ਭਾਰਤੀ ਮੂਲ ਦੇ ਜਤਿੰਦਰ ਪੁਰੀ ਕੌਂਸਲਰ ਚੁਣੇ ਗਏ-
ਡੈਲਟਾ ( ਦੇ ਪ੍ਰ ਬਿ)-ਸਰੀ ਦੇ ਗਵਾਂਢ ਡੈਲਟਾ ਸਿਟੀ ਕੌਂਸਲ ਦੇ ਨਤੀਜੇ ਕਾਫੀ ਹੈਰਾਨੀਜਨਕ ਰਹੇ। ਇਥੇ ਮਲੀਸਾ ਗ੍ਰੈਨਮ ਨੇ ਦੋ ਵਾਰ ਦੇ ਮੇਅਰ ਜਾਰਜ ਹਾਰਵੀ ਅਤੇ ਉਨ੍ਹਾਂ ਦੇ ਸਾਬਕਾ ਸਾਥੀ ਡਾਇਲਨ ਕਰੂਗਰ ਦੇ ਖਿਲਾਫ ਵੱਡੀ ਜਿੱਤ ਦਰਜ ਕੀਤੀ। ਸ਼ਨੀਵਾਰ ਦੀ ਰਾਤ ਡੈਲਟਾ ਦੇ ਮੇਅਰ ਦੀ ਚੋਣ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ ਸੀ।
ਕੀ ਦੋ ਵਾਰ ਦੇ ਮੇਅਰ ਜਾਰਜ ਹਾਰਵੀ ਜਿੱਤਣਗੇ ਜਾਂ ਉਨ੍ਹਾਂ ਦੇ ਸਾਬਕਾ ਸਾਥੀ ਡਾਇਲਨ ਕਰੂਗਰ ਉਨ੍ਹਾਂ ਨੂੰ ਹਰਾ ਦੇਣਗੇ? ਇੱਕ ਹੋਰ ਸੰਭਾਵਨਾ ਵੀ ਸੀ ਕਿ ਇੱਕ ਤੀਜੀ ਉਮੀਦਵਾਰ, ਮੇਲੀਸਾ ਗ੍ਰੈਨਮ, ਦੋਵਾਂ ਨੂੰ ਪਛਾੜ ਸਕਦੀ ਹੈ। ਤੀਸਰੀ ਸੰਭਾਵਨਾ ਭਾਰੂ ਰਹੀ। ਅਲੀਸਾ ਗਰੇਨਮ ਨੇ 48 ਫੀਸਦੀ ਵੋਟਾਂ (16,197 ਵੋਟਾਂ) ਨਾਲ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਮੁਕਾਬਲੇ ਡਾਇਲਨ ਕਰੂਗਰ ਨੂੰ 28 ਫੀਸਦੀ (9,460 ਵੋਟਾਂ) ਅਤੇ ਜਾਰਜ ਹਾਰਵੀ ਨੂੰ 23 ਫੀਸਦੀ (7,782 ਵੋਟਾਂ) ਮਿਲੀਆਂ।
ਰਾਤ ਦੇ ਸ਼ੁਰੂਆਤੀ ਸਮੇਂ ਡੈਲਟਾ ਦੇ ‘ਕੈਸਕੇਡਸ ਕੈਸੀਨੋ’ ਦੇ ਬਾਲਰੂਮ ਵਿੱਚ ਕਰੂਗਰ ਦੇ ਸਮਰਥਕਾਂ ਦੀ ਭੀੜ ਵਿੱਚ ਕਾਫ਼ੀ ਜੋਸ਼ ਸੀ। ਰਾਤ 8 ਵਜੇ ਤੋਂ ਤੁਰੰਤ ਬਾਅਦ ਹੀ ਇਹ ਹਾਲ ਲੋਕਾਂ ਨਾਲ ਭਰ ਗਿਆ ਸੀ।
ਪਰ ਸ਼ੁਰੂਆਤੀ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗ੍ਰੈਨਮ ਨੇ ਸ਼ੁਰੂਆਤ ਵਿਚ ਹੀ ਬੜ੍ਹਤ ਬਣਾ ਲਈ ਸੀ।
ਇਥੋਂ ਡੈਲਟਾ ਫਸਟ ਦੇ ਉਮੀਦਵਾਰ ਤੇ ਭਾਰਤੀ ਮੂਲ ਦੇ ਜਤਿੰਦਰ ਕੁਮਾਰ ਪੁਰੀ 11756 ਵੋਟਾਂ ਲੈਕੇ ਜੇਤੂ ਰਹੇ ਹਨ। ਉਹ ਲੰਬੇ ਸਮੇਂ ਤੋ ਨਾਰਥ ਡੈਲਟਾ ਦੇ ਨਿਵਾਸੀ ਹਨ ਤੇ ਵੈਨਕੂਵਰ ਏਅਰਪੋਰਟ ਤੇ ਇੰਜੀਨੀਅਰ ਹਨ। ਮੌਜੂਦਾ ਕੌਂਸਲਰ ਜੈਸੀ ਦੋਸਾਂਝ ਇਸ ਵਾਰ ਚੋਣ ਨਹੀ ਜਿੱਤ ਸਕੇ। ਉਹਨਾਂ ਨੂੰ 8317 ਵੋਟ ਮਿਲੇ ਹਨ। ਵਕੀਲ ਪਵਨ ਜੋਸ਼ੀ ਨੂੰ 6389 ਵੋਟਾਂ ਅਤੇ ਇਕਜੋਤ ਸੰਧੂ ਨੂੰ 6186 ਵੋਟਾਂ ਮਿਲੀਆਂ।

