Nov 5, 2026

ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਬੈਲਾ ਕੂਲਾ ਜੰਗਲੀ ਇਲਾਕੇ ਨੇੜੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਹਮਲੇ ਵਿੱਚ ਮਾਂ ਅਤੇ ਧੀ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ  ਹੈ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪਰਿਵਾਰਕ ਮੈਂਬਰਾਂ ਵੱਲੋਂ 48 ਸਾਲਾ ਜੈਨੀਫਰ ਬਾਲਕਾਰਸ ਅਤੇ ਉਸ ਦੀ ਨੌਜਵਾਨ ਧੀ ਸੇਲਾਹ ਵਜੋਂ ਕੀਤੀ ਗਈ ਹੈ।
ਪ੍ਰਾਪਤ ਵੇਰਵਿਆ ਅਨੁਸਾਰ ਦੋਵਾਂ ਦੀ ਮੌਤ ਗ੍ਰਿਜ਼ਲੀ ਰਿੱਛ ਦੇ ਹਮਲੇ ਕਾਰਨ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਫਿਰ ਵੀ ਅਧਿਕਾਰੀਆਂ ਵੱਲੋਂ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬ੍ਰਿਟਿਸ਼ ਕੋਲੰਬੀਆ ਦੀ ਜੰਗਲੀ ਜੀਵ ਸੁਰੱਖਿਆ ਅਧਿਕਾਰੀ  ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਰਿੱਛ ਨੂੰ ਫੜਨ ਲਈ ਪਿੰਜਰੇ ਵੀ ਲਗਾਏ ਗਏ ਹਨ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਘਟਨਾ ਲਈ ਕਿਹੜਾ ਜੰਗਲੀ ਜਾਨਵਰ ਜ਼ਿੰਮੇਵਾਰ ਹੈ?

ਜ਼ਿਕਰਯੋਗ ਹੈ ਕਿ ਬੈਲਾ ਕੂਲਾ ਅਤੇ ਇਸ ਦੇ ਆਲੇ-ਦੁਆਲੇ ਦੇ ਜੰਗਲੀ ਇਲਾਕਿਆਂ ਵਿੱਚ ਗ੍ਰਿਜ਼ਲੀ ਰਿੱਛਾਂ ਦੀ ਮੌਜੂਦਗੀ ਕਾਰਨ ਮਨੁੱਖਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਟਕਰਾਅ ਦਾ ਖ਼ਤਰਾ ਬਣਿਆ ਰਹਿੰਦਾ ਹੈ।  ਜੰਗਲਾਤ ਅਧਿਕਾਰੀਆਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਜੰਗਲੀ ਇਲਾਕੇ  ਦੇ ਰਸਤਿਆਂ ‘ਚੋ ਲੰਘਣ  ਵੇਲੇ ਵਧੇਰੇ ਸਾਵਧਾਨ ਰਹਿਣ ਅਤੇ ਚੁਕੰਨੇ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ।

ਫਿਲਹਾਲ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ ਅਤੇ ਹਮਲੇ ਦੇ ਹਾਲਾਤ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।

ਕੈਪਸ਼ਨ: ਬੈਲਾ ਕੂਲਾ ਨੇੜੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਹਮਲੇ ਵਿੱਚ ਜਾਨ ਗੁਆਉਣ ਵਾਲੀ ਜੈਨੀਫਰ ਬਾਲਕਾਰਸ ਅਤੇ ਉਸ ਦੀ ਧੀ ਸੇਲਾਹ ਦੀ ਪੁਰਾਣੀ ਤਸਵੀਰ

Leave a Reply

Your email address will not be published. Required fields are marked *