ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- 17 ਅਕਤੂਬਰ ਨੂੰ ਮਿਉਂਸਪਲ ਚੋਣਾਂ ਵਿਚ ਸਰੀ ਦਾ ਚੋਣ ਦੰਗਲ ਸਭ ਤੋਂ ਵਧ ਚਰਚਾ ਦਾ ਵਿਸ਼ਾ ਰਿਹਾ।ਪੰਜਾਬ ਤੋਂ ਬਾਹਰ ਭਾਵ ਸਾਰੀ ਦੁਨੀਆਂ ਦੀਆਂ ਨਿਗਾਹਾਂ ਸਰੀ ਦੀਆਂ ਚੋਣਾਂ ਤੇ ਕੇਂਦਰਤ ਸਨ। ਉਥੇ ਭਾਵੇਂ ਆਪਣੇ ਪੰਜਾਬੀ ਹੋਣਵੀਰ ਰੰਧਾਵਾ ਵੀ ਖੜੇ ਸਨ ਪਰ ਸਭ ਤੋਂ ਵੱਧ ਖਿੱਚ ਦਾ ਕੇਂਦਰ ਡਗ ਭਾਜੀ ਹੀ ਰਹੇ। ਲੋਕਾਂ ਦੀ ਜੁਬਾਨ ਤੇ ਇਕੋ ਹੀ ਸ਼ਬਦ ਸੀ ਆ ਗਿਆ ਡੱਗ.. ਆ ਗਿਆ ਡੱਗ। ਉਹ ਤਾਂ ਉਹ ਗੱਲ ਹੋਈ ਕਬੱਡੀ ਦੇ ਮਹਾਨ ਖਿਡਾਰੀ ਪ੍ਰੀਤਾ ਲੋਕਾਂ ਦੀ ਜੁਬਾਨ ਤੇ ਹੁੰਦਾ ਸੀ-ਆਇਆ ਪ੍ਰੀਤਾ ਗਿਆ ਪ੍ਰੀਤਾ। ਭਾਵ ਉਹ ਕਬੱਡੀ ਵਿਚ ਪੁਆਇੰਟ ਲੈਕੇ ਹਨੇਰੀ ਦੀ ਤਰਾਂ ਆਉਂਦਾ ਸੀ। ਭਾਵੇਂ ਕਈ ਰੇਡੀਓ ਸਟੇਸ਼ਨਾਂ ਤੇ ਡੱਗ ਭਾਜੀ ਦੇ ਖਿਲਾਫ ਧੂੰਆਂ ਧਾਰ ਪ੍ਰਚਾਰ ਕੀਤੀ ਗਿਆ ਪਰ ਪੰਜਾਬੀਆਂ ਤੇ ਇਸਦਾ ਕੋਈ ਅਸਰ ਨਹੀ ਹੋਇਆ। ਡੱਗ ਭਾਜੀ ਦੀ ਸਲੇਟ ਵਿਚ ਤਿੰਨ ਪੰਜਾਬੀ ਸ਼ਖਸ਼ੀਅਤਾਂ ਵਿਚ ਮੀਰਾ ਗਿੱਲ, ਸੁਹਾਨਾ ਗਿੱਲ ਤੇ ਤੀਸਰੀ ਵਾਰ ਕੌਂਸਲਰ ਚੁਣੇ ਗਏ ਮਨਦੀਪ ਨਾਗਰਾ ਸ਼ਾਮਿਲ ਹਨ ਜਿਹਨਾਂ ਨੂੰ ਮੇਅਰ ਡੱਗ ਮੈਕਲਮ ਨੇ ਡਿਪਟੀ ਮੇਅਰ ਨਾਮਜ਼ਦ ਕਰ ਦਿੱਤਾ ਹੈ। ਸਰੀ ਦੇ ਪੰਜਾਬੀ ਡੱਗ ਭਾਜੀ ਦੀ ਜਿੱਤ ਦੇ ਜਸ਼ਨ ਮਨਾ ਰਹੇ ਹਨ ਤੇ ਭੰਗੜੇ ਪਾ ਰਹੇ ਹਨ। ਡੱਗ ਭਾਜੀ ਨੇ ਵੀ ਆਪਣੀ ਜਿੱਤ ਤੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਭੰਗੜੇ ਦਾ ਐਕਸ਼ਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਮੇਅਰ ਡੱਗ ਮੈਕਲਮ ਦਾ ਪਿਛਲਾ ਰਿਕਾਰਡ ਵੇਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਭਾਰੀ ਵੋਟਾਂ ਪਾਕੇ ਕਾਮਯਾਬ ਕੀਤਾ ਹੈ। ਸਰੀ ਨਿਵਾਸੀਆਂ ਨੂੰ ਉਹਨਾਂ ਤੋਂ ਬਹੁਤ ਆਸਾਂ ਹਨ। ਆਸ ਕਰਦੇ ਹਨ ਉਹ ਸਰੀ ਵਾਸੀਆਂ ਦੀਆਂ ਉਮੀਦਾਂ ਦੇ ਪੂਰਾ ਉਤਰਨਗੇ। ਇਸੇ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਰਵਿੰਦਰ ਸਿੰਘ ਭਾਟੀਆ ਤੇ ਸਾਥੀਆਂ ਨੇ ਡੱਗ ਮੈਕਲਮ ਨੂੰ ਮਿਲਕੇ ਉਹਨਾਂ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਚੋਣ ਮੁਹਿੰਮ ਵਿਚ ਵੀ ਉਹਨਾਂ ਦਾ ਭਰਵਾਂ ਸਾਥ ਦਿੱਤਾ ਸੀ।
