ਬ੍ਰਹਮਪੁਰਾ ਬੋਲੇ— ਪਾਰਟੀ ਦਾ ਸੱਚਾ ਸਿਪਾਹੀ ਬਣ ਕੇ ਨਿਭਾਵਾਂਗਾ ਹਰ ਜ਼ਿੰਮੇਵਾਰੀ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਪੱਟੀ,23 ਅਕਤੂਬਰ —
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਵਿਸ਼ੇਸ਼ ਮੁਲਾਕਾਤ ਕੀਤੀ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਸੁਪਰੀਮੋ ਨਾਲ ਉਨ੍ਹਾਂ ਦੀ ਇਹ ਪਹਿਲੀ ਅਤੇ ਰਸਮੀ ਮੁਲਾਕਾਤ ਸੀ,ਜਿਸ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਰਾਜਨੀਤਕ ਵਿਸ਼ਿਆਂ ‘ਤੇ ਡੂੰਘੀਆਂ ਚਰਚਾਵਾਂ ਹੋਈਆਂ।ਇਸ ਮੌਕੇ ਉਨ੍ਹਾਂ ਦੇ ਨਾਲ ਚਾਂਦਨੀ ਚੌਂਕ ਤੋਂ ‘ਆਪ’ ਵਿਧਾਇਕ ਪੁਨਰਦੀਪ ਸਾਹਨੀ ਅਤੇ ਸ.ਬ੍ਰਹਮਪੁਰਾ ਦੇ ਸਪੁੱਤਰ ਕੰਵਰਦੀਪ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ।
ਮੁਲਾਕਾਤ ਦੌਰਾਨ ਸ੍ਰੀ ਅਰਵਿੰਦ ਕੇਜਰੀਵਾਲ ਨੇ ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਮਰਹੂਮ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀਆਂ ਪੰਜਾਬ ਪ੍ਰਤੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਹੀ ਅਸਲੀ ਟਕਸਾਲੀ ਅਕਾਲੀ ਲੀਡਰ ਸਨ, ਜਿਨ੍ਹਾਂ ਨੂੰ ਹਮੇਸ਼ਾ ਪੰਥ,ਪੰਜਾਬ ਅਤੇ ਪੰਜਾਬੀਅਤ ਦੀ ਸੱਚੀ ਫ਼ਿਕਰ ਸੀ। ਜ਼ਿਕਰਯੋਗ ਹੈ ਕਿ ਜਥੇਦਾਰ ਬ੍ਰਹਮਪੁਰਾ ਨੇ ਪੰਜਾਬ ਦੇ ਹੱਕਾਂ ਲਈ ਐਨ.ਐਸ.ਏ.,ਟਾਡਾ ਅਤੇ ਐਸਮਾ ਵਰਗੇ ਸਖ਼ਤ ਕਾਨੂੰਨਾਂ ਤਹਿਤ 12 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਕੱਟਿਆ। ਉਨ੍ਹਾਂ ਦੇ ਸਿਆਸੀ ਸੰਘਰਸ਼ ਦੀਆਂ ਜੜ੍ਹਾਂ ਇਸ ਖਿੱਤੇ ਵਿੱਚ ਬੇਹੱਦ ਡੂੰਘੀਆਂ ਰਹੀਆਂ ਹਨ; ਸੰਨ 1961-62 ਵਿੱਚ ਜਦੋਂ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਤੁੜ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਆਲੋਚਨਾ ਕਰਨ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੁੜ ਸਾਹਿਬ ਨੇ ਜੇਲ੍ਹ ਵਿੱਚ ਰਹਿੰਦਿਆਂ ਕੈਰੋਂ ਵਿਰੁੱਧ ਚੋਣ ਲੜੀ ਸੀ,ਤਾਂ ਜਥੇਦਾਰ ਬ੍ਰਹਮਪੁਰਾ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਉਸ ਦੌਰ ਵਿੱਚ ਜਦੋਂ ਪੱਟੀ ਵੱਖਰਾ ਹਲਕਾ ਨਹੀਂ ਸੀ ਅਤੇ ਨੌਸ਼ਹਿਰਾ ਪੰਨੂੰਆਂ ਹਲਕਾ ਹੁੰਦਾ ਸੀ,ਤਾਂ ਜਥੇ.ਬ੍ਰਹਮਪੁਰਾ ਨੇ ਉੱਥੋਂ ਕਈ ਵਾਰ ਚੋਣ ਲੜੀ ਅਤੇ 1977 ਵਿੱਚ ਪਹਿਲੀ ਵਾਰ ਵਿਧਾਇਕ ਬਣ ਕੇ ਤਤਕਾਲੀ ਮੁੱਖ ਮੰਤਰੀ ਕੈਰੋਂ ਪਰਿਵਾਰ ਨੂੰ ਸਿਆਸੀ ਮਾਤ ਦਿੱਤੀ ਸੀ।ਉਹ ਚਾਰ ਵਾਰ ਵਿਧਾਇਕ ਅਤੇ 2014 ਤੋਂ 2019 ਤੱਕ ਲੋਕ ਸਭਾ ਮੈਂਬਰ ਵੀ ਰਹੇ।
ਸਿਆਸੀ ਗਲਿਆਰਿਆਂ ਵਿੱਚ ਇਸ ਅਹਿਮ ਮੁਲਾਕਾਤ ਦੇ ਬਹੁਤ ਡੂੰਘੇ ਰਾਜਨੀਤਕ ਅਰਥ ਕੱਢੇ ਜਾ ਰਹੇ ਹਨ। ਸਿਆਸੀ ਗਲਿਆਰਿਆਂ ਵਿੱਚ ਇਸ ਮੀਟਿੰਗ ਤੋਂ ਬਾਅਦ ਉੱਭਰੇ ਸੰਕੇਤ ਸਾਫ਼ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮਾਝੇ ਦੀ ਸਿਆਸੀ ਪਿੱਚ ‘ਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਭੂਮਿਕਾ ਬੇਹੱਦ ਕੇਂਦਰੀ ਅਤੇ ਫ਼ੈਸਲਾਕੁਨ ਹੋਣ ਜਾ ਰਹੀ ਹੈ।ਭਾਵੇਂ ਬ੍ਰਹਮਪੁਰਾ ਪਰਿਵਾਰ ਪਿਛਲੇ ਸਮੇਂ ਤੋਂ ਖਡੂਰ ਸਾਹਿਬ ਹਲਕੇ ਤੋਂ ਵਿਚਰਦਾ ਆ ਰਿਹਾ ਹੈ।ਦਿੱਲੀ ਵਿਖੇ ਇਸ ਬੈਠਕ ਤੋਂ ਬਾਅਦ ਇਹ ਗੱਲ ਆਮ ਹੋ ਚੁੱਕੀ ਹੈ ਕਿ ਬ੍ਰਹਮਪੁਰਾ ਪਰਿਵਾਰ ਦੀ ਪੁਰਾਣੀ ਪੰਥਕ ਪਕੜ ਅਤੇ ਤਜਰਬੇ ਨੂੰ ਮੁੜ ਪੱਟੀ-ਨੌਸ਼ਹਿਰਾ ਪੰਨੂੰਆਂ ਦੇ ਉਸੇ ਪੁਰਾਣੇ ਖਿੱਤੇ ਵਿੱਚ ਨਵੇਂ ਸਿਆਸੀ ਅਰਥ ਦੇਣ ਦੀ ਰਣਨੀਤਕ ਵਿਉਂਤਬੰਦੀ ਅੰਦਰਖਾਤੇ ਸਿਖ਼ਰ ‘ਤੇ ਹੈ,ਜਿੱਥੋਂ ਕਦੇ ਜਥੇਦਾਰ ਬ੍ਰਹਮਪੁਰਾ ਨੇ ਕੈਰੋਂ ਪਰਿਵਾਰ ਦੇ ਗੜ੍ਹ ਨੂੰ ਤੋੜ ਕੇ ਆਪਣੀ ਸਿਆਸਤ ਦਾ ਆਗਾਜ਼ ਕੀਤਾ ਸੀ। ਇਸ ਸਿਆਸੀ ਮੁਲਾਕਾਤ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਿਆਸੀ ਪਿੜ ਵਿੱਚ ਵੱਡੀ ਕਰਵਟ ਦੇ ਸੰਕੇਤ ਦੇ ਦਿੱਤੇ ਹਨ।
