Oct 20, 2026

Screenshot

ਨਵੀਂ ਕੌਸਲ ਤੋਂ ਕਮਿਊਨਿਟੀ ਦੇ ਸਾਂਝੇ ਕੰਮਾਂ ਨੂੰ ਤਰਜੀਹ ਦੇਣ ਦੀ ਉਮੀਦ-

ਸੁਰਿੰਦਰ ਸਿੰਘ ਜੱਬਲ—

ਸਰੀ: ਸਨਿਚਰਵਾਰ 17 ਅਕਤੂਬਰ 2026 ਦੀ ਮਿਉਂਸਪਲ ਚੋਣਾਂ ਵਿਚ ਕੁਝ ਕੁ ਚੋਣ ਅਚਾਰੀਆਂ ਵਾਸਤੇ ਅਚੰਭਤ ਨਤੀਜੇ ਆਏ ਹਨ।ਬਹੁਤ ਸਾਰੇ ਕਿਆਫੇ ਤੇ ਚੋਣ ਸਰਵੇਖਣ ਖੰਭ ਲਾ ਕੇ ਉਡ ਗਏ ਹਨ।ਬ੍ਰਿਟਿਸ਼ ਕੋਲੰਬੀਆ ਵਿਚ ਵੱਡੀ ਅਬਾਦੀ ਵਾਲੇ ਲੋਅਰਮੇਂਨਲੈਂਡ ਏਰੀੇਏ ਵਿਚ ਵੈਨਕੁਵਰ, ਰਿਚਮੰਡ, ਡੈਲਟਾ, ਨਿਊਵੈਸਟਮਿਨਸਟਰ, ਵੈਸਟ ਵੈਨਕੁਵਰ, ਲੈਂਗਲੀ ਟਾਊਨਸ਼ਿੱਪ, ਲੈਂਗਲੀ ਸਿਟੀ ਤੇ ਸਰੀ ਸ਼ਹਿਰ ਵਿਚੋਂ ਮੌਜੂਦਾ ਸਿਟੀ ਮੇਅਰ ਤੇ ਕੁਝ ਕੁ ਸਿਟੀ ਕਾਉਂਸਲਰ ਵੀ ਵੋਟਰਾਂ ਨੇ ਚਾਰ ਸਾਲਾਂ ਲਈ ਲਾਂਭੇ ਕਰ ਦਿੱਤੇ ਹਨ।ਪੁਰਾਣਿਆਂ ਦੀ ਥਾਂ ਨਵਿਆਂ ਨੂੰ ਲਿਆਉਣ ਦੇ ਕਾਰਨ ਤਾਂ ਵੱਖ- ਵੱਖ ਸ਼ਹਿਰਾਂ ਵਿਚ ਵੱਖਰੋ ਵੱਖਰੇ ਹੋ ਸਕਦੇ ਹਨ।ਆਓ ਅੱਜ ਸਰੀ ਸ਼ਹਿਰ ਦੇ ਚੋਣ ਨਤੀਜਿਆਂ ਤੇ ਜਰਾ ਝਾਤ ਮਾਰ ਕੇ ਦੇਖੀਏ।ਆਮ ਮੁੱਦੇ ਤਾਂ ਪ੍ਰਾਪਰਟੀ ਟੈਕਸਾਂ ਵਿਚ ਕਹਿਰਾਂ ਦਾ ਵਾਧਾ, ਸਰੀ ਪੁਲਿਸ ਲਿਆਉਣ ਦੀ ਮੌਜੂਦਾ ਮੇਅਰ ਦੀ ਵਿਰੋਧੀ ਖਿਚੋਤਾਣ, ਪੁਲੀਸ ਚੀਫ ਦੀ ਆਪਣੇ ਨਾਮਜ਼ਦ ਬੋਰਡ ਮੈਂਬਰਾਂ ਰਾਹੀਂ ਬਿਨਾਂ ਕਾਰਨ ਬਰਖਾਸਤੀ, ਸਿਟੀ ਵਲੋਂ ਬਿਲਡਿੰਗ ਪਰਮਿਟਾਂ ਵਿਚ ਦੇਰੀ ਤੇ ਸਰੀ ਸਿਟੀ ਹਾਲ ਲਈ ਖਰੀਦੀ ਗਈ ਜ਼ਮੀਨ ਉੱਤੇ ਵੋਟਰਾਂ ਤੇ ਉਮੀਦਵਾਰਾਂ ਵਲੋਂ ਉੱਠਣ ਵਾਲੇ ਸੁਆਲ ਕੁਝ ਕੁ ਮੇਨ ਮੁੱਦੇ ਸਨ।ਹਰੇਕ ਸਾਲ ਵੱਧ ਰਹੇ ਪ੍ਰਾਪਰਟੀ ਟੈਕਸ ਤੋਂ ਘਰਾਂ ਦੇ ਮਾਲਕ ਬਹੁਤ ਹੀ ਲਾਚਾਰ ਸਨ।ਇਹ ਤਾਂ ਕੁਝ ਕੁ ਆਮ ਮੁੱਦੇ ਸਨ ਪਰ ਆਓ ਕੁਝ ਕੁ ਕਮਿਉਨਿਟੀ ਸਰਵਿਸ ਬਾਰੇ ਰੁਖਤਾ ਹੋ ਗਈ ਮੇਅਰ ਤੇ ਕੌਂਸਲ ਬਾਰੇ ਵੀ ਵਿਚਾਰ ਕਰੀਏ।
ਸਰੀ ਨਿਵਾਸੀਆਂ ਨੂੰ ਸ਼ਾਇਦ ਪਤਾ ਹੋਵੇ ਕਿ ਸਭ ਤੋਂ ਪਹਿਲਾਂ ਬੇਅਰ ਕਰੀਕ ਪਾਰਕ ਦੇ ਬਾਹਰਵਾਰ 84 ਐਵੁਨੀਊ ਨੂੰ 140 ਸਟਰੀਟ ਤੇ ਕਿੰਗ ਜੌਰਜ ਬੁਲਾਵਾਰਡ ਨਾਲ ਮਿਲਾਉਣ ਦੀ ਪਰਖ ਪਹਿਚਾਣ ਕਰਨ ਮਤਾ 2005 ਵਿਚ ਸ਼ੁਰੂ ਹੋ ਗਿਆ ਸੀ ਪਰ ਇਸ ਤੋਂ ਬਾਦ ਪੰਦਰਾਂ ਸੋਲਾਂ ਸਾਲਾਂ ਤੱਕ ਇਸ ਬਾਰੇ ਕੋਈ ਵੀ ਗੱਲਬਾਤ ਕਰਨ ਦਾ ਕਿਸੇ ਵੀ ਮੇਅਰ ਜਾਂ ਕੌਂਸਲ ਨੇ ਹੀਆ ਨਾ ਕੀਤਾ।ਫਰਵਰੀ 2021 ਵਿਚ ਡੱਗ ਮਕੱਲਮ ਮੇਅਰ ਦੀ ਅਗਵਾਈ ਵਿਚ ਕਾਊਂਸਲਰ ਡੱਗ ਐਲਫਰਡ ਦੀ ਮੋਸ਼ਨ ਨਾਲ ਅਤੇ ਮਨਦੀਪ ਨਾਗਰਾ, ਐਲੀਸਨ ਪੈਟਨ ਤੇ ਲੌਰੀ ਗੁਐਰਾ ਦੀ ਮੱਦਦ ਨਾਲ 84 ਐਵੇਨੀਊ ਨੂੰ 140 ਸਟਰੀਟ ਅਤੇ ਕਿੰਗ ਜੌਰਜ ਬੁਲਾਵਾਰਡ ਨਾਲ ਮਿਲਾਉਣ ਦਾ ਕੰਮ ਸ਼ੁਰੂ ਹੋਇਆ। ਵਰਨਣਯੋਗ ਹੈ ਕਿ ਬਰਿੰਡਾ ਲੌਕ ਤੇ ਲਿੰਡਾ ਅੇਨਿਸ ਨੇ ਇਸ ਦੇ ਖਿਲਾਫ ਵੋਟ ਪਾ ਕੇ ਇਸ ਦਾ ਵਿਰੋਧ ਕੀਤਾ ਸੀ।ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਦੀ 84 ਐਵਨਿਊ ਕਾਰੀਡੋਰ ਦੀ ਇਹ ਚਿਰੋਕਣੀ ਮੰਗ ਸੀ ।ਹਰ ਰੋਜ ਦੇ ਪ੍ਰੋਟੈਸਟ ਤੇ ਕੋਰਟ ਵਿਚ ਚੈਲਿੰਜਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਡੱਗ ਮੈਕੱਲਮ ਨੇ ਇਹ ਕਾਰਜ ਨੇਪਰੇ ਚਾੜ੍ਹਿਆ ਜਿਸ ਨਾਲ ਸਰੀ ਸੇਫ ਕੁਲੀਸ਼ਨ ਦੀ ਤੇ ਬਰੁੱਕਸਾਈਡ ਦੀ ਸਿੱਖ ਸੰਗਤ ਦੀ ਨੇੜਤਾ ਵਧੀ ਕਿਉਂਕਿ ਗੁਰਦੁਆਰਾ ਸਾਹਿਬ ਨੂੰ ਆਉਣ ਜਾਣ ਦਾ ਰਾਹ ਬਹੁਤ ਹੀ ਸੌਖਾ ਹੋ ਗਿਆ।
ਗੁਰਦੁਆਰਾ ਸਾਹਿਬ ਬਰੁਕਸਾਈਡ ਅਤੇ ਲਕਸ਼ਮੀ ਨਰਾਇਣ ਮੰਦਿਰ ਵਿਚਕਾਰ ਸਿਟੀ ਦੀ ਪਾਰਕਿੰਗ ਲੌਟ ਸੀ ਜਿਸ ਤੋਂ ਕਾਰ ਪਾਰਕ ਕਰਕੇ ਬੇਅਰ ਕਰੀਕ ਪਾਰਕ ਨੂੰ ਜਾਣ ਦਾ ਰਸਤਾ ਹੋਇਆ ਕਰਦਾ ਸੀ ਅਤੇ ਅੱਜ ਵੀ ਹੈ।ਇਸ ਪਾਰਕਿੰਗ ਲਾਟ ਨੂੰ ਆਪਣੇ ਖਰਚੇ ਨਾਲ ਵੱਡਿਆਂ ਕਰਨ ਲਈ ਗੁਰਦੁਆਰਾ ਸਾਹਿਬ ਅਤੇ ਮੰਦਿਰ ਨੇ 2014 ਤੋਂ ਸਿਟੀ ਤੇ ਪਾਰਕ ਬੋਰਡ ਨਾਲ ਸੰਪਰਕ ਵੀ ਕੀਤਾ ਪਰ ਸਾਨੂੰ ਦੋਹਾਂ ਸੁਸਾਇਟੀਆਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ।ਜਦੋਂ ਅਸੀਂ ਡੱਗ ਮਕੱਲਮ ਅਤੇ ਮਨਦੀਪ ਨਾਗਰਾ ਨਾਲ ਸੰਗਤਾਂ ਵਾਸਤੇ ਪਾਰਕਿੰਗ ਦੀ ਮਜਬੂਰੀ ਦੱਸੀ ਤਾਂ ਉਹਨਾਂ ਨੇ ਇਸ ਨੂੰ ਵੱਡਾ ਕਰਨ ਦਾ ਭਰੋਸਾ ਦਿਵਾਇਆ ਤਾਂ ਕਿ ਲੋੜ ਪੈਣ ਤੇ ਸਾਰੇ ਜਾਣੇ ਇਸ ਦਾ ਲਾਭ ਉਠਾ ਸਕਣ।ਇਸ ਨੂੰ ਵੀ ਡੱਗ ਮਕੱਲਮ ਨੇ ਆਪਣੀ ਪਿਛਲੀ ਟਰਮ ਵਿਚ ਪੂਰਾ ਕਰਨ ਦਾ ਵਚਨ ਨਿਭਾਇਆ।ਇਥੇ ਇਕ ਹੋਰ ਵੀ ਗੱਲ ਵਰਨਣਯੋਗ ਹੈ ਕਿ ਡੱਗ ਮਕੱਲਮ ਤੇ ਉਸ ਦੀ ਕੌਂਸਲ ਵਲੋਂ ਇਸ ਪਾਰਕਿੰਗ ਲਾਟ ਨੂੰ ਤਿੰਨ ਸੈਕਸ਼ਨ ਵਿਚ ਵੱਡਾ ਕੀਤਾ ਗਿਆ ਸੀ ਜਦੋਂ ਬਰਿੰਡਾ ਲਾਕ ਮੇਅਰ ਬਣ ਕੇ ਆਈ ਤਾਂ ਉਦੋਂ ਉਸ ਸਮੇ ਪਾਰਕਿੰਗ ਦੀ ਬਲੈਕ ਟੌਪ ਪੇਵਮੈਂਟ ਵਗੈਰਾ ਹੋ ਰਹੀ ਸੀ।ਬਰਿੰਡਾ ਲਾਕ ਨੇ ਉਹ ਬਲੈਕ ਟੋਪ ਸਿਰਫ ਦੋ ਸੈਕਸ਼ਨਾਂ ਵਿਚ ਹੀ ਪੈਣ ਦਿੱਤੀ ਤੇ ਤੀਜੇ ਸੈਕਸ਼ਨ ਵਿਚ ਬਲੈਕ ਟੋਪ ਦੀ ਥਾਂ ਘਾਹ ਲੁਆ ਦਿੱਤਾ ਜਿਸ ਨਾਲ ਤਕਰੀਬਨ 60 ਦੇ ਕਰੀਬ ਘੱਟ ਪਾਰਕਿੰਗ ਜਗ੍ਹਾ ਨਸੀਬ ਹੋਈਆਂ ਤੇ ਇਹ ਘਾਹ ਅਜੇ ਵੀ ਲੱਗਾ ਹੋਇਆ ਹੈ।ਕਮਿਉਨਿਟੀ ਨਾਲ ਕੀਤੇ ਹੋਏ ਭਲੇ ਕੰਮਾਂ ਨੂੰ ਹਰ ਕੋਈ ਯਾਦ ਰੱਖਦਾ ਹੈ ਤੇ ਉਸਦਾ ਫਲ ਜਾਂ ਵਿਰੋਧ ਭੁਗਤਨਾ ਹੀ ਪੈਂਦਾ ਹੈ।
ਹੁਣ ਜੇ ਕਮਿਉਨਿਟੀ ਦੇ ਭਲੇ ਦੀ ਗੱਲ ਚੱਲ ਹੀ ਪਈ ਹੈ ਤਾਂ ਸਰੀ ਫੀਊਨਰਲ ਹੋਮ ਦੀ ਗੱਲ ਵੀ ਕਰ ਹੀ ਲਈਏ।30 ਅਕਤੂਬਰ 2023 ਨੂੰ ਸਰੀ ਦੀ ਸਿਟੀ ਕੌਂਸਲ ਨੇ ਫੀਊਨਰਲ ਹੋਮ ਬਾਰੇ ਹੋਰ ਲੋੜੀਂਂਦੀ ਜਾਣਕਾਰੀ ਹਾਸਲ ਕਰਨ ਲਈ ਸਾਰਾ ਮੁਆਮਲਾ ਸਿਟੀ ਸਟਾਫ ਦੇ ਹਵਾਲੇ ਕਰ ਦਿੱਤਾ ਤਾਂ ਕਿ ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਨਾਲ ਇਸ ਸੰਬੰਧੀ ਜ਼ਰੂਰੀ ਮੁਦਿਆਂ ਨੂੰ ਸਿਟੀ ਪਲੈਨਿੰਗ ਅਨੁਸਾਰ ਹੱਲ ਕੀਤਾ ਜਾ ਸਕੇ।ਪੌਣੇ ਦੋ ਸਾਲ ਦੀ ਡੂੰਘੀ ਘੋਖ ਪੜਤਾਲ ਅਤੇ ਸੰਬੰਧਤ ਮਸਲਿਆਂ ਦਾ ਸਮਾਧਾਨ ਕਰਨ ਤੋਂ ਬਾਦ  ਪਲੈਨਰ  ਨੇ ਇਕ 83 ਸਫਿਆਂ ਦੀ ਰੀਪੋਰਟ ਸਿਟੀ ਕੋਂਸਲ ਦੀ ਜਾਣਕਾਰੀ ਲਈ ਤਿਆਰ ਕੀਤੀ ਤਾਂ ਕਿ ਉਸ ਅਨੁਸਾਰ ਪਲੈਨਿੰਗ ਡੀਪਾਰਟਮੈਂਟ ਨੂੰ ਗਾਈਡ ਕਰ ਸਕਣ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਹੋਰ ਕੀ ਕੀਤਾ ਜਾਏ? ਸਿਟੀ ਪਲੈਨਿੰਗ ਦੇ ਕੁਝ ਕੁ ਕਾਰਕੁੰਨਾ ਵਲੋਂ ਬੜੀ ਹੀ ਹੁਸ਼ਿਆਰੀ ਨਾਲ ਇਕ ਹੋਰ ਮੋਸ਼ਨ ਵੀ ਏਜੰਡੇ ਤੇ ਪਾ ਦਿੱਤੀ ਕਿ ਤਾਂ ਇਸ ਪ੍ਰਾਜੈਕਟ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਵੇ। ਬਰਿੰਡਾ ਲਾਕ ਦੀ ਬਹੁ ਗਿਣਤੀ ਵਾਲੀ ਕੌਸਲ ਨੇ 6-2 ਦੀ ਵੋਟ ਨਾਲ 23 ਜੂਨ 2025 ਨੂੰ 9280-168 ਸਟਰੀਟ ਤੇ 13 ਏਕੜਾਂ ਤੇ ਬਣਨ ਵਾਲੇ Non-Profit Project ਦਾ ਖਾਤਮਾ ਕਰ ਦਿੱਤਾ ਅਤੇ ਲੋਅਰਮੇਨਲੈਂਡ ਵਿਚੋਂ 12 ਧਾਰਮਿਕ ਸੁਸਾਇਟੀਆਂ ਵਲੋਂ ਕਮਿਉਨਿਟੀ ਦੀ ਅੰਤਿਮ ਲੋੜਾਂ ਲਈ ਬਣਾਈ ਹੋਈ ਹੋਈ ਸੰਸਥਾ Five Rivers Community Services Society ਨੂੰ ਕੋਈ ਹੋਰ ਜਗ੍ਹਾ ਲੱਭਣ ਲਈ ਆਦੇਸ਼ ਜਾਰੀ ਕਰ ਦਿੱਤੇ।
ਇੰਜ ਲਗਦੈ ਕਿ ਪਲੈਨਿੰਗ ਡੀਪਾਰਟਮੈਂਟ ਦੀ 83 ਪੰਨਿਆਂ ਦੀ ਰੀਪੋਰਟ ਨੂੰ ਇਹਨਾਂ ਕੋਂਸਲ ਮੈਂਬਰਾਂ ਨੇ ਪੜ੍ਹਿਆ ਹੀ ਨਹੀਂ ਸੀ ਸਗੋਂ ਕਿਸੇ ਦੇ ਕਹੇ ਕਹਾਏ ਹੀ ਇਸ ਦਾ ਵਿਰੋਧ ਕਰ ਦਿੱਤਾ।ਇਸ ਪ੍ਰਾਜੈਕਟ ਦੇ ਹੱਕ ਅਤੇ ਵਿਰੋਧ ਵਿਚ ਚਿੱਠੀ ਪੱਤਰ ਅਤੇ ਲਿਖਤੀ ਦਸਤਖਤੀ ਪਟੀਸ਼ਨਾਂ ਦਾ ਹਵਾਲਾ ਵੀ ਦਿੱਤਾ ਹੋਇਆ ਹੈ।ਇਸ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ “Staff concur that demand is high and funeral facility is needed in the City of Surrey” ਪਰ ਵਧਾਈ ਦੇ ਪਾਤਰ ਹਨ ਦੋਵੇਂ ਕੌਂਸਲਰ ਮਨਦੀਪ ਨਾਗਰਾ ਤੇ ਡੱਗ ਐਲਫਰਡ ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਖਤਮ ਕਰਨ ਲਈ ਵੋਟ ਹਰਗਿਜ਼ ਨਹੀਂ ਪਾਈ । ਇਸ ਜਗ੍ਹਾ ਦੀ ਖੂਬੀ ਇਹ ਹੈ ਕਿ ਇਹ ਫੀਊਨਰਲ ਪ੍ਰਾਜੈਕਟ ਤਿੰਨ ਪਾਸਿਆਂ ਤੋਂ ਪਾਣੀ ਅਤੇ ਦਰੱਖਤਾਂ ਨਾਲ ਘਿਰਿਆ ਹੋਇਆ ਹੈ ਤੇ ਮੁਹਰਲੇ ਚੌਥੇ ਪਾਸੇ ਸੜਕ ਆਵਾਜਾਈ ਵਾਸਤੇ ਹੈ।ਕਈ ਸਾਲਾਂ ਦੀ ਮਿਹਨਤ ਬਾਦ 2017 ਵਿਚ ਇਹ ਜਗ੍ਹਾ ਸਿਟੀ ਹਾਲ ਤੋਂ ਪੁਛ ਪੜਤਾਲ ਕਰਕੇ ਹੀ ਖਰੀਦੀ ਗਈ ਸੀ ਤੇ ਸਿਟੀ ਹਾਲ ਦੇ ਕਹਿਣ ਤੇ ਹੀ ਦੋਹਾਂ ਪ੍ਰਾਪਰਟੀਆਂ ਦਾ ਐਡਰੈਸ 9280-168 ਕੀਤਾ ਗਿਆ ਸੀ।ਜਿਨ੍ਹਾਂ ਜਿਨ੍ਹਾਂ ਸਰੀ ਵਾਸੀਆਂ ਨੇ ਇਸ ਪ੍ਰਾਜੈਕਟ ਦੇ ਹੱਕ ਵਾਲੀ ਪਟੀਸ਼ਨ ਤੇ ਦਸਖਤ ਕੀਤੇ ਸੀ ਉਹ ਲਗਾਤਾਰ ਪੁੱਛ ਰਹੇ ਸਨ ਕਿ ਉਸ ਦਾ ਕੀ ਬਣਿਆ? ਤਾਂ ਉੱਤਰ ਦੇ ਦਿੱਤਾ ਜਾਂਦਾ ਸੀ ਇਸ ਨੂੰ ਬਰਿੰਡਾ ਲਾਕ ਦੀ ਬਹੁ ਗਿਣਤੀ ਵਾਲੀ ਕੌਸਲ ਨੇ ਨਾ ਮਨਜੂਰ ਕਰਕੇ ਕੋਈ ਨਵੀਂ ਜਗ੍ਹਾ ਭਾਲਣ ਦੇ ਆਦੇਸ਼ ਕਰ ਦਿੱਤੇ ਹਨ। ਜਿਸ ਡਰੋਂ ਕੌਸਲ ਨੇ ਇਹ ਫੈਸਲਾ ਕੀਤਾ ਸਰੀ ਦੇ ਵੋਟਰਾਂ ਨੇ ਉਹਨਾਂ ਕੌਸਲ ਮੈਬਰਾਂ ਤੇ ਮੇਅਰ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਤੇ ਜਿਹੜੇ ਮੈਂਬਰਾਂ ਨੇ ਕਮਿਉਨਿਟੀ ਨਾਲ ਖੜ੍ਹਨ ਦਾ ਜੇਰਾ ਕੀਤਾ ਹੈ ਉਸ ਦੀ ਸਾਰੀ ਹੀ ਟੀਮ ਨੂੰ ਸਰੀ ਕੌਸਲ ਦੀ ਕੁਰਸੀ ਤੇ ਬਿਠਾ ਦਿੱਤਾ ਹੈ।
ਮਾਣਯੋਗ ਕੌਸਲਰ ਮਨਦੀਪ ਨਾਗਰਾ ਤੇ ਡੱਗ ਐਲਫਰਡ ਨੂੰ ਵੀ ਸਰੀ ਵਾਸੀਆਂ ਵਲੋਂ ਜੋਰਦਾਰ ਅਪੀਲ ਹੈ ਸਿਟੀ ਪਲੈਨਰ Robert Ordelheide ਵਲੋਂ ਤਿਆਰ ਕੀਤੀ ਗਈ 83 ਪੰਨਿਆਂ ਦੀ ਰੀਪੋਰਟ ਨੂੰ ਅਧਾਰ ਬਣਾ ਕੇ ਅਤੇ ਸਰੀ ਵਾਸੀਆਂ ਦੀ ਭਾਵਨਾਵਾਂ ਨੂੰ ਸਮਝਦਿਆ ਹੋਇਆਂ 23 ਜੂਨ, 2025 ਵਾਲੇ ਕੌਸਲ ਦੇ ਮਤੇ ਉੱਤੇ ਨਵੀਂ ਚੁਣੀ ਗਈ ਸਰੀ ਕੌਸਲ ਵਲੋਂ ਮੁੜ ਤੋਂ ਵਿਚਾਰ ਕੀਤਾ ਜਾਵੇ ।ਕਮਿਉਨਿਟੀ ਪਤਵੰਤੇ ਅਤੇ ਕੌਂਸਲ ਮੈਂਬਰਾਂ ਨੂੰ ਇਹ ਵੀ ਅਪੀਲ਼ ਹੈ ਕਿ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ ਤੇ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਆਉਂਦੇ ਚਾਰ ਸਾਲਾਂ ਵਿਚ ਮੁਕੰਮਲ ਹੋ ਕੇ ਸਰੀ ਵਾਸੀਆਂ ਦੀ ਅੰਤਮ ਲੋੜਾਂ ਨੂੰ ਪੂਰਿਆਂ ਕਰਦਾ ਨਜ਼ਰ ਆਵੇ। ਕਮਿਉਨਿਟੀ ਦੀਆਂ ਲੋੜਾਂ ਦੇ ਕੰਮ ਕਰਨ ਵਾਲਿਆਂ ਅਤੇ ਕਮਿਉਨਿਟੀ ਨਾਲ ਖੜ੍ਹਨ ਵਾਲਿਆਂ ਦਾ (ਇਕ ਦੋ ਤੋਂ ਇਲਾਵਾ) ਸਮੁੱਚੀ ਕਮਿਉਨਿਟੀ ਹਮੇਸ਼ਾ ਹੀ ਸਤਿਕਾਰ ਕਰਦੀ ਰਹੀ ਹੈ ਤੇ ਕਰਦੀ ਰਹੇਗੀ!

Leave a Reply

Your email address will not be published. Required fields are marked *