ਕੰਸਰਵੇਟਿਵ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ-
ਵੈਨਕੂਵਰ, 22 ਅਕਤੂਬਰ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀ.ਸੀ. ਐਨ.ਡੀ.ਪੀ. ਦੇ ਆਗੂ ਡੇਵਿਡ ਈ.ਬੀ. ਦੀ ਅਗਵਾਈ ਹੇਠ ਸਰੀ ਸੈਂਟਰ ਵਿਖੇ ਇੱਕ ਚੋਣ ਰੈਲੀ ਆਯੋਜਿਤ ਕੀਤੀ ਗਈ। ਇਸ ਚੋਣ ਰੈਲੀ ਦੌਰਾਨ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਡੇਵਿਡ ਏ.ਬੀ. ਨੇ ਸਿਹਤ ਸੇਵਾਵਾਂ, ਆਵਾਜਾਈ, ਰਿਹਾਇਸ਼, ਮਹਿੰਗਾਈ ਅਤੇ ਰੁਜ਼ਗਾਰ ਵਰਗੇ ਅਹਿਮ ਮੁੱਦਿਆਂ ’ਤੇ ਆਪਣੀ ਪਾਰਟੀ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਸਰੀ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਸ਼ਹਿਰ ਹੈ ਅਤੇ ਇਸ ਨੂੰ ਲੋੜੀਂਦੀਆਂ ਸਹੂਲਤਾਂ ਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਰਹੇਗੀ।
ਉਨਾਂ ਇਹ ਵੀ ਕਿਹਾ ਕਿ ਸਰੀ ਵਿੱਚ ਸਿਹਤ ਸਹੂਲਤਾਂ ਦਾ ਵਿਸਥਾਰ ਕਰਨ ਲਈ ਕਲੋਵਰਡੇਲ ਹਸਪਤਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰੀ-ਲੈਂਗਲੀ ਸਕਾਈਟਰੇਨ ਪ੍ਰਾਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਇਸ ਪ੍ਰਾਜੈਕਟ ਨੂੰ ਅੱਗੇ ਵਧਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਰੀ ਤੋਂ ਨਿਊਟਨ ਤੱਕ ਸਕਾਈਟਰੇਨ ਦਾ ਵਿਸਥਾਰ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ।
ਸਿਹਤ ਸੇਵਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਡਾਕਟਰੀ ਸਿੱਖਿਆ ਅਤੇ ਪ੍ਰੀਖਿਆਵਾਂ ਪੂਰੀਆਂ ਕਰ ਚੁੱਕੇ ਡਾਕਟਰਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਪ੍ਰਣਾਲੀ ਵਿੱਚ ਤਜਰਬਾ ਹਾਸਲ ਕਰਨ ਦੇ ਹੋਰ ਮੌਕੇ ਦੇਣ ਦੀ ਯੋਜਨਾ ਹੈ, ਤਾਂ ਜੋ ਉਹ ਸੂਬੇ ਵਿੱਚ ਮਰੀਜ਼ਾਂ ਦੀ ਸੇਵਾ ਕਰ ਸਕਣ। ਉਨ੍ਹਾਂ ਸਰੀ ਮੈਮੋਰੀਅਲ ਹਸਪਤਾਲ ਵਿੱਚ ਨਵਾਂ ਸੀ.ਏ.ਟੀ. ਸਕੈਨਰ ਮੁਹੱਈਆ ਕਰਵਾਉਣ ਦਾ ਵੀ ਜ਼ਿਕਰ ਕੀਤਾ।
ਮਹਿੰਗਾਈ ਅਤੇ ਲੋਕਾਂ ਦੇ ਰੋਜ਼ਾਨਾ ਖਰਚਿਆਂ ਬਾਰੇ ਬੋਲਦਿਆਂ ਬੀ.ਸੀ. ਐਨ.ਡੀ.ਪੀ. ਆਗੂ ਨੇ ਕਿਹਾ ਕਿ ਪਰਿਵਾਰਾਂ ਨੂੰ ਪੈਟਰੋਲ, ਕਰਿਆਨੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੇਣ ਦੀ ਲੋੜ ਹੈ। ਉਨ੍ਹਾਂ ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲੀਟਰ 30 ਸੈਂਟ ਤੱਕ ਕਮੀ ਲਿਆਉਣ, ਪ੍ਰੋਵਿੰਸ਼ੀਅਲ ਸੇਲਜ਼ ਟੈਕਸ (ਪੀ.ਐੱਸ.ਟੀ.) ਵਿੱਚ ਰਾਹਤ ਦੇਣ ਅਤੇ ਵੱਡੀਆਂ ਕਰਿਆਨਾ ਕੰਪਨੀਆਂ ਦੇ ਮੁਨਾਫ਼ਿਆਂ ’ਤੇ ਨਜ਼ਰ ਰੱਖਣ ਸਬੰਧੀ ਆਪਣੀ ਪਾਰਟੀ ਦੇ ਪ੍ਰਸਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਛੋਟੇ ਸੁਤੰਤਰ ਕਰਿਆਨਾ ਸਟੋਰਾਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਸਹਾਇਤਾ ਦੇਣ ਦੀ ਗੱਲ ਵੀ ਕਹੀ। ਅਖੀਰ ‘ਚ ਰਿਹਾਇਸ਼ ਦੇ ਮੁੱਦੇ ’ਤੇ ਈਬੀ ਨੇ ਕਿਹਾ ਕਿ ਨੌਜਵਾਨਾਂ ਅਤੇ ਪਰਿਵਾਰਾਂ ਲਈ ਕਿਫ਼ਾਇਤੀ ਘਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਉਸਾਰੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਆਪਣੀ ਸਰਕਾਰ ਵੱਲੋਂ ਉਸਾਰੀ ਸਬੰਧੀ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਨਾਲ ਛੋਟੇ ਬਿਲਡਰਾਂ ਅਤੇ ਪਰਿਵਾਰਾਂ ਲਈ ਘਰ ਬਣਾਉਣਾ ਆਸਾਨ ਹੋਇਆ ਹੈ। ਉਨ੍ਹਾਂ ਬੀ.ਸੀ. ਕੰਸਰਵੇਟਿਵ ਪਾਰਟੀ ਦੇ ਆਗੂ ’ਤੇ ਇਨ੍ਹਾਂ ਰਿਹਾਇਸ਼ੀ ਸੁਧਾਰਾਂ ਨੂੰ ਵਾਪਸ ਲੈਣ ਦੀ ਯੋਜਨਾ ਬਣਾਉਣ ਦਾ ਦੋਸ਼ ਵੀ ਲਗਾਇਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਰਾਜ ਚੌਹਾਨ,ਜਗਰੂਪ ਬਰਾੜ, ਸਾਹਿਬ ਸਿੰਘ ਥਿੰਦ, ਜੈਸੀ ਸੁਨੜ ਅਤੇ ਆਮਨਾ ਸ਼ਾਹ ਹਾਜ਼ਰ ਸਨ।
