ਸਮੀਖਿਆ-ਮਲਵਿੰਦਰ –
ਮੈਂ ਸੁਰਿੰਦਰਜੀਤ ਕੌਰ ਨੂੰ ਬਹੁਤ ਘੱਟ ਜਾਣਦਾ ਹਾਂ। ਕਿਸੇ ਨੂੰ ਜਾਣਨ ਲਈ ਪਹਿਲਾਂ ਉਸਦੀ ਕਵਿਤਾ, ਭਾਸ਼ਾ ਤੇ ਸੁਖਨਵਰੀ ਨੂੰ ਜਾਣਨਾ ਪੈਂਦਾ ਹੈ। ਕਵਿਤਾ ਤੋਂ ਬਾਹਰ ਪਏ ਉਸਦੇ ਵਿਅਕਤੀਤਵ ਨੂੰ ਪਹਿਚਾਨਣਾ ਪੈਦਾ ਹੈ। ਸੁਰਿੰਦਰਜੀਤ ਦੀ ਪੁਸਤਕ ‘ ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ 2020-2021’ ਨੂੰ ਪੜ੍ਹਦਿਆਂ ਤੇ ਜਾਣਦਿਆਂ ਪਤਾ ਲੱਗਾ ਕਿ ਉਹ ਬਹੁਤੀ ਕਵਿਤਾ ਤੋਂ ਬਾਹਰ ਪਈ ਹੈ।ਕਵਿਤਾ ਤੋਂ ਬਾਹਰ ਉਸ ਕੋਲ਼ ਇੱਕ ਇਰਾਦਾ ਹੈ, ਸੋਚ ਹੈ, ਸਮਝ ਹੈ, ਬੇਤਰਤੀਬੀਆਂ ਨਾਲ਼ ਲੜਨ ਦਾ ਜ਼ਜਬਾ ਹੈ। ਸੰਘਰਸ਼ਾਂ ਅੰਦਰ ਬਹਿਣ, ਸੁਣਨ, ਬੋਲਣ ਅਤੇ ਅਜਿਹੇ ਮੌਕਿਆਂ ਦੇ ਅਨੁਭਵ ਨੂੰ ਸ਼ਬਦਾਂ ਦੇ ਸੇਕ ਅੰਦਰ ਪ੍ਰੋਣ ਦਾ ਹੁਨਰ ਹੈ। ਉਹ ਉਹਨਾਂ ਰਾਹਾਂ ਦੀ ਤਲਬਦਾਰ ਹੈ ਜਿਹੜੇ ਰਾਹ ਸੰਸਾਰ ਸ਼ਾਂਤੀ ਨੂੰ ਜਾਂਦੇ ਹਨ, ਜਿੱਥੇ ਬੋਲਾਂ ਦੀ, ਵਿਹਾਰ ਦੀ, ਤੇ ਕਿਰਦਾਰ ਦੀ ਸਪਸ਼ਟਤਾ ਹੈ। ਮਾਨਵੀ ਹਿੱਤਾਂ ਲਈ ਲੜਦੇ ਹਿਰਦਿਆਂ ਲਈ ਉਸ ਕੋਲ਼ ਬਹੁਤ ਸਾਰਾ ਸਤਿਕਾਰ ਹੈ। ਸੱਚ ਦਾ ਮਾਰਗ ਉਸ ਦੇ ਜੀਵਨ ਦਾ ਰਾਹ ਹੈ। ਉਸ ਕੋਲ਼ ਭਾਸ਼ਾ ਹੈ। ਲਿਖਣ ਲਈ, ਬੋਲਣ ਲਈ ਜਿਹੜੀ ਭਾਸ਼ਾ ਦਰਕਾਰ ਹੁੰਦੀ ਹੈ, ਉਹ ਸਹਿਜ-ਸੁਭਾ ਹੀ ਉਸਦੀਆਂ ਲਿਖਤਾਂ ਵਿਚੋਂ ਵੇਖੀ ਪੜ੍ਹੀ ਜਾ ਸਕਦੀ ਹੈ। ਦਿੱਲੀ ਕਿਸਾਨ ਅੰਦੋਲਨ ਦੇ ਅੱਖੀਂ ਡਿੱਠੇ ਝਲਕਾਰੇ ਬਿਆਨ ਕਰਦਿਆਂ ਉਸਦੀ ਜਿਹੜੀ ਕਾਵਿਕ ਭਾਸ਼ਾ ਪਾਠਕ ਨੂੰ ਆਚੰਭਿਤ ਕਰਦੀ ਹੈ, ਉਸ ਦੀਆਂ ਕੁਝ ਸਤਰਾਂ ਸਾਂਝੀਆਂ ਕਰਦੇ ਹਾਂ ;; ‘ ਅੱਖਰ ਕਲਮ ਦੀ ਨੋਕ ‘ਤੇ ਆਉਂਦੇ, ਕਾਗਜ਼ ‘ਤੇ ਦੀਵੇ ਬਣਦੇ, ਬਲਦੇ, ਰੌਸ਼ਨੀ ਕਰਦੇ। ਕਦੇ ਖ਼ੂਨ ਖ਼ੌਲਦਾ, ਚਾਲ ਤਿੱਖੀ ਹੁੰਦੀ, ਰਾਹੇ ਤੁਰਦੀ ਕਲਮ, ਸਬਰ ਸੰਤੋਖ ਵੀ, ਜ਼ੁਲਮ ਜਰਨ ਦਾ ਜ਼ੇਰਾ ਵੀ ਤੇ ਜ਼ੁਲਮ ਵਿਰੁੱਧ ਸੰਘਰਸ਼ ਤਿੱਖਿਆਂ ਕਰਨ ਦਾ ਜੋਸ਼ ਵੀ ਭਰਦੀ ਰਹੀ ਕਲਮ।‘ ਅਜਿਹੇ ਹੀ ਸੰਘਰਸ਼ੀ ਛਿਣਾਂ ‘ਚੋਂ ਜਨਮੀ ਕਵਿਤਾ ਬਾਰੇ ਪੜ੍ਹਨਾ ਵੀ ਲਾਹੇਵੰਦ ਰਹੇਗਾ:: ‘ ਕਵਿਤਾ ਖ਼ੂਨ ਵਿਚੋਂ ਨਿਚੋੜਿਆ ਗਿਆ ਉਹ ਤੁਪਕਾ ਹੈ ਜੋ ਫ਼ਿਲਟਰ ਹੋ ਕੇ ਕਾਗਜ਼ ‘ਤੇ ਡਿੱਗਦਾ ਹੈ, ਆਪ ਬਲਦਾ ਹੈ ਤੇ ਰੌਸ਼ਨੀ ਕਰਦਾ ਹੈ’। ਇਹ ਬਿਰਤਾਂਤ ਵੇਖੇ ਹੋਏ ਦ੍ਰਿਸ਼ਾਂ ਦਾ ਕੇਵਲ ਸ਼ਾਬਦਿਕ ਵਰਣਨ ਨਹੀਂ ਹਨ। ਇਹ ਹੱਡੀਂ ਹੰਢਾਏ ਅਨੁਭਵ ਦਾ ਉਹ ਬਿਰਤਾਂਤ ਹੈ ਜਿਹੜਾ ਸੰਘਰਸ਼ ਦਾ ਹਿੱਸਾ ਬਣੇ , ਹਰ ਛਿਣ ਸੰਘਰਸ਼ ਹੰਢਾਉਂਦੇ ਰੂਹਾਨੀ ਤੇ ਜ਼ਜਬਾਤੀ ਲਮਹਿਆਂ ਨੂੰ ਬਿਨਾਂ ਕਿਸੇ ਜਟਿਲ ਵਾਕ ਬਣਤਰ ਦੇ ਲੋਕਾਂ ਨਾਲ਼ ਬੈਠਕੇ, ਲੋਕਾ ਦੀ ਭਾਸ਼ਾ ਵਿੱਚ ਸੁਣਾਈ ਵੇਦਨਾ ਹੈ। ਇਸ ਵੇਦਨਾ ਵਿੱਚ ਮਾਣਮੱਤੇ, ਜੂਝਦੇ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਵੇਲ਼ਿਆਂ ਦਾ ਜ਼ਿਕਰ ਵੀ ਹੈ ਤੇ ਕਿਸਾਨ ਅੰਦੋਲਨ ਵਿੱਚ ਧਰਮ ਨਿਰਪੱਖਤਾ ਦੇ ਆਲਮ ਦੀ ਗੱਲ ਵੀ ਹੋਈ ਹੈ। ਇਸ ਪੁਸਤਕ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਜਿਹਨਾਂ ਨੂੰ ਪੜ੍ਹਦਿਆਂ ਆਪਣੇ ਭਾਈਚਾਰੇ ਦੇ ਯੋਗਦਾਨ ਅਤੇ ਸਮਰਪਣ ਅੱਗੇ ਸਿਰ ਝੁਕਦਾ ਹੈ। ਭਾਈ ਘਨੱਈਆ ਮੈਡੀਕਲ ਕਲੀਨਿਕ ਅਤੇ ਮੋਦੀਖ਼ਾਨਾ ਜਿੱਥੇ ਇੱਕ ਵਿੱਚ ਮੁਫ਼ਤ ਇਲਾਜ ਹੁੰਦਾ ਸੀ ਤੇ ਦੂਜੇ ਵਿੱਚ ਹਰ ਰੋਜ਼ਾਨਾ ਵਰਤਣ ਵਾਲੀ ਸ਼ੈਅ ਮੁਫ਼ਤ ਮਿਲਦੀ ਸੀ। ਜਗ੍ਹਾ-ਜਗ੍ਹਾ ਚੱਤੋ-ਪਹਿਰ ਚਲਦੇ ਗੁਰੂ ਦੇ ਲੰਗਰ ਵਿਚੋਂ ਕੁਝ ਵਿਦਿਆਰਥੀ ਤੇ ਜੌਬ ‘ਤੇ ਜਾਣ ਵਾਲ਼ੇ ਵੀ ਲੰਗਰ ਛਕ ਕੇ ਜਾਂਦੇ ਸਨ। ਇਸ ਪੁਸਤਕ ਦੇ ਦੋ ਭਾਗ ਹਨ। ਪਹਿਲਾ ਭਾਗ ਵਾਰਤਕ ਦਾ ਹੈ। ਹੁਣ ਤੱਕ ਆਪਾਂ ਜਿੰਨੀਆਂ ਗੱਲਾ ਕੀਤੀਆਂ ਹਨ,ਵਾਰਤਕ ਵਾਲ਼ੇ ਭਾਗ ਦੇ ਹਵਾਲੇ ਨਾਲ਼ ਕੀਤੀਆਂ ਹਨ। ਦੂਜੇ ਭਾਗ ਵਿੱਚ ਕਵਿਤਾਵਾਂ ਹਨ। ਇਸ ਦੇ ਵੀ ਅੱਗੋਂ ਦੋ ਭਾਗ ਹਨ।ਪਹਿਲਾ ਕਵਿਤਾ ਸੈਕਸ਼ਨ ਤੇ ਦੂਜਾ ਬਾਲ ਸੈਕਸ਼ਨ। ਜਦ ਕੋਈ ਕਵੀ ਆਪਣੀ ਪੁਸਤਕ ਦੇ ਭਾਗ ਕਰਦਾ ਹੈ ਤਾਂ ਉਸ ਅੰਦਰ ਆਪਣੀ ਕਵਿਤਾ ਦੇ ਵਿਚਾਰਧਾਰਕ ਅਤੇ ਮਨੋਵਿਗਿਆਨਿਕ ਕਾਰਣ ਪਏ ਹੁੰਦੇ ਹਨ। ਪਹਿਲੇ ਭਾਗ ਦੀ ਪਹਿਲੀ ਕਵਿਤਾ ਸੁਰ ਵਿੱਚ ਵੱਖ-ਵੱਖ ਸ੍ਰੋਤਾਂ ਦੀਆਂ ਸੂਖ਼ਮ ਸੁਰਾਂ ਦੀ ਕਾਵਿਕ ਤਰਤੀਬ ਹੈ। ਕਵਿਤਰੀ ਦਾ ਕਹਿਣਾ ਹੈ ਕਿ ਕਲਾ ਤੇ ਕਵਿਤਾ ਨੂੰ ਪਿਆਰਨਾ ਮੇਰੀ ਰੂਹ ਦਾ ਸਕੂਨ ਹੈ। ਸਿਰਜਣਾ ਜਦ ਰੂਹ ਦਾ ਸਕੂਨ ਹੋ ਜਾਵੇ ਤਾਂ ਸਿਰਜਣਹਾਰ ਖ਼ੁਦ ਆਪਣੀ ਸਿਰਜਣਾ ‘ਚੋਂ ਬਾਹਰ ਹੋ ਜਾਦਾ ਹੈ। ਇੰਝ ਕੀਤਿਆਂ ਉਸਦੀ ਸਿਰਜਣਾ ਨੂੰ ਖੰਭ ਲੱਗ ਜਾਂਦੇ ਹਨ। ਇਹਨਾਂ ਖੰਭਾਂ ਦੀ ਪਰਵਾਜ਼ ਦਾ ਅਹਿਸਾਸ ਸਾਨੂੰ ਇਹ ਕਵਿਤਾਵਾਂ ਪੜ੍ਹਦਿਆਂ ਹੁੰਦਾ ਹੈ:: ਇਹ ਦਿਨ ਚੜ੍ਹੀਆ ਹੈ ਸਭ ਲਈ, ਇਹ ਰੌਸ਼ਨੀ ਹੈ ਸਭ ਲਈ ਸੂਰਜ ਦੀ ਚਮਕ ਸਭ ਲਈ, ਇਹ ਧੁੱਪ ਦੀ ਕਸਕ ਸਭ ਲਈ ਇਹ ਸਭ ਲਿਸ਼ਕਾਰੇ ਸਭ ਲਈ, ਕੀ ਤੇਰਾ ਤੇ ਕੀ ਮੇਰਾ, ਇਹ ਸਭ ਨਜ਼ਾਰੇ ਸਭ ਲਈ ਕਿਰਸਾਨੀ ਸੰਘਰਸ਼ ਦੌਰਾਨ ਵੀ ਤੇ ਕਰੋਨਾ ਕਾਲ ਵੇਲ਼ੇ ਵੀ ਬਹੁਤ ਸਾਰੀ ਕਵਿਤਾ ਲਿਖੀ ਗਈ। ਬਹੁਤ ਸਾਰੇ ਸਾਂਝੇ ਕਾਵਿ-ਸੰਗ੍ਰਹਿ ਵੀ ਛਪੇ। ਪਰ ਅਜਿਹੀ ਬਹੁਤੀ ਕਵਿਤਾ ਕਿਰਸਾਨੀ ਸੰਘਰਸ਼ ਅਤੇ ਕਰੋਨਾ ਕਾਲ ਤੋਂ ਬਾਅਦ ਆਪਣੀ ਹੋਂਦ ਗਵਾ ਲੈਂਦੀ ਹੈ। ਸੁਰਿੰਦਰਜੀਤ ਕੌਰ ਦੀ ਕਵਿਤਾ ਸੰਘਰਸ਼ ਤੋਂ ਬਾਅਦ ਵੀ ਨਿਰਾਰਥਕ ਨਹੀਂ ਹੋਈ। ‘ਇਬਾਰਤ ਕਿਸਾਨ ਦੀ’, ਖੇਤਾਂ ਦੇ ਪੁੱਤ, ਅੰਦੋਲਨ ਵਿੱਚ ਵਿਸਾਖੀ, ਵਾਟ ਲਮੇਰੀ ਪੰਧ ਕੁਵੱਲੇ, ਰੰਗ ਤੱਤ, ਰਾਜੇ ਦਾ ਭੁਲੇਖਾ, ਜੁਮਲਾ, ਕੋਵਿਡ ਦਾ ਕਹਿਰ, ਰੋਟੀ ਗਾ ਰਹੀ ਹੈ, ਮੋਰਚੇ ਦੀ ਬਸੰਤ ਰੁੱਤ, ਜੋਗੀ ਕਿਸਾਨ, ਆ ਤੈਨੂੰ ਮੈਂ ਖੇਤ ਦਿਆਂ, ਹੀਰ ਖੇਤਾਂ ਦੀ, ਇਹ ਸੰਘਰਸ਼ ਦੁਨੀਆਂ ਦੇ, ਸੌਦਾਗਰ, ਅਸੀਂ ਕਿਸਾਨ ਹਾ ਇਸ ਤਰ੍ਹਾਂ ਦੇ, ਆਦਿ ਅਜਿਹੀਆਂ ਜ਼ਿਕਰਯੋਗ ਕਵਿਤਾਵਾਂ ਹਨ ਜਿੰਨ੍ਹਾਂ ਦੀ ਗੱਲ ਆਉਂਦੇ ਦਿਨਾਂ ਦੌਰਾਨ ਵੀ ਹੁੰਦੀ ਰਹੇਗੀ। ਚੰਦਨ ਯੋਧੇ ਸ਼ਹੀਦ ਭਾਗ ਵਿਚਲੀਆਂ ਕਵਿਤਾਵਾਂ ਦਾ ਆਪਣਾ ਮਹੱਤਵ ਹੈ। ਕਿਸੇ ਮਨੋਰਥ, ਉਦੇਸ਼, ਮੰਤਵ ਜਾਂ ਵਿਚਾਰਧਾਰਿਕ ਪ੍ਰਤੀਬੱਧਤਾ ਨੂੰ ਕੇਂਦਰ ਵਿੱਚ ਰੱਖਕੇ ਲਿਖੀ ਕਵਿਤਾ ਲਾਊਡ ਵੀ ਹੋ ਜਾਂਦੀ ਹੈ ਤੇ ਸਪਾਟ ਵੀ। ਸੱਤਾ ਦੇ ਵਿਰੋਧ ਵਿੱਚ ਸਿਰਜਿਆ ਕਾਵਿ ਵੀ ਅਜਿਹੀਆਂ ਮਹੀਨ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨੂੰ ਕਵਿਤਾ ਦੀ ਕਮਜ਼ੋਰੀ ਨਹੀਂ ਕਿਹਾ ਜਾ ਸਕਦਾ। ਵਿਰੋਧ, ਵਿਦਰੋਹ,ਖਿਝ ਤੇ ਰੋਸ ਵਿਚੋਂ ਅਜਿਹੀ ਕਵਿਤਾ ਜਨਮ ਲੈਂਦੀ ਹੈ। ਸੁਰਿੰਦਰਜੀਤ ਦੀਆਂ ਕਵਿਤਾਵਾਂ ਅਜਿਹੀ ਸੁਰ ਵਾਲੀਆਂ ਭਾਵਨਾਤਮਿਕ ਬਿਰਤਾਂਤ ਸਿਰਜਦੀਆਂ ਕਵਿਤਾਵਾਂ ਹਨ। ਬਾਲ ਸੈਕਸ਼ਨ ਵਿਚਲੀਆਂ ਕਵਿਤਾਵਾਂ ਦਾ ਵੱਖਰਾ ਰੰਗ ਹੈ। ਬਾਲ ਜੋ ਮਾਪਿਆਂ ਨਾਲ਼ ਮੋਰਚੇ ‘ਤੇ ਗਏ ਤੇ ਬਾਲ ਜਿਹਨਾਂ ਨੂੰ ਘਰ ਛੱਡ ਮਾਪੇ ਮੋਰਚੇ ‘ਚ ਸ਼ਾਮਲ ਹੋਏ, ਦੋਹਾਂ ਸਥਿਤੀਆਂ ਵਿੱਚ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣਾ ਤੇ ਕਵਿਤਾਵਾਂ ਵਿੱਚ ਸਾਂਭਣਾ, ਕਵਿਤਰੀ ਦੀ ਭਾਵੁਕਤਾ ਨੂੰ ਤਰਲ ਸ਼ਬਦਾਂ ਵਿੱਚ ਦਰਸਾਉਂਦੀ ਹੈ। ਇਸ ਤੋਂ ਬਿਨਾਂ ਇਸ ਭਾਗ ਵਿੱਚ ਬੋਲੀਆਂ, ਟੱਪਿਆਂ ਤੇ ਗੀਤਾਂ ਰਾਹੀਂ ਲੋਕਯਾਨ ਦਾ ਰੰਗ ਵੀ ਪੜ੍ਹਨ ਨੂੰ ਮਿਲਦਾ ਹੈ। ਸਮੁੱਚੀ ਪੁਸਤਕ ਨੂੰ ਪੜ੍ਹਦਿਆਂ ਇਸ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਬੈਠੇ ਹੋਣ ਦਾ ਅਹਿਸਾਸ ਵੀ ਪਾਠਕ ਦੇ ਅੰਦਰ ਜਾਗਦਾ ਹੈ। ਇਸ ਕਿਸਾਨ ਸੰਘਰਸ਼ ਨੇ ਜਿੱਥੇ ਤਿੰਨ ਖੇਤੀ ਕਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ, ਉਥੇ ਸਰਵ-ਪ੍ਰਵਾਨਿਤ ਏਕਤਾ ਦਾ ਸੁਨੇਹਾਂ ਵੀ ਦੇ ਗਿਆ। ਇਸ ਸੰਘਰਸ਼ ਵਿੱਚ ਸਭ ਫ਼ਿਰਕੇ, ਬੋਲੀ, ਜਾਤ-ਬਰਾਦਰੀ, ਊਚ-ਨੀਚ ਤੇ ਹੱਦਾਂ-ਸਰਹੱਦਾਂ ਤੋੜ ਕੇ ਪੂਰੀ ਮਨੁੱਖਤਾ ਇੱਕ-ਮਿੱਕ ਹੋ ਗਈ। ਇਹਨਾਂ ਸਾਰੀਆਂ ਗੱਲਾਂ ਨੂੰ ਕੋਈ ਉਹ ਹੀ ਲਿਖ ਸਕਦਾ ਹੈ ਜਿਸ ਨੇ ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਕਿੱਤੇ ਨਾਲ਼ ਸਬੰਧਤ ਆਪ-ਮੁਹਾਰੇ ਜੁੜੀ ਲੋਕਾਈ ਵਿੱਚ ਆਪ ਬੈਠ ਕੇ ਸਭ ਕੁਝ ਸੁਣਿਆਂ ਤੇ ਹੰਢਾਇਆ ਹੋਵੇ। ਇਸ ਲਈ ਅਸੀਂ ਕਹਿ ਸਕਦੇ ਹਾ ਕਿ ਇਹ ਸੁਰਿੰਦਰਜੀਤ ਕੌਰ ਦੀ ਨਿਰਛਲ ਤੇ ਵੱਡੀ ਪ੍ਰਾਪਤੀ ਹੈ। ਸ਼ੁਰੂ ਵਿੱਚ ਮੈਂ ਕਿਹਾ ਸੀ ਕਿ ਮੈਂ ਸੁਰਿੰਦਰਜੀਤ ਕੌਰ ਨੂੰ ਬਹੁਤ ਥੋੜ੍ਹਾ ਜਾਣਦਾ ਹਾਂ। ਪਰ ਹੁਣ ਜਾਣਨ ਲੱਗ ਪਿਆ ਹਾਂ। ਹੁਣ ਜਾਣ ਗਿਆ ਹਾਂ ਕਿ ਇਸ ਪੁਸਤਕ ਤੋਂ ਪਹਿਲਾਂ ਇਨ੍ਹਾਂ ਦੀਆਂ 15 ਮੌਲਿਕ ਪੁਸਤਕਾਂ ਛਪ ਚੁੱਕੀਆਂ ਹਨ। ਇੱਕ ਪੁਸਤਕ ਅਨੁਵਾਦ ਕੀਤੀ ਹੈ ਤੇ ਦੋ ਐਡਿਟ ਕੀਤੀਆਂ ਹਨ। ਇਹ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪੱਤ ਹਨ। ਇਹ ਨਵੀਂ ਪੁਸਤਕ ਇਨ੍ਹਾਂ ਦੀ ਨਵੀਂ ਪ੍ਰਾਪਤੀ ਹੈ। ਇਸ ਲਈ ਮੁਬਾਰਕਾਂ!
