਚਾ-
ਇਨ੍ਹਾਂ ਚੋਣਾਂ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਸਰੀ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਪੰਜਾਬੀ ਮੂਲ ਦੇ ਇਕਲੌਤੇ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਵੋਟਰਾਂ ਦਾ ਲੋੜੀਂਦਾ ਸਮਰਥਨ ਹਾਸਲ ਨਹੀਂ ਕਰ ਸਕੇ। ਕੰਜ਼ਰਵੇਟਿਵ ਪਾਰਟੀ ਆਫ਼ ਸਰੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਰੰਧਾਵਾ ਨੂੰ 10,610 ਵੋਟਾਂ ਹੀ ਮਿਲੀਆਂ।
ਸਿਆਸੀ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਇਹ ਨਤੀਜਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਸਰੀ ਦੇ ਵੋਟਰਾਂ ਲਈ ਉਮੀਦਵਾਰ ਦਾ ਪੰਜਾਬੀ ਹੋਣਾ ਹੀ ਜਿੱਤ ਦੀ ਗਾਰੰਟੀ ਨਹੀਂ ਹੈ। ਸ਼ਹਿਰ ਦੇ ਵਿਕਾਸ, ਜਨਤਕ ਸੁਰੱਖਿਆ, ਆਵਾਜਾਈ, ਟੈਕਸਾਂ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦੇ ਵੀ ਵੋਟਰਾਂ ਦੀ ਪਸੰਦ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਅਮਨ-ਕਾਨੂੰਨ ਅਤੇ ਸਕਾਈਟ੍ਰੇਨ ਦਾ ਮੁੱਦਾ ਚੋਣ ਪ੍ਰਚਾਰ ਵਿੱਚ ਰਿਹਾ ਭਾਰੂ-
ਸਰੀ ਵਿੱਚ ਪਿਛਲੇ ਸਮੇਂ ਦੌਰਾਨ ਗੋਲੀਬਾਰੀ, ਫਿਰੌਤੀ ਦੀਆਂ ਧਮਕੀਆਂ ਅਤੇ ਹਿੰਸਕ ਘਟਨਾਵਾਂ ਕਾਰਨ ਲੋਕਾਂ ਵਿੱਚ ਪੈਦਾ ਹੋਈ ਚਿੰਤਾ ਇਨ੍ਹਾਂ ਚੋਣਾਂ ਦਾ ਇੱਕ ਅਹਿਮ ਮੁੱਦਾ ਰਹੀ। ਵਿਰੋਧੀ ਉਮੀਦਵਾਰਾਂ ਵੱਲੋਂ ਬਰੈਂਡਾ ਲੌਕ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਲਗਾਤਾਰ ਸਵਾਲ ਉਠਾਏ ਗਏ।
ਦੂਜੇ ਪਾਸੇ ਡੱਗ ਮੈਕਲਮ ਨੇ ਆਪਣੀ ਚੋਣ ਮੁਹਿੰਮ ਦੌਰਾਨ ਜਨਤਕ ਸੁਰੱਖਿਆ ਨੂੰ ਤਰਜੀਹ ਦੇਣ ਦੇ ਨਾਲ ਕਿੰਗ ਜਾਰਜ ਸਟੇਸ਼ਨ ਤੋਂ ਨਿਊਟਨ ਤੱਕ ਸਕਾਈਟ੍ਰੇਨ ਦੇ ਵਿਸਥਾਰ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਨਿਊਟਨ ਇਲਾਕੇ ਵਿੱਚ ਰਹਿੰਦੇ ਵੱਡੀ ਗਿਣਤੀ ਲੋਕਾਂ ਲਈ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਲੰਮੇ ਸਮੇਂ ਤੋਂ ਇੱਕ ਅਹਿਮ ਮੰਗ ਰਹੀ ਹੈ।
ਬਰੈਂਡਾ ਲੌਕ ਵੱਲੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਲੋੜਾਂ ਲਈ ਕੀਤੇ ਕੰਮਾਂ ਨੂੰ ਵੀ ਚੋਣ ਪ੍ਰਚਾਰ ਵਿੱਚ ਉਭਾਰਿਆ ਗਿਆ। ਪੰਜਾਬੀ ਭਾਈਚਾਰੇ ਲਈ ਅਸਥੀਆਂ ਦੇ ਜਲ ਪ੍ਰਵਾਹ ਸਬੰਧੀ ਸਹੂਲਤ ਵਰਗੇ ਉਪਰਾਲਿਆਂ ਦੀ ਵੀ ਚਰਚਾ ਰਹੀ, ਪਰ ਚੋਣ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਨਹੀਂ ਗਏ।
ਸਿਟੀ ਕੌਂਸਲ ਵਿੱਚ ਪੰਜਾਬੀ ਚਿਹਰਿਆਂ ਦੀ ਅਹਿਮ ਮੌਜੂਦਗੀ-
ਮੇਅਰ ਦੀ ਚੋਣ ਦੇ ਨਾਲ ਸਰੀ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ ਵੀ ਮੁਕਾਬਲਾ ਹੋਇਆ। ਜੇਤੂ ਕੌਂਸਲਰਾਂ ਵਿੱਚ ਹੈਰੀ ਬੈਂਸ, ਡੱਗ ਐਲਫਰਡ, ਮੀਰਾ ਗਿੱਲ, ਮਨਦੀਪ ਨਾਗਰਾ, ਸੁਹਾਨਾ ਗਿੱਲ, ਐਲੀਸਨ ਪੈਟਨ, ਲੌਰੀ ਗੁਏਰਾ ਅਤੇ ਚੈਨੀ ਕਲੋਕ ਸ਼ਾਮਲ ਹਨ। ਇਨ੍ਹਾਂ ਨਤੀਜਿਆਂ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਦੀ ਕਾਮਯਾਬੀ ਵੀ ਖਾਸ ਮਹੱਤਵ ਰੱਖਦੀ ਹੈ। ਵਿਸ਼ੇਸ਼ ਤੌਰ ‘ਤੇ ਨੌਜਵਾਨ ਸੁਹਾਨਾ ਗਿੱਲ ਦੀ ਪਹਿਲੀ ਵਾਰ ਕੌਂਸਲਰ ਵਜੋਂ ਜਿੱਤ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਦੀ ਕਾਮਯਾਬੀ ਨੂੰ ਨੌਜਵਾਨ ਪੀੜ੍ਹੀ ਦੀ ਸਥਾਨਕ ਸਿਆਸਤ ਵਿੱਚ ਵਧ ਰਹੀ ਭਾਗੀਦਾਰੀ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ। ਸੁਹਾਨਾ ਗਿੱਲ ਸਮੇਤ ਨਵੇਂ ਚੁਣੇ ਗਏ ਕੌਂਸਲਰਾਂ ਸਾਹਮਣੇ ਹੁਣ ਚੋਣ ਵਾਅਦਿਆਂ ਨੂੰ ਅਮਲੀ ਰੂਪ ਦੇਣ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਚੁਣੌਤੀ ਹੋਵੇਗੀ।
ਸਕੂਲ ਟਰੱਸਟੀ ਚੋਣਾਂ ਵਿੱਚ ਗੈਰੀ ਥਿੰਦ ਨੇ ਮੁੜ ਮਾਰੀ ਬਾਜ਼ੀ-
ਸਰੀ ਦੀਆਂ ਮਿਊਂਸੀਪਲ ਚੋਣਾਂ ਦੇ ਨਾਲ ਹੋਈਆਂ ਸਕੂਲ ਟਰੱਸਟੀ ਚੋਣਾਂ ਵਿੱਚ ਵੀ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਬਰਕਰਾਰ ਰਹੀ। ਗੈਰੀ ਥਿੰਦ ਇੱਕ ਵਾਰ ਫਿਰ ਸਕੂਲ ਟਰੱਸਟੀ ਚੁਣੇ ਗਏ ਹਨ।
ਚੁਣੇ ਗਏ ਛੇ ਸਕੂਲ ਟਰੱਸਟੀਆਂ ਵਿੱਚ ਟੈਰੀ ਐਲਨ, ਗੈਰੀ ਥਿੰਦ, ਲੌਰੀ ਲਾਰਸਨ, ਬੌਬ ਹੋਮਜ਼, ਸ਼ਾਨ ਵਿਲਸਨ ਅਤੇ ਮਿਸ਼ੇਲ ਸੈਨੀਜਾ ਸ਼ਾਮਲ ਹਨ।
ਸਰੀ ਵਿੱਚ ਤੇਜ਼ੀ ਨਾਲ ਵਧ ਰਹੀ ਆਬਾਦੀ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧਦੀ ਗਿਣਤੀ, ਨਵੇਂ ਸਕੂਲਾਂ ਦੀ ਲੋੜ, ਕਲਾਸਰੂਮਾਂ ਦੀ ਘਾਟ ਅਤੇ ਵਿਦਿਅਕ ਸਹੂਲਤਾਂ ਦਾ ਵਿਸਥਾਰ ਨਵੇਂ ਚੁਣੇ ਗਏ ਸਕੂਲ ਟਰੱਸਟੀਆਂ ਲਈ ਅਹਿਮ ਮੁੱਦੇ ਹੋਣਗੇ।
ਨਵੀਂ ਸਿਟੀ ਕੌਂਸਲ ਸਾਹਮਣੇ ਚੁਣੌਤੀਆਂ ਦਾ ਪਹਾੜ-
ਸਰੀ ਦੇ ਨਵੇਂ ਮੇਅਰ ਡੱਗ ਮੈਕਲਮ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰਨ ਵਾਲੀ ਸਿਟੀ ਕੌਂਸਲ ਲਈ ਆਉਣ ਵਾਲੇ ਚਾਰ ਸਾਲ ਕਾਫ਼ੀ ਮਹੱਤਵਪੂਰਨ ਹੋਣਗੇ। ਸ਼ਹਿਰ ਵਿੱਚ ਵਧ ਰਹੀ ਆਬਾਦੀ ਦੇ ਮੁਕਾਬਲੇ ਸਿਹਤ ਸੇਵਾਵਾਂ ਦੀ ਘਾਟ, ਟ੍ਰੈਫਿਕ ਸਮੱਸਿਆ, ਜਨਤਕ ਆਵਾਜਾਈ ਦਾ ਵਿਸਥਾਰ, ਰਿਹਾਇਸ਼ੀ ਸੰਕਟ ਅਤੇ ਅਮਨ-ਕਾਨੂੰਨ ਦੀ ਸਥਿਤੀ ਅਜਿਹੇ ਮੁੱਦੇ ਹਨ, ਜਿਨ੍ਹਾਂ ਦੇ ਹੱਲ ਲਈ ਵੱਖ-ਵੱਖ ਪੱਧਰਾਂ ਦੀਆਂ ਸਰਕਾਰਾਂ ਵਿਚਾਲੇ ਤਾਲਮੇਲ ਦੀ ਲੋੜ ਹੋਵੇਗੀ।
ਖਾਸ ਕਰਕੇ ਨਿਊਟਨ ਵਿੱਚ ਹਸਪਤਾਲ ਦੀ ਮੰਗ, ਸਕਾਈਟ੍ਰੇਨ ਦਾ ਵਿਸਥਾਰ ਅਤੇ ਫਿਰੌਤੀ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਵਰਗੇ ਮੁੱਦਿਆਂ ਬਾਰੇ ਲੋਕ ਨਵੇਂ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਉਮੀਦ ਰੱਖਣਗੇ। ਕੁੱਲ ਮਿਲਾ ਕੇ ਸਰੀ ਦੀਆਂ 2026 ਦੀਆਂ ਮਿਊਂਸੀਪਲ ਚੋਣਾਂ ਨੇ ਜਿੱਥੇ ਡੱਗ ਮੈਕਲਮ ਨੂੰ ਮੁੜ ਸਿਆਸੀ ਤਾਕਤ ਬਖ਼ਸ਼ੀ ਹੈ, ਉੱਥੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਵੋਟਰਾਂ ਦੀਆਂ ਉਮੀਦਾਂ ਲਗਾਤਾਰ ਬਦਲ ਰਹੀਆਂ ਹਨ। ਹੁਣ ਅਸਲ ਪ੍ਰੀਖਿਆ ਇਸ ਗੱਲ ਦੀ ਹੋਵੇਗੀ ਕਿ ਨਵੀਂ ਚੁਣੀ ਗਈ ਸਿਟੀ ਕੌਂਸਲ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਨੂੰ ਕਿੰਨੀ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦੀ ਹੈ।
