Oct 20, 2026
ਸਰੀ (ਜਸਵੀਰ ਸਿੰਘ ਭਲੂਰੀਆ) -ਬੀਤੇ ਦਿਨ ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿੱਚ 13 ਵਾਂ (ਛਿਮਾਹੀ) ਸਹਿੱਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ,ਕੈਨੇਡਾ’ ਵੱਲੋਂ ਸੈਂਟਰਲ ਲਾਇਬ੍ਰੇਰੀ ਸਰੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਾਹਿਤਕਾਰ, ਵਿਦਵਾਨ ਅਤੇ ਮੀਡੀਆ ਕਰਮੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਬੁਲਾਰਿਆਂ ਲਈ ਮੁੱਦਾ ‘ਫੈਸਲਾ’ ਰੱਖਿਆ ਗਿਆ। ਜਿਸ ਉੱਪਰ ਭਰਪੂਰ ਚਰਚਾ ਹੋਈ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਸੰਸਥਾਪਕ ਸ੍ਰੀ ਮਲੂਕ ਚੰਦ ਕਲੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਪਰੰਤ ਮਹਾਨ ਅਦਾਕਾਰ ਨਾਨਾ ਪਾਟਕਰ, ਪੰਜਾਬੀ ਹਾਸ-ਵਿਅੰਗ ਅਕਾਦਮੀ ਦੇ ਸੰਸਥਾਪਕ ਤੇ ਉੱਘੇ ਵਿਅੰਗਕਾਰ ਸ੍ਰੀ ਕੇ ਐਲ ਗਰਗ, ਗੁਰਨਾਮ ਸਿੰਘ ਢਿੱਲੋਂ ਅਤੇ ਪਰਵਿੰਦਰ ਸਿੰਘ ਝੋਟਾ ਦੇ ਵਡੇਰੇ ਕਾਰਜਾਂ ਕਰਕੇ ਉਨ੍ਹਾਂ ਨੂੰ ਯਾਦ
ਕੀਤਾ ਗਿਆ। ਫਿਰ ਪ੍ਰਿੰ: ਮਲੂਕ ਚੰਦ ਕਲੇਰ ਨੇ ‘ਫੈਸਲਾ’ ਮੁੱਦੇ ਉੱਤੇ ਪਰਚਾ ਪੜ੍ਹਿਆ। ਆਪਣੇ ਪਰਚੇ ਵਿੱਚ ਉਨ੍ਹਾਂ ‘ਫੈਸਲਾ’ ਲੈਣ ਦੀ ਅਹਿਮੀਅਤ ਦੱਸੀ ਅਤੇ ਬੀਤੇ ਸਮੇਂ ਵਿੱਚ ਵੱਖ-ਵੱਖ ਸ਼ਖ਼ਸੀਅਤਾਂ,ਵਿਦਵਾਨਾਂ ਅਤੇ ਰਹਿਬਰਾਂ ਵੱਲੋਂ ਲਏ ਗਏ ਇਤਿਹਾਸਕ ਫ਼ੈਸਲਿਆਂ ਦਾ ਜਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਕਿਸੇ ਸਮੇਂ ਲਿਆ ਗਿਆ ਗ਼ਲਤ, ਸਹੀ ਫੈਸਲਾ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਉਸ ਤੋਂ ਬਾਅਦ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ: ਗੁਰਵਿੰਦਰ ਸਿੰਘ ਧਾਲੀਵਾਲ ਅਤੇ ਟੀ. ਵੀ. ਹੋਸਟ ਮਨਮੋਹਨ ਸਿੰਘ ਸਮਰਾ ਨੇ ‘ਫੈਸਲਾ’ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੂ ਨਾਨਕ ਸਾਹਿਬ ਵੱਲੋਂ ਮਲਕ ਭਾਗੋ ਦੇ ਪਕਵਾਨ ਛੱਡ ਕੇ ਭਾਈ ਲਾਲੋ ਦਾ ਸਾਦਾ ਭੋਜਨ ਛਕਣ ਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ। ਉਨ੍ਹਾਂ ਸਾਡੇ ਕਈ ਵਿਦਵਾਨਾਂ/ਕਵੀਆਂ ਵੱਲੋਂ ਕਿਸੇ ਇੱਕ ਧਿਰ ਨਾਲ ਖੜ੍ਹਨ ਦੀ ਬਜਾਏ ਦੁਬਿਧਾ ਖੜੀ ਕਰਨ ਤੇ ਵੀ ਸਵਾਲ ਕੀਤਾ। ਉਨ੍ਹਾਂ ਵੱਖ-ਵੱਖ ਵਿਦਵਾਨਾਂ ਵੱਲੋਂ ‘ਫੈਸਲੇ’ ਬਾਰੇ ਦਿੱਤੇ ਵਿਚਾਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰਦਾਸ ਰਾਮ ਆਲਮ ਨੇ ਆਪਣੇ ਲੋਕਾਂ ਦੇ ਹੱਕ ਵਿੱਚ ਅਤੇ ਹਕੂਮਤ ਦੇ ਵਿਰੁੱਧ ਡਟ ਕੇ ਕਲਮ ਚਲਾਈ। ਏਸੇ ਕਰਕੇ ਲੋਕ ਕਵੀ ਆਲਮ ਅਣਗੌਲਿਆ ਰਹਿ ਗਿਆ। ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ਵਿਰੁਧ ਲਏ ਗਏ ਦ੍ਰਿੜ ਫੈਸਲੇ ਤੇ ਕਰਬਾਨ ਹੋਣ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਿੰ: ਮਲੂਕ ਚੰਦ ਕਲੇਰ ਵੱਲੋਂ ਗੁਰਦਾਸ ਰਾਮ ਆਲਮ ਦੇ ਨਾਂ ਤੇ ਸੰਸਥਾ ਦਾ ਗਠਨ ਕਰਨ ਅਤੇ ਹਰ ਛੇ ਮਹੀਨੇ ਬਾਅਦ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਵੀ ਸ਼ੰਲਾਘਾ ਕੀਤੀ।
ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਨੇ ਗੁਰਦਾਸ ਰਾਮ ਆਲਮ ਦੀਆਂ ਅਤੇ ਆਪਣੀਆਂ ਮੌਲਿਕ ਰਚਨਾਵਾਂ ਨਾਲ ਸਮਾਗਮ ਦੀ ਰੌਣਕ ਵਧਾਈ। ਇਨ੍ਹਾਂ ਬੁਲਾਰਿਆਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਲੇਖਕ,ਬੁੱਧੀਜੀਵੀ ਅਤੇ ਮੀਡੀਆ ਕਰਮੀਂ ਹਾਜ਼ਰ ਹੋਏ। ‘ਸਿੱਧੀ ਗੱਲ’ ਚੈਨਲ ਤੋਂ ਨਿਰੰਜਨ ਸਿੰਘ ਲੇਹਲ ਨੇ ਸਮੁੱਚਾ ਸਮਾਗਮ ਕੈਮਰਾਬੰਦ ਕੀਤਾ। ਸਟੇਜ ਸੰਚਾਲਕ ਦੀ ਜੁੰਮੇਵਾਰੀ ਪ੍ਰਿੰ: ਮਲੂਕ ਚੰਦ ਕਲੇਰ ਨੇ ਖੁਦ ਨਿਭਾਈ। ਸਮਾਗਮ ਦੀ ਸਮਾਪਤੀ ਤੇ ਸਭ ਨੇ ਚਾਹ-ਪਾਣੀ ਦਾ ਅਨੰਦ ਮਾਣਿਆਂ।

Leave a Reply

Your email address will not be published. Required fields are marked *