ਭਤੀਜੇ ਧੀਰਾ ਖੁੱਡੀਆਂ ਨੂੰ ਲੰਬੀ ਤੋਂ ਉਮੀਦਵਾਰ ਐਲਾਨਿਆ-
ਚੰਡੀਗੜ -ਆਮ ਆਦਮੀ ਪਾਰਟੀ ਦੀ ਟਿਕਟ ਤੇ ਲੰਬੀ ਤੋਂ ਜਿੱਤਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਪਾਰਟੀ ਨੇ ਪੱਤਾ ਕੱਟ ਦਿੱਤਾ ਹੈ। ‘ਆਪ’ ਨੇ ਉਨ੍ਹਾਂ ਦੀ ਥਾਂ ਰਣਧੀਰ ਸਿੰਘ ‘ਧੀਰਾ ਖੁੱਡੀਆਂ’ ਨੂੰ ਲੰਬੀ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਧੀਰਾ ਪਰਿਵਾਰਕ ਰਿਸ਼ਤੇ ਵਿੱਚ ਗੁਰਮੀਤ ਖੁੱਡੀਆਂ ਦਾ ਭਤੀਜਾ ਲੱਗਦਾ ਹੈ।
ਬੀਤੇ ਦਿਨ ਜਾਰੀ ਕੀਤੀ ਦੂਜੀ ਸੂਚੀ ਵਿੱਚ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੇ ਫ਼ੈਸਲੇ ਨੂੰ ਮਈ 2026 ਵਿੱਚ ਗੁਰਮੀਤ ਖੁੱਡੀਆਂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਿਚਾਲੇ ਹੋਈ ਕਥਿਤ ਬਹਿਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਵਿਵਾਦ ਤੋਂ ਬਾਅਦ ਜੂਨ 2026 ਵਿੱਚ ਗੁਰਮੀਤ ਖੁੱਡੀਆਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਨੂੰ ਪੰਜਾਬ ਸਟੇਟ ਕੰਟੇਨਰ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ। ਇਸ ਨਿਯੁਕਤੀ ਨੂੰ ਸਿਆਸੀ ਹਲਕਿਆਂ ਵਿੱਚ ਗੁਰਮੀਤ ਖੁੱਡੀਆਂ ਅਤੇ ਪਾਰਟੀ ਹਾਈਕਮਾਂਡ ਵਿਚਾਲੇ ਮਤਭੇਦਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਸਿਆਸੀ ਮਾਹਿਰਾਂ ਵੱਲੋਂ ਉਦੋਂ ਤੋਂ ਹੀ ਲੰਬੀ ਹਲਕੇ ਵਿੱਚ ਗੁਰਮੀਤ ਖੁੱਡੀਆਂ ਦੀ ਆਗਾਮੀ ਸਿਆਸਤ ਨੂੰ ਹਾਸ਼ੀਏ ’ਤੇ ਮੰਨਿਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ‘ਆਪ’ ਦੀ ਟਿਕਟ ’ਤੇ ਗੁਰਮੀਤ ਖੁੱਡੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਨ੍ਹਾਂ ਨੂੰ ਲੰਬੀ ਹਲਕੇ ਤੋਂ 66,313 ਵੋਟਾਂ (48.87 ਫ਼ੀਸਦੀ) ਮਿਲੀਆਂ ਸਨ। ਪਰ ਮਹਿਜ਼ ਦੋ ਸਾਲਾਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਹਰਾ ਦਿੱਤਾ। ਉੱਥੇ ਹੀ ਦਸੰਬਰ 2025 ਦੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਪੰਚਾਇਤ ਸੰਮਤੀ ਲੰਬੀ ਦੀਆਂ 25 ਸੀਟਾਂ ਵਿੱਚੋਂ ਸਿਰਫ਼ ਚਾਰ ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ। ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਲਗਪਗ ਇੱਕਤਰਫ਼ਾ ਜਿੱਤ ਦਰਜ ਕੀਤੀ। ਗੁਰਮੀਤ ਖੁੱਡੀਆਂ ਦੇ ਆਪਣੇ ਪਿੰਡ ਨਾਲ ਸਬੰਧਤ ਖੁੱਡੀਆਂ ਜ਼ਿਲ੍ਹਾ ਪਰਿਸ਼ਦ ਜ਼ੋਨ ਵਿੱਚੋਂ ਵੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹੁਣ ਗੁਰਮੀਤ ਖੁੱਡੀਆਂ ਦੇ ਕੁਝ ਸਮਰਥਕ ਉਨ੍ਹਾਂ ਦੇ ਮੌੜ ਹਲਕੇ ਤੋਂ ਚੋਣ ਲੜਨ ਦੇ ਦਾਅਵੇ ਕਰ ਰਹੇ ਹਨ।
