ਡਾ ਐਸ ਐਸ ਬਾਜਵਾ-
ਭਾਰਤੀ ਕ੍ਰਿਕਟ ਵਿੱਚ ਕੌਮੀ ਚੋਣ ਕਮੇਟੀ ਦੀ ਭੂਮਿਕਾ ਸਿਰਫ਼ ਖਿਡਾਰੀਆਂ ਦੀ ਚੋਣ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਟੀਮ ਦੇ ਭਵਿੱਖ, ਖਿਡਾਰੀਆਂ ਦੇ ਮਨੋਬਲ ਅਤੇ ਦੇਸ਼ ਦੀਆਂ ਕ੍ਰਿਕਟ ਉਮੀਦਾਂ ਨੂੰ ਦਿਸ਼ਾ ਦੇਣ ਵਾਲੀ ਅਹਿਮ ਸੰਸਥਾ ਹੈ। ਅਜਿਹੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਰਮੇਸ਼ ਪਵਾਰ ਨੂੰ ਪੁਰਸ਼ਾਂ ਦੀ ਸੀਨੀਅਰ ਚੋਣ ਕਮੇਟੀ ਵਿੱਚ ਸ਼ਾਮਲ ਕਰਨਾ ਅਤੇ ਪ੍ਰਗਿਆਨ ਓਝਾ ਨੂੰ ਕਮੇਟੀ ਦਾ ਮੁਖੀ ਬਣਾਉਣਾ ਮਹੱਤਵਪੂਰਨ ਘਟਨਾਕ੍ਰਮ ਹੈ। ਅਜੀਤ ਅਗਰਕਰ ਦਾ ਕਾਰਜਕਾਲ 4 ਅਕਤੂਬਰ ਨੂੰ ਸਮਾਪਤ ਹੋਣ ਤੋਂ ਬਾਅਦ ਇਹ ਨਿਯੁਕਤੀਆਂ ਭਾਰਤੀ ਕ੍ਰਿਕਟ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਦਾ ਸੰਕੇਤ ਦਿੰਦੀਆਂ ਹਨ। ਕ੍ਰਿਕਟ ਸਲਾਹਕਾਰ ਕਮੇਟੀ ਨੇ ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾਂਜਪੇ ਦੀ ਅਗਵਾਈ ਹੇਠ ਉਮੀਦਵਾਰਾਂ ਦੀ ਇੰਟਰਵਿਊ ਕਰਨ ਉਪਰੰਤ ਰਮੇਸ਼ ਪਵਾਰ ਦੇ ਨਾਂ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ। ਬੋਰਡ ਨੇ ਸੀਨੀਅਰਤਾ ਦੇ ਆਧਾਰ ’ਤੇ ਪ੍ਰਗਿਆਨ ਓਝਾ ਨੂੰ ਚੋਣ ਕਮੇਟੀ ਦੀ ਪ੍ਰਧਾਨਗੀ ਸੌਂਪੀ ਹੈ। 
ਰਮੇਸ਼ ਪਵਾਰ ਭਾਵੇਂ ਭਾਰਤ ਵੱਲੋਂ ਸਿਰਫ਼ ਦੋ ਟੈਸਟ ਅਤੇ 31 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ, ਪਰ ਘਰੇਲੂ ਕ੍ਰਿਕਟ ਅਤੇ ਕੋਚਿੰਗ ਦੇ ਖੇਤਰ ਵਿੱਚ ਉਨ੍ਹਾਂ ਦਾ ਤਜਰਬਾ ਕਾਫ਼ੀ ਵਿਸ਼ਾਲ ਹੈ। ਮੁੰਬਈ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 470 ਵਿਕਟਾਂ ਹਾਸਲ ਕਰਨ ਵਾਲੇ ਇਸ ਆਫ਼ ਸਪਿਨਰ ਨੇ ਖੇਡ ਤੋਂ ਸੰਨਿਆਸ ਮਗਰੋਂ ਕੋਚ ਵਜੋਂ ਵੀ ਆਪਣੀ ਪਛਾਣ ਬਣਾਈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਉਨ੍ਹਾਂ ਦੀ ਅਗਵਾਈ ਹੇਠ ਟੀਮ ਨੇ 2022 ਵਿੱਚ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਤੋਂ ਇਲਾਵਾ ਉਹ ਮੁੰਬਈ ਅਤੇ ਗੁਜਰਾਤ ਦੀਆਂ ਟੀਮਾਂ ਨਾਲ ਵੀ ਕੋਚਿੰਗ ਦੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਦੂਜੇ ਪਾਸੇ, ਪ੍ਰਗਿਆਨ ਓਝਾ ਨੇ ਭਾਰਤ ਵੱਲੋਂ 24 ਟੈਸਟ ਮੈਚ ਖੇਡੇ ਅਤੇ ਆਪਣੀ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਨਾਲ ਕੌਮਾਂਤਰੀ ਪੱਧਰ ’ਤੇ ਪ੍ਰਭਾਵ ਛੱਡਿਆ। ਇਨ੍ਹਾਂ ਦੋਵਾਂ ਦੀ ਨਵੀਂ ਭੂਮਿਕਾ ਤੋਂ ਉਮੀਦ ਹੈ ਕਿ ਚੋਣ ਪ੍ਰਕਿਰਿਆ ਵਿੱਚ ਤਜਰਬੇ ਅਤੇ ਖੇਡ ਦੀ ਡੂੰਘੀ ਸਮਝ ਨੂੰ ਉਚਿਤ ਮਹੱਤਵ ਮਿਲੇਗਾ। 
ਅਜੀਤ ਅਗਰਕਰ ਦੇ ਕਾਰਜਕਾਲ ਦੀ ਸਮੀਖਿਆ ਕਰਦਿਆਂ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਭਾਰਤੀ ਟੀਮ ਨੇ ਇਸ ਦੌਰਾਨ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਭਾਰਤ ਨੇ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਖ਼ਿਤਾਬ ਜਿੱਤੇ ਅਤੇ ਏਸ਼ੀਆਈ ਕ੍ਰਿਕਟ ਵਿੱਚ ਵੀ ਆਪਣੀ ਧਾਕ ਜਮਾਈ। ਪਰ ਟੀਮ ਦੀਆਂ ਸਫ਼ਲਤਾਵਾਂ ਦੇ ਬਾਵਜੂਦ ਚੋਣ ਨੀਤੀ ਅਤੇ ਸੀਨੀਅਰ ਖਿਡਾਰੀਆਂ ਨਾਲ ਕੀਤੇ ਗਏ ਵਿਹਾਰ ਬਾਰੇ ਸਵਾਲ ਵੀ ਉੱਠਦੇ ਰਹੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਦਾ ਟੈਸਟ ਕ੍ਰਿਕਟ ਤੋਂ ਬਾਹਰ ਹੋਣਾ ਅਤੇ ਟੀ-20 ਟੀਮ ਵਿੱਚ ਉਨ੍ਹਾਂ ਦੀ ਗੈਰਹਾਜ਼ਰੀ ਨੇ ਚੋਣਕਾਰਾਂ ਦੀ ਸੋਚ ਉੱਤੇ ਚਰਚਾ ਛੇੜੀ। ਇਹ ਸੱਚ ਹੈ ਕਿ ਹਰ ਖਿਡਾਰੀ ਦਾ ਕਰੀਅਰ ਇੱਕੋ ਜਿਹੇ ਢੰਗ ਨਾਲ ਅੱਗੇ ਨਹੀਂ ਵਧਦਾ ਅਤੇ ਟੀਮ ਵਿੱਚ ਨਵੇਂ ਖਿਡਾਰੀਆਂ ਨੂੰ ਮੌਕਾ ਦੇਣਾ ਵੀ ਜ਼ਰੂਰੀ ਹੈ, ਪਰ ਤਬਦੀਲੀ ਦੀ ਪ੍ਰਕਿਰਿਆ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਸਨਮਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਗਰਕਰ ਦੇ ਕਾਰਜਕਾਲ ਨਾਲ ਜੁੜੇ ਇਨ੍ਹਾਂ ਵਿਵਾਦਾਂ ਨੇ ਇਹ ਸਵਾਲ ਜ਼ਰੂਰ ਖੜ੍ਹਾ ਕੀਤਾ ਕਿ ਕੀ ਚੋਣ ਨੀਤੀ ਵਿੱਚ ਲਗਾਤਾਰਤਾ, ਪਾਰਦਰਸ਼ਤਾ ਅਤੇ ਸੰਵਾਦ ਨੂੰ ਲੋੜੀਂਦੀ ਥਾਂ ਮਿਲੀ।
ਰਵੀਚੰਦਰਨ ਅਸ਼ਵਿਨ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਵੀ ਉਸ ਸਮੇਂ ਕਾਫ਼ੀ ਚਰਚਾ ਹੋਈ ਸੀ। ਉਨ੍ਹਾਂ ਵਰਗੇ ਮੈਚ ਜਿਤਾਊ ਗੇਂਦਬਾਜ਼ ਦੇ ਕਰੀਅਰ ਦੇ ਅੰਤ ਨੂੰ ਕਈ ਪ੍ਰਸ਼ੰਸਕਾਂ ਨੇ ਅਚਨਚੇਤੀ ਅਤੇ ਸਮੇਂ ਤੋਂ ਪਹਿਲਾਂ ਵਾਪਰੀ ਘਟਨਾ ਵਜੋਂ ਦੇਖਿਆ। ਇਸੇ ਤਰ੍ਹਾਂ ਮੁਹੰਮਦ ਸ਼ਮੀ ਦੀ ਫਿਟਨੈੱਸ ਅਤੇ ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਬਾਵਜੂਦ ਕੌਮੀ ਟੀਮ ਵਿੱਚ ਚੋਣ ਨਾ ਕਰਨ ਬਾਰੇ ਵੀ ਉਚਿਤ ਸਵਾਲ ਉੱਠਦੇ ਰਹੇ। ਇਸੇ ਤਰ੍ਹਾਂ ਨੌਜਵਾਨ ਪ੍ਰਤਿਭਾ ਵੈਭਵ ਸੂਰਿਆਵੰਸ਼ੀ ਨੂੰ ਵੈਸਟ ਇੰਡੀਜ਼ ਵਿਰੁੱਧ ਹਾਲ ਹੀ ਵਿੱਚ ਸਮਾਪਤ ਹੋਈ ਇੱਕ ਰੋਜ਼ਾ ਲੜੀ ਵਿੱਚ ਇੱਕ ਵੀ ਮੈਚ ਖੇਡਣ ਦਾ ਮੌਕਾ ਨਾ ਮਿਲਣ ਦੇ ਮੁੱਦੇ ਨੇ ਨੌਜਵਾਨਾਂ ਨੂੰ ਮੌਕੇ ਦੇਣ ਦੀ ਨੀਤੀ ਬਾਰੇ ਚਰਚਾ ਨੂੰ ਜਨਮ ਦਿੱਤਾ। ਕਿਸੇ ਵੀ ਖਿਡਾਰੀ ਦੀ ਚੋਣ ਜਾਂ ਗੈਰਚੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਪਰ ਚੋਣਕਾਰਾਂ ਨੂੰ ਆਪਣੇ ਫ਼ੈਸਲਿਆਂ ਦੀ ਵਾਜਬੀਅਤ ਬਾਰੇ ਸਪੱਸ਼ਟਤਾ ਰੱਖਣੀ ਚਾਹੀਦੀ ਹੈ।
ਹੁਣ ਪ੍ਰਗਿਆਨ ਓਝਾ ਅਤੇ ਰਮੇਸ਼ ਪਵਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤੀ ਕ੍ਰਿਕਟ ਵਿੱਚ ਭਰੋਸੇ ਅਤੇ ਨਿਰਪੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੋਵੇਗੀ। ਚੋਣਕਾਰਾਂ ਦਾ ਮੁਲਾਂਕਣ ਸਿਰਫ਼ ਜਿੱਤੇ ਗਏ ਖ਼ਿਤਾਬਾਂ ਨਾਲ ਨਹੀਂ, ਸਗੋਂ ਇਸ ਗੱਲ ਨਾਲ ਵੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੀ ਸਮਝਦਾਰੀ ਨਾਲ ਤਜਰਬੇ ਅਤੇ ਨੌਜਵਾਨ ਜੋਸ਼ ਵਿਚਕਾਰ ਸੰਤੁਲਨ ਕਾਇਮ ਕੀਤਾ। ਘਰੇਲੂ ਕ੍ਰਿਕਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਯੋਗ ਮੌਕੇ ਮਿਲਣੇ ਚਾਹੀਦੇ ਹਨ ਅਤੇ ਸੀਨੀਅਰ ਖਿਡਾਰੀਆਂ ਦੇ ਭਵਿੱਖ ਬਾਰੇ ਫ਼ੈਸਲੇ ਵੀ ਸਪੱਸ਼ਟ ਮਾਪਦੰਡਾਂ ਦੇ ਆਧਾਰ ’ਤੇ ਹੋਣੇ ਚਾਹੀਦੇ ਹਨ। ਭਾਰਤੀ ਕ੍ਰਿਕਟ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਪਰ ਪ੍ਰਤਿਭਾ ਨੂੰ ਪਛਾਣਨ, ਨਿਖਾਰਨ ਅਤੇ ਸਹੀ ਸਮੇਂ ’ਤੇ ਮੌਕਾ ਦੇਣ ਲਈ ਦੂਰਅੰਦੇਸ਼ੀ ਦੀ ਲੋੜ ਹੈ। ਨਵੀਂ ਚੋਣ ਕਮੇਟੀ ਜੇਕਰ ਪੱਖਪਾਤ ਦੇ ਦੋਸ਼ਾਂ ਤੋਂ ਉੱਪਰ ਉੱਠ ਕੇ ਪਾਰਦਰਸ਼ੀ ਫ਼ੈਸਲੇ ਕਰਦੀ ਹੈ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਪਰਖਦੀ ਹੈ, ਤਾਂ ਇਹ ਤਬਦੀਲੀ ਭਾਰਤੀ ਕ੍ਰਿਕਟ ਲਈ ਸੱਚਮੁੱਚ ਲਾਹੇਵੰਦ ਸਾਬਤ ਹੋ ਸਕਦੀ ਹੈ।
