Nov 6, 2026

ਕੀ 2028 ਓਲੰਪਿਕ ਤੋਂ ਪਹਿਲਾਂ ਤਜਰਬੇਕਾਰ ਖਿਡਾਰੀਆਂ ਦੀ ਹੋਵੇਗੀ ਛੁੱਟੀ….?

ਭਾਰਤੀ ਹਾਕੀ ਟੀਮ ’ਚ ਹੋਵੇਗੀ ਵੱਡੀ ਸਰਜਰੀ…..ਕੋਚ ਕ੍ਰੇਗ ਫੁਲਟਨ ਦਾ ਵੱਡਾ ਸੰਕੇਤ, 2028 ਓਲੰਪਿਕ ਲਈ ਨਵੇਂ ਖਿਡਾਰੀਆਂ ਨੂੰ ਮਿਲੇਗਾ ਮੌਕਾ

ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਟੀਮ ਇੰਡੀਆ ’ਚ ਵੱਡੇ ਬਦਲਾਅ ਦੀ ਤਿਆਰੀ, ਡਿਫੈਂਸ ਤੋਂ ਲੈ ਕੇ ਫਾਰਵਰਡ ਲਾਈਨ ਤੱਕ ਹੋਵੇਗੀ ਨਵੀਂ ਰਣਨੀਤੀ…ਨਿਊਜ਼ੀਲੈਂਡ ਦੌਰਾ ਬਣੇਗਾ ਖਿਡਾਰੀਆਂ ਦੀ ਪਰਖ ਦਾ ਮੈਦਾਨ।

 

ਡਾ ਬਲਜੀਤ ਕੌਰ (ਮੋਬਾਇਲ—9041878781)-

ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। 2028 ਲਾਸ ਏਂਜਲਸ ਓਲੰਪਿਕ ਨੂੰ ਨਿਸ਼ਾਨੇ ’ਤੇ ਰੱਖਦਿਆਂ ਮੁੱਖ ਕੋਚ ਕ੍ਰੇਗ ਫੁਲਟਨ ਨੇ ਟੀਮ ਦੇ ਨਵੇਂ ਸਿਰੇ ਤੋਂ ਨਿਰਮਾਣ ਦੇ ਸੰਕੇਤ ਦਿੱਤੇ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਸਿਰਫ਼ ਪੁਰਾਣੇ ਤਜਰਬੇ ਦੇ ਆਧਾਰ ’ਤੇ ਟੀਮ ਵਿੱਚ ਜਗ੍ਹਾ ਪੱਕੀ ਨਹੀਂ ਰਹੇਗੀ, ਸਗੋਂ ਖਿਡਾਰੀਆਂ ਨੂੰ ਆਪਣੀ ਫਾਰਮ ਅਤੇ ਪ੍ਰਦਰਸ਼ਨ ਨਾਲ ਜਗ੍ਹਾ ਬਣਾਉਣੀ ਪਵੇਗੀ।

ਹਾਲ ਹੀ ਵਿੱਚ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਅੱਠਵੇਂ ਸਥਾਨ ’ਤੇ ਰਹਿਣਾ ਕਈ ਸਵਾਲ ਖੜ੍ਹੇ ਕਰ ਗਿਆ ਸੀ। ਹਾਲਾਂਕਿ ਟੀਮ ਨੇ ਏਸ਼ਿਆਈ ਖੇਡਾਂ ਦਾ ਖਿਤਾਬ ਬਰਕਰਾਰ ਰੱਖ ਕੇ ਲਾਸ ਏਂਜਲਸ ਓਲੰਪਿਕ ਲਈ ਸਿੱਧੀ ਕੁਆਲੀਫਿਕੇਸ਼ਨ ਹਾਸਲ ਕੀਤੀ, ਪਰ ਵੱਡੀਆਂ ਅੰਤਰਰਾਸ਼ਟਰੀ ਟੀਮਾਂ ਖ਼ਿਲਾਫ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਅਜੇ ਵੀ ਵੱਡੀ ਚੁਣੌਤੀ ਹੈ।

ਫਰਵਰੀ ਦੀ ਪ੍ਰੋ ਲੀਗ ਲਈ ਨਵੀਂ ਟੀਮ ਬਣਾਉਣ ਦੀ ਤਿਆਰੀ—

ਕੋਚ ਕ੍ਰੇਗ ਫੁਲਟਨ ਨੇ  ਗੱਲਬਾਤ ਦੌਰਾਨ ਕਿਹਾ ਕਿ ਫਰਵਰੀ ਵਿੱਚ ਹੋਣ ਵਾਲੇ ਪ੍ਰੋ ਲੀਗ ਦੇ ਘਰੇਲੂ ਪੜਾਅ ਲਈ ਨਵੀਂ ਟੀਮ ਚੁਣੀ ਜਾਵੇਗੀ। ਇਸ ਤੋਂ ਬਾਅਦ ਇਸ ਟੀਮ ਨਾਲ 2027-28 ਦੇ ਨਵੇਂ ਹਾਕੀ ਚੱਕਰ ਦੀ ਸ਼ੁਰੂਆਤ ਕੀਤੀ ਜਾਵੇਗੀ।ਭਾਰਤ ਨੂੰ ਘਰੇਲੂ ਮੈਦਾਨ ’ਤੇ ਜਰਮਨੀ, ਅਰਜਨਟੀਨਾ, ਗ੍ਰੇਟ ਬ੍ਰਿਟੇਨ ਅਤੇ ਸਪੇਨ ਵਰਗੀਆਂ ਮਜ਼ਬੂਤ ਟੀਮਾਂ ਦਾ ਸਾਹਮਣਾ ਕਰਨਾ ਹੈ। ਇਹ ਮੁਕਾਬਲੇ ਨਵੇਂ ਖਿਡਾਰੀਆਂ ਦੀ ਸਮਰੱਥਾ ਪਰਖਣ ਅਤੇ ਟੀਮ ਦੀਆਂ ਕਮਜ਼ੋਰੀਆਂ ਦੂਰ ਕਰਨ ਲਈ ਅਹਿਮ ਸਾਬਤ ਹੋ ਸਕਦੇ ਹਨ।

ਨਿਊਜ਼ੀਲੈਂਡ ਦੌਰਾ ਬਣੇਗਾ ਨਵੇਂ ਖਿਡਾਰੀਆਂ ਲਈ ਇਮਤਿਹਾਨ-

ਭਾਰਤੀ ਟੀਮ ਇਸ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਕਰੇਗੀ, ਜਿੱਥੇ 19, 21 ਅਤੇ 22 ਨਵੰਬਰ ਨੂੰ ਆਕਲੈਂਡ ਵਿੱਚ ਤਿੰਨ ਟੈਸਟ ਮੈਚ ਖੇਡੇ ਜਾਣਗੇ। ਇਹ ਲੜੀ ਭਾਰਤੀ ਹਾਕੀ ਦੇ ਪਹਿਲੇ ਇਤਿਹਾਸਕ ਵਿਦੇਸ਼ੀ ਦੌਰੇ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਖੇਡੀ ਜਾ ਰਹੀ ਹੈ।

ਫੁਲਟਨ ਨੇ ਸਪੱਸ਼ਟ ਕੀਤਾ ਹੈ ਕਿ ਨਿਊਜ਼ੀਲੈਂਡ ਜਾਣ ਵਾਲੀ ਟੀਮ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਇਸ ਦੌਰੇ ਦੌਰਾਨ ਕੋਚਿੰਗ ਸਟਾਫ਼ ਕੋਲ ਨਵੇਂ ਖਿਡਾਰੀਆਂ ਅਤੇ ਉਪਲਬਧ ਬਦਲਾਂ ਨੂੰ ਅਜ਼ਮਾਉਣ ਦਾ ਮੌਕਾ ਹੋਵੇਗਾ।

ਡਿਫੈਂਸ ਅਤੇ ਫਾਰਵਰਡ ਲਾਈਨ ’ਤੇ ਸਭ ਤੋਂ ਵੱਡਾ ਸਵਾਲ—

ਫੁਲਟਨ ਨੇ ਵਿਸ਼ਵ ਕੱਪ ਦੇ ਪ੍ਰਦਰਸ਼ਨ ’ਤੇ ਗੱਲ ਕਰਦਿਆਂ ਮੰਨਿਆ ਕਿ ਜਦੋਂ ਟੀਮ ਨੂੰ ਅਹਿਮ ਮੌਕਿਆਂ ’ਤੇ ਗੋਲ ਕਰਨ ਦੀ ਲੋੜ ਸੀ, ਉਸ ਸਮੇਂ ਖਿਡਾਰੀ ਮੌਕਿਆਂ ਨੂੰ ਗੋਲ ਵਿੱਚ ਬਦਲਣ ਵਿੱਚ ਨਾਕਾਮ ਰਹੇ। ਦੂਜੇ ਪਾਸੇ ਡਿਫੈਂਸ ਨੇ ਵੀ ਕੁਝ ਆਸਾਨ ਗੋਲ ਖਾਣ ਦੀਆਂ ਗਲਤੀਆਂ ਕੀਤੀਆਂ।ਉਨ੍ਹਾਂ ਮੁਤਾਬਕ ਭਾਰਤ ਏਸ਼ਿਆਈ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਦਾ ਹੈ, ਪਰ ਯੂਰਪੀ ਅਤੇ ਉੱਚ ਦਰਜੇ ਦੀਆਂ ਟੀਮਾਂ ਵਿਰੁੱਧ ਲਗਾਤਾਰ ਬਿਹਤਰ ਖੇਡ ਦਿਖਾਉਣ ਦੀ ਲੋੜ ਹੈ।ਇਸ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਰਫ਼ ਡਿਫੈਂਡਰਾਂ ਜਾਂ ਫਾਰਵਰਡਾਂ ਹੀ ਨਹੀਂ, ਸਗੋਂ ਪੂਰੀ ਟੀਮ ਦੀ ਚੋਣ ਅਤੇ ਖੇਡਣ ਦੀ ਰਣਨੀਤੀ ਦੀ ਸਮੀਖਿਆ ਹੋ ਸਕਦੀ ਹੈ।

ਕੀ ਤਜਰਬੇਕਾਰ ਖਿਡਾਰੀਆਂ ਦੀ ਜਗ੍ਹਾ ਨਵੇਂ ਚਿਹਰੇ ਲੈਣਗੇ…?

ਭਾਰਤੀ ਹਾਕੀ ਵਿੱਚ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ। ਫੁਲਟਨ ਨੇ ਵੀ ਕਿਹਾ ਹੈ ਕਿ ਪਹਿਲਾਂ ਵੀ ਟੀਮ ਵਿੱਚ ਕਈ ਬਦਲਾਅ ਕੀਤੇ ਗਏ ਹਨ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ 2023 ਦੀ ਚੇਨਈ ਏਸ਼ਿਆਈ ਚੈਂਪੀਅਨਜ਼ ਟਰਾਫੀ ਅਤੇ 2024 ਦੇ ਹੁਲੁਨਬੁਇਰ ਟੂਰਨਾਮੈਂਟ ਵਿੱਚ ਖੇਡਣ ਵਾਲੀਆਂ ਟੀਮਾਂ ਵੱਖਰੀਆਂ ਸਨ। ਇਸ ਤੋਂ ਇਲਾਵਾ ਪਿਛਲੀ ਟੀਮ ਤੋਂ ਬਾਅਦ ਨੌਂ ਖਿਡਾਰੀ ਬਦਲੇ ਜਾ ਚੁੱਕੇ ਹਨ।ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਹਾਕੀ ਵਿੱਚ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਲਈ ਕੁਝ ਵੱਡੇ ਨਾਂਵਾਂ ਨੂੰ ਵੀ ਬਾਹਰ ਬੈਠਣਾ ਪਵੇਗਾ? ਹਾਲਾਂਕਿ ਕੋਚ ਨੇ ਕਿਸੇ ਖਿਡਾਰੀ ਨੂੰ ਬਾਹਰ ਕਰਨ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ, ਪਰ ਨਵੀਂ ਟੀਮ ਬਣਾਉਣ ਦੇ ਸੰਕੇਤਾਂ ਨੇ ਚੋਣ ਪ੍ਰਕਿਰਿਆ ਨੂੰ ਦਿਲਚਸਪ ਬਣਾ ਦਿੱਤਾ ਹੈ।

2028 ਓਲੰਪਿਕ.. ਹੁਣ ਗਲਤੀਆਂ ਦੀ ਗੁੰਜਾਇਸ਼ ਨਹੀਂ—

ਭਾਰਤ ਨੇ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤ ਕੇ ਓਲੰਪਿਕ ਟਿਕਟ ਤਾਂ ਹਾਸਲ ਕਰ ਲਈ ਹੈ, ਪਰ ਅਸਲ ਚੁਣੌਤੀ ਲਾਸ ਏਂਜਲਸ ਵਿੱਚ ਤਮਗਾ ਜਿੱਤਣ ਦੀ ਹੋਵੇਗੀ। ਇਸ ਲਈ ਟੀਮ ਨੂੰ ਹੁਣ ਤੋਂ ਹੀ ਮਜ਼ਬੂਤ ਡਿਫੈਂਸ, ਪ੍ਰਭਾਵਸ਼ਾਲੀ ਪੈਨਲਟੀ ਕਾਰਨਰ ਅਤੇ ਗੋਲ ਕਰਨ ਦੀ ਬਿਹਤਰ ਸਮਰੱਥਾ ’ਤੇ ਕੰਮ ਕਰਨਾ ਪਵੇਗਾ।

ਕੋਚ ਫੁਲਟਨ ਦੀ ਰਣਨੀਤੀ ਸਪੱਸ਼ਟ ਹੈ—ਨਵੇਂ ਖਿਡਾਰੀਆਂ ਨੂੰ ਮੌਕਾ, ਕਮਜ਼ੋਰੀਆਂ ਦੀ ਪਛਾਣ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਧੇਰੇ ਮੁਕਾਬਲੇਬਾਜ਼ ਟੀਮ ਤਿਆਰ ਕਰਨਾ।ਹੁਣ ਦੇਖਣਾ ਇਹ ਹੋਵੇਗਾ ਕਿ ਇਹ ਬਦਲਾਅ ਭਾਰਤੀ ਹਾਕੀ ਨੂੰ ਨਵੀਂ ਉਡਾਣ ਦਿੰਦੇ ਹਨ ਜਾਂ ਟੀਮ ਨੂੰ ਆਪਣੀ ਨਵੀਂ ਪਹਿਚਾਣ ਬਣਾਉਣ ਲਈ ਹੋਰ ਸਮਾਂ ਲੱਗੇਗਾ। 2028 ਦਾ ਓਲੰਪਿਕ ਤਮਗਾ ਹੀ ਇਸ ਨਵੀਂ ਰਣਨੀਤੀ ਦੀ ਸਭ ਤੋਂ ਵੱਡੀ ਕਸੌਟੀ ਹੋਵੇਗਾ।

Leave a Reply

Your email address will not be published. Required fields are marked *