Nov 15, 2026

1984 ਦੇ ਸਿੱਖ ਕਤਲੇਆਮ ਨੂੰ ਭੁੱਲਣ ਦੀ ਸਲਾਹ ਦੇਣ ਵਾਲੇ ਸੈਮ ਪਿਤਰੋਦਾ, ਸੋਨੀਆ ਤੇ ਰਾਹੁਲ ਗਾਂਧੀ ਪਹਿਲਾਂ ਸਿੱਖ ਕੌਮ ਨੂੰ ਦੱਸਣ ਕਿ ਇਨਸਾਫ਼ ਕਿੱਥੇ ਹੈ-

ਅੰਮ੍ਰਿਤਸਰ, 13 ਨਵੰਬਰ: ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਚਾਰ ਦਹਾਕੇ ਪੁਰਾਣੀ ਘਟਨਾ ਦੱਸ ਕੇ ਭੁੱਲ ਜਾਣ ਅਤੇ ਭਵਿੱਖ ਵੱਲ ਦੇਖਣ ਦੀ ਦਿੱਤੀ ਸਲਾਹ ਬੇਹੱਦ ਸ਼ਰਮਨਾਕ, ਨਿੰਦਣਯੋਗ ਅਤੇ ਸਿੱਖ ਕੌਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਹੈ। ਇਸ ਤੋਂ ਵੀ ਵੱਧ ਇਤਰਾਜ਼ਯੋਗ ਗੱਲ ਇਹ ਹੈ ਕਿ ਪਿਤਰੋਦਾ ਨੇ ਸਿੱਖ ਕਤਲੇਆਮ ਦੀ ਗੰਭੀਰਤਾ ਨੂੰ ਘਟਾਉਣ ਲਈ ਭਗਵਾਨ ਸ੍ਰੀ ਰਾਮ ਅਤੇ ਹਨੂੰਮਾਨ ਜੀ ਦੀਆਂ ਧਾਰਮਿਕ ਗਾਥਾਵਾਂ ਨੂੰ ਵੀ ਬੇਲੋੜੀਆਂ ਪੁਰਾਣੀਆਂ ਗੱਲਾਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸੈਮ ਪਿਤਰੋਦਾ ਸੋਨੀਆ ਗਾਂਧੀ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਹੀ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ 1984 ਭੁੱਲਣ ਦਾ ਉਪਦੇਸ਼ ਦੇਣ ਵਾਲੇ ਸੋਨੀਆ ਅਤੇ ਰਾਹੁਲ ਗਾਂਧੀ ਪਹਿਲਾਂ ਇਹ ਦੱਸਣ ਕਿ 1984 ਦੇ ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ? ਕਾਂਗਰਸ ਆਪਣਾ ਅਤੀਤ ਭੁੱਲਣਾ ਚਾਹੁੰਦੀ ਹੈ, ਪਰ ਸਿੱਖ ਕੌਮ ਆਪਣਾ ਇਤਿਹਾਸ ਕਦੇ ਨਹੀਂ ਭੁੱਲੇਗੀ।
ਉਨ੍ਹਾਂ ਸੈਮ ਪਿਤਰੋਦਾ ਦੇ ਨਾਲ-ਨਾਲ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕੀ ਸਿੱਖ ਕੌਮ ਦੇ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਕਤਲੇਆਮ ਉਨ੍ਹਾਂ ਲਈ ਸਿਰਫ਼ 40 ਸਾਲ ਪੁਰਾਣੀ ਗੱਲ ਹੈ? ਕੀ ਵਿਧਵਾਵਾਂ ਦੇ ਹੰਝੂ, ਯਤੀਮ ਬੱਚਿਆਂ ਦੀਆਂ ਚੀਕਾਂ, ਸਾੜੇ ਗਏ ਗੁਰਦੁਆਰੇ, ਲੁੱਟੇ ਗਏ ਘਰ ਅਤੇ ਮਾਵਾਂ-ਭੈਣਾਂ ਨਾਲ ਹੋਏ ਅਣਮਨੁੱਖੀ ਜ਼ੁਲਮ ਉਨ੍ਹਾਂ ਲਈ ਅਤੀਤ ਦੀਆਂ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ ਪਿਤਰੋਦਾ ਨੂੰ ਸਮਝਣਾ ਚਾਹੀਦਾ ਹੈ ਕਿ ਇਤਿਹਾਸ ਦੀਆਂ ਘਟਨਾਵਾਂ ਸਮੇਂ ਨਾਲ ਮਿਟਦੀਆਂ ਨਹੀਂ। ਸ੍ਰੀ ਰਾਮ ਵੱਲੋਂ ਰਾਵਣ ਦੇ ਵਧ ਦੀ ਯੁੱਗਾਂ ਪੁਰਾਣੀ ਗਾਥਾ ਨੂੰ ਅਸੀਂ ਅੱਜ ਤੱਕ ਨਹੀਂ ਭੁੱਲੇ। ਸਦੀਆਂ ਪਹਿਲਾਂ ਸੋਮਨਾਥ ਮੰਦਰ ਦੀ ਹੋਈ ਲੁੱਟ ਨੂੰ ਨਹੀਂ ਭੁੱਲੇ। ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੇ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕਿਵੇਂ ਭੁੱਲ ਸਕਦੇ ਹਾਂ? ਫਿਰ 1984 ਦਾ ਸਿੱਖ ਕਤਲੇਆਮ ਤਾਂ ਕੱਲ੍ਹ ਦੀ ਹੀ ਗੱਲ ਹੈ। ਇਤਿਹਾਸ ਨੂੰ ਯਾਦ ਰੱਖਣਾ ਕਿਸੇ ਨਾਲ ਨਫ਼ਰਤ ਕਰਨਾ ਨਹੀਂ, ਸਗੋਂ ਸੱਚ, ਨਿਆਂ ਅਤੇ ਆਪਣੀ ਵਿਰਾਸਤ ਪ੍ਰਤੀ ਵਫ਼ਾਦਾਰੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਭਵਿੱਖ ਵੱਲ ਦੇਖਣ ਦੇ ਵਿਰੁੱਧ ਨਹੀਂ ਹੈ, ਪਰ ਇਨਸਾਫ਼ ਤੋਂ ਬਿਨਾਂ ਅੱਗੇ ਵਧਣ ਦੀ ਸਲਾਹ ਕਬੂਲ ਨਹੀਂ ਕਰ ਸਕਦੀ। ਜਿਹੜੇ ਪਰਿਵਾਰ ਚਾਰ ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਨੂੰ ਅਤੀਤ ਭੁੱਲਣ ਦਾ ਉਪਦੇਸ਼ ਦੇਣਾ ਸੰਵੇਦਨਹੀਣਤਾ ਦੀ ਹੱਦ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਇਸ ਸਵਾਲ ਤੋਂ ਬਚ ਨਹੀਂ ਸਕਦੇ। ਜੇ ਪਿਤਰੋਦਾ ਦਾ ਬਿਆਨ ਕਾਂਗਰਸ ਦੀ ਸੋਚ ਨਹੀਂ ਹੈ ਤਾਂ ਕੀ ਸੋਨੀਆ ਅਤੇ ਰਾਹੁਲ ਗਾਂਧੀ ਉਸ ਦੀ ਖੁੱਲ੍ਹ ਕੇ ਨਿਖੇਧੀ ਕਰਨਗੇ? ਕੀ ਉਹ ਸਿੱਖ ਕੌਮ ਤੋਂ ਮੁਆਫ਼ੀ ਮੰਗਣਗੇ? ਕੀ ਉਹ ਸਪੱਸ਼ਟ ਕਰਨਗੇ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਦੇਣ ਅਤੇ ਇਨਸਾਫ਼ ਵਿੱਚ ਰੁਕਾਵਟ ਬਣਨ ਵਾਲੀ ਕਿਸੇ ਵੀ ਭੂਮਿਕਾ ਨੂੰ ਕਾਂਗਰਸ ਕਦੇ ਵੀ ਪ੍ਰਵਾਨ ਨਹੀਂ ਕਰੇਗੀ?
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦੋਹਰਾ ਚਿਹਰਾ ਵੀ ਬੇਨਕਾਬ ਹੋ ਗਿਆ ਹੈ। ਇੱਕ ਪਾਸੇ ਕਾਂਗਰਸ ਪ੍ਰੈੱਸ ਬਿਆਨ ਜਾਰੀ ਕਰਕੇ 1984 ਦੇ ਪੀੜਤਾਂ ਲਈ ਇਨਸਾਫ਼ ਦੀ ਗੱਲ ਕਰਦੀ ਹੈ, ਦੂਜੇ ਪਾਸੇ ਉਸੇ ਪਾਰਟੀ ਦਾ ਸੀਨੀਅਰ ਆਗੂ ਸਿੱਖ ਕਤਲੇਆਮ ਦੀ ਚਰਚਾ ਨੂੰ ਬੇਮਤਲਬ ਦੱਸ ਕੇ ਅੱਗੇ ਵਧਣ ਦਾ ਉਪਦੇਸ਼ ਦਿੰਦਾ ਹੈ। ਸਵਾਲ ਹੈ ਕਿ ਕੀ ਕਾਂਗਰਸ ਦੀ ਇਨਸਾਫ਼ ਪ੍ਰਤੀ ਵਚਨਬੱਧਤਾ ਸਿਰਫ਼ ਸਿਆਸੀ ਬਿਆਨਾਂ ਤੱਕ ਹੀ ਸੀਮਤ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ 1984 ਵਿੱਚ ਜਦੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਉਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। ਰਾਜੀਵ ਗਾਂਧੀ ਦਾ ‘ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਵਾਲਾ ਬਿਆਨ ਅੱਜ ਵੀ ਸਿੱਖ ਕੌਮ ਦੀਆਂ ਯਾਦਾਂ ਵਿੱਚ ਦਰਜ ਹੈ। ਕਾਂਗਰਸ ਦੇ ਆਗੂਆਂ ਉੱਤੇ ਲੱਗੇ ਗੰਭੀਰ ਦੋਸ਼ਾਂ ਅਤੇ ਇਨਸਾਫ਼ ਵਿੱਚ ਹੋਈ ਲੰਮੀ ਦੇਰੀ ਦਾ ਜਵਾਬ ਦੇਣ ਦੀ ਬਜਾਏ ਇਤਿਹਾਸ ਨੂੰ ਭੁੱਲਣ ਦੀ ਸਲਾਹ ਦੇਣਾ ਕਾਂਗਰਸ ਦੀ ਜਵਾਬਦੇਹੀ ਤੋਂ ਭੱਜਣ ਵਾਲੀ ਸਿਆਸਤ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਦਾ ਭਵਿੱਖ ਅਤੇ ਇਨਸਾਫ਼ ਦੋ ਵੱਖਰੇ ਮੁੱਦੇ ਨਹੀਂ ਹਨ। ਬੱਚਿਆਂ ਦੀ ਸਿੱਖਿਆ, ਰੁਜ਼ਗਾਰ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਵਿਕਾਸ ਦੀ ਗੱਲ ਵੀ ਹੋਵੇਗੀ, ਪਰ ਇਸ ਦੇ ਨਾਲ 1984 ਦਾ ਸੱਚ ਅਤੇ ਪੀੜਤਾਂ ਲਈ ਇਨਸਾਫ਼ ਵੀ ਯਕੀਨੀ ਬਣਾਇਆ ਜਾਵੇਗਾ। ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਇਹ ਵੀ ਦੱਸਾਂਗੇ ਕਿ 1984 ਵਿੱਚ ਕੀ ਹੋਇਆ ਸੀ ਅਤੇ ਇਹ ਵੀ ਸਿਖਾਵਾਂਗੇ ਕਿ ਅਜਿਹਾ ਅਨਿਆਂ ਮੁੜ ਕਦੇ ਨਾ ਹੋਵੇ।
ਪ੍ਰੋ. ਖਿਆਲਾ ਨੇ ਕਿਹਾ ਕਿ ਸੈਮ ਪਿਤਰੋਦਾ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯਾਦ ਰੱਖਣ ਕਿ ਸਿੱਖ ਕੌਮ ਦੀ ਯਾਦਦਾਸ਼ਤ ਕਮਜ਼ੋਰ ਨਹੀਂ ਹੈ। ਸਿੱਖ ਕੌਮ ਆਪਣੇ ਸ਼ਹੀਦਾਂ, ਆਪਣੇ ਇਤਿਹਾਸ ਅਤੇ ਆਪਣੇ ਜ਼ਖ਼ਮਾਂ ਨੂੰ ਨਹੀਂ ਭੁੱਲਦੀ। 1984 ਨੂੰ ਭੁੱਲਣ ਦੀ ਸਲਾਹ ਦੇਣ ਦੀ ਬਜਾਏ ਕਾਂਗਰਸ ਪਹਿਲਾਂ ਆਪਣੇ ਇਤਿਹਾਸ ਦਾ ਹਿਸਾਬ ਦੇਵੇ। ਸਿੱਖ ਕੌਮ ਨੂੰ ਭੁੱਲਣ ਦਾ ਉਪਦੇਸ਼ ਨਹੀਂ, ਇਨਸਾਫ਼ ਚਾਹੀਦਾ ਹੈ।
ਇਨਸਾਫ਼ ਤੋਂ ਬਿਨਾਂ ਸਮਝੌਤਾ ਨਹੀਂ, ਸੱਚ ਤੋਂ ਬਿਨਾਂ ਅੱਗੇ ਵਧਣਾ ਨਹੀਂ ਅਤੇ 1984 ਦੇ ਸਿੱਖ ਕਤਲੇਆਮ ਨੂੰ ਇਤਿਹਾਸ ਵਿੱਚੋਂ ਮਿਟਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *