ਸੁਖਵਿੰਦਰ ਸਿੰਘ ਚੋਹਲਾ-
ਬ੍ਰਿਟਿਸ਼ ਕੋਲੰਬੀਆ ਵਿਚ ਕੰਸਰਵੇਟਿਵ ਆਗੂ ਲੌਰਨ ਡੌਰਕਸਨ ਦੀ ਅਗਵਾਈ ਹੇਠ ਨਵੀਂ ਸਰਕਾਰ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ। ਇਸ 20 ਨਵੰਬਰ ਨੂੰ ਵਿਕੋਟਰੀਆ ਦੇ ਗਵਰਨਮੈਂਟ ਹਾਊਸ ਵਿਖੇ ਲੌਰਨ ਡੌਰਕਸਨ ਨੇ ਸੂਬੇ ਦੇ 38ਵੇਂ ਪ੍ਰੀਮੀਅਰ ਵਜੋਂ ਹਲਫ ਲਿਆ ਤੇ ਇਸਦੇ ਨਾਲ ਹੀ ਉਹਨਾਂ ਨੇ ਆਪਣੀ 24 ਮੈਂਬਰੀ ਕੈਬਨਿਟ ਦਾ ਐਲਾਨ ਕੀਤਾ। ਉਹਨਾਂ ਨੇ ਆਪਣੀ ਕੈਬਨਿਟ ਵਿਚ ਕੁਝ ਅਨੁਭਵੀ ਅਤੇ ਵਧੇਰੇ ਕਰਕੇ ਨਵੇਂ ਆਗੂਆਂ ਨੂੰ ਅਹਿਮ ਮਹਿਕਮਿਆਂ ਦੀ ਜਿੰਮੇਵਾਰੀ ਦਿੱਤੀ ਹੈ।
ਉਹਨਾਂ ਦੀ ਕੈਬਨਿਟ ਵਿਚ ਸੀਨੀਅਰ ਤੇ ਤਜੁਰਬੇਕਾਰ ਆਗੂ ਪੀਟਰ ਮਿਲੋਬਾਰ ਨੂੰ ਵਿਤ ਮੰਤਰੀ, ਬੀਸੀ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਿਲ ਰਹੀ ਕੈਰੋਲਿਨ ਇਲੀਅਟ ਨੂੰ ਅਟਾਰਨੀ ਜਨਰਲ, ਬੇਘਰਿਆਂ ਦਾ ਅਨੁਭਵ ਹੰਢਾਉਣ ਵਾਲੀ ਕਲੇਅਰ ਰੈਟੀ ਨੂੰ ਸਮਾਜਿਕ ਵਿਕਾਸ ਮੰਤਰੀ ਅਤੇ ਡਿਪਟੀ ਪ੍ਰੀਮੀਅਰ, ਡੈਲਟਾ ਸਾਊਥ ਤੋਂ ਇਆਨ ਪੈਟਨ ਨੂੰ ਖੇਤੀ ਮੰਤਰੀ, ਪੀਟਰਸਨ ਨੂੰ ਸਿਹਤ ਮੰਤਰੀ, ਸਰੀ-ਵਾਈਟਰੌਕ ਤੋਂ ਵਿਧਾਇਕ ਅਤੇ ਅੰਤਰਿਮ ਆਗੂ ਰਹੇ ਟਰੈਵਰ ਹੈਲਫੋਰਡ ਨੂੰ ਟਰਾਂਸਪੋਰਟ ਅਤੇ ਬੁਨਿਆਦੀ ਢਾਂਚਾ ਮੰਤਰੀ ਅਤੇ ਨੌਜਵਾਨ ਪੰਜਾਬੀ ਆਗੂ ਤੇ ਡੈਲਟਾ ਪੁਲਿਸ ਦੇ ਅਫਸਰ ਰਹੇ ਜੈਸੀ ਸਹੋਤਾ ਨੂੰ ਸੋਲਿਸਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ ਵਜੋਂ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਐਬਸਫੋਰਡ ਤੋਂ ਸੀਨੀਅਰ ਆਗੂ ਬਰੂਸ ਬੈਨਮੈਨ ਅਤੇ ਕੋਰਕੀ ਨਿਊਫੈਲਡ ਨੂੰ ਵੀ ਕੈਬਨਿਟ ਵਿਚ ਅਹਿਮ ਮਹਿਕਮੇ ਦਿੱਤੇ ਗਏ ਹਨ। ਹੋਰ ਮੰਤਰੀਆਂ ਵਿਚ ਭਾਵੇਂਕਿ ਬਹੁਗਿਣਤੀ ਨਵੇਂ ਹਨ ਪਰ ਉਹਨਾਂ ਦੀ ਯੋਗਤਾ, ਤਜੁਰਬੇ ਅਤੇ ਕੰਮ ਕਰਨ ਦੀ ਸਮਰੱਥ ਮੁਤਾਬਿਕ ਮਹਿਕਮਿਆਂ ਦੀ ਵੰਡ ਕੀਤੀ ਗਈ ਹੈ। ਇਹਨਾਂ ਵਿਚ ਸਰੀ ਸੈਂਟਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਤੇ ਪਾਕਿਸਤਾਨੀ ਪੰਜਾਬੀ ਯਾਸ਼ੀਨ ਵਾਹਲਾ ਨੂੰ ਹਾਊਸਿੰਗ ਰਾਜ ਮੰਤਰੀ ਅਤੇ ਲੈਂਗਲੀ-ਐਬਸਫੋਰਡ ਤੋਂ ਦੂਸਰੀ ਵਾਰ ਵਿਧਾਇਕ ਬਣੇ ਹਰਮਨ ਭੰਗੂ ਨੂੰ ਕਿਰਤ ਰਾਜ ਮੰਤਰੀ ਬਣਾਇਆ ਗਿਆ ਹੈ।
ਡੌਰਕਸਨ ਦੀ ਕੈਬਨਿਟ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਤੇ ਖਾਸ ਕਰਕੇ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰ ਸਰੀ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਗਈ ਹੈ। ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿੱਚ ਪੰਜਾਬੀ ਮੂਲ ਦੇ ਵਿਧਾਇਕਾਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਇਸ ਗੱਲ ਦਾ ਸੰਕੇਤ ਹਨ ਕਿ ਸਿਆਸੀ ਫ਼ੈਸਲਿਆਂ ਦੀ ਪ੍ਰਕਿਰਿਆ ਵਿੱਚ ਭਾਈਚਾਰੇ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ।
ਪ੍ਰੀਮੀਅਰ ਲੌਰਨ ਡੌਰਕਸਨ ਦੀ ਕੈਬਨਿਟ ਵਿਚ ਜੈਸੀ ਸਹੋਤਾ, ਹਰਮਨ ਭੰਗੂ ਅਤੇ ਯਾਸ਼ੀਨ ਵਾਹਲਾ ਤੋਂ ਇਲਾਵਾ ਚਾਰ ਪੰਜਾਬੀ ਵਿਧਾਇਕਾਂ ਨੂੰ ਸੰਸਦੀ ਸਕੱਤਰਾਂ ਵਜੋਂ ਸਰਕਾਰ ਦੀ ਕਾਰਜਕਾਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸਰੀ ਨਾਰਥ ਤੋਂ ਮਨਦੀਪ ਧਾਲੀਵਾਲ (ਖੇਡਾਂ ਅਤੇ ਸੱਭਿਆਚਾਰ), ਸਰੀ ਨਿਊਟਨ ਤੋਂ ਡਾ ਹਰਜ ਧਾਲੀਵਾਲ (ਟ੍ਰਾਂਸਲਿੰਕ), ਲੈਂਗਲੀ ਵਿਲੋਬਰੁੱਕ ਤੋਂ ਜੋਡੀ ਤੂਰ (ਸੈਰ-ਸਪਾਟਾ) ਅਤੇ ਰਿਚਮੰਡ ਤੋਂ ਸਟੀਵ ਕੂਨਰ (ਆਈ.ਸੀ.ਬੀ.ਸੀ.) ਨਾਲ ਸਬੰਧਤ ਮਾਮਲਿਆਂ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਇਹਨਾਂ ਤੋਂ ਇਲਾਵਾ ਸਰੀ ਪੈਨੋਰਾਮਾ ਤੋਂ ਬਰਾਇਨ ਟੈਪਰ ਅਤੇ ਸਾਊਥ ਸਰੀ ਤੋਂ ਮੈਗਨ ਨਾਈਟ ਨੂੰ ਵੀ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ।
ਇਸ ਨਵੀਂ ਸਿਆਸੀ ਤਸਵੀਰ ਵਿੱਚ ਸਰੀ ਦਾ ਸਥਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ਼ਹਿਰ ਦੇ ਦਸ ਵਿਧਾਇਕਾਂ ਵਿੱਚੋਂ ਛੇ ਨੂੰ ਮੰਤਰੀ ਜਾਂ ਸੰਸਦੀ ਸਕੱਤਰ ਦੇ ਅਹੁਦੇ ਮਿਲਣੇ ਇਸ ਗੱਲ ਦੀ ਤਸੱਲੀ ਹਨ ਕਿ ਸਰੀ ਦੀ ਆਵਾਜ਼ ਹੁਣ ਰਾਜਧਾਨੀ ਵਿਕਟੋਰੀਆ ਦੇ ਅੰਦਰ ਕਾਫ਼ੀ ਪ੍ਰਭਾਵਸ਼ਾਲੀ ਹੋਵੇਗੀ। ਸਰੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਲਈ ਇਹ ਨੁਮਾਇੰਦਗੀ ਮਹੱਤਵਪੂਰਨ ਹੈ। ਟ੍ਰਾਂਸਪੋਰਟ, ਸ਼ਹਿਰੀ ਸੁਰੱਖਿਆ, ਰਿਹਾਇਸ਼ ਅਤੇ ਮੈਟਰੋ ਵੈਨਕੂਵਰ ਨਾਲ ਜੁੜੇ ਮੁੱਦੇ ਇੱਥੋਂ ਦੇ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਸਿੱਧਾ ਸਬੰਧ ਰੱਖਦੇ ਹਨ। ਇਸ ਲਈ ਇਨ੍ਹਾਂ ਅਹੁਦਿਆਂ ’ਤੇ ਬੈਠੇ ਪ੍ਰਤੀਨਿਧਾਂ ਤੋਂ ਸਥਾਨਕ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀਆਂ ਭਰਪੂਰ ਉਮੀਦਾਂ ਹਨ।
ਪ੍ਰੀਮੀਅਰ ਲੌਰਨ ਡੌਰਕਸਨ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਉਪਰੰਤ ਸਰਕਾਰ ਦੀ ਤਰਫੋਂ 5 ਅਹਿਮ ਕੰਮਾਂ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਗਈ ਹੈ ਜਿਹਨਾਂ ਵਿਚ ਲੋਕਾਂ ਨੂੰ ਟੈਕਸਾਂ ਤੋਂ ਰਾਹਤ, ਕਫਾਇਤੀ ਰਿਹਾਇਸ਼, ਨਿਵੇਸ਼ ਵਿਚ ਵਾਧਾ, ਸਿਹਤ ਸੰਭਾਲ, ਸਿੱਖਿਆ ਪ੍ਰਣਾਲੀ ਵਿਚ ਸੁਧਾਰ, ਮੂਲਨਿਵਾਸੀਆਂ ਦੇ ਮਸਲਿਆਂ ਤੇ ਸੁਲਾਹ ਸਫਾਈ ਨਾਲ ਅੱਗੇ ਵਧਣ ਅਤੇ ਸੁਰੱਖਿਆ ਦੇ ਮੁੱਦੇ ਸ਼ਾਮਿਲ ਕੀਤੇ ਗਏ ਹਨ। ਭਾਵੇਂਕਿ ਪ੍ਰੀਮੀਅਰ ਡੌਰਕਸਨ ਨੇ ਇਹ ਕਿਹਾ ਕਿ ਉਹ ਬ੍ਰਿਟਿਸ਼ ਕੋਲੰਬੀਆ ਵਾਸੀਆਂ ਵਲੋਂ ਦਿੱਤੇ ਗਏ ਫਤਵੇ ਦਾ ਸਨਮਾਨ ਕਰਦਿਆਂ ਚੋਣ ਵਾਅਦਿਆਂ ਮੁਤਾਬਿਕ ਦਿੱਤੀਆਂ ਗਈਆਂ ਤਰਜੀਹਾਂ ਤੇ ਕੰਮ ਕਰਨਗੇ ਪਰ ਉਹਨਾਂ ਦੀ ਸਰਕਾਰ ਲਈ ਕਈ ਅਜਿਹੇ ਮੁੱਦੇ ਵੱਡੀਆਂ ਚੁਣੌਤੀਆਂ ਹਨ। ਇਹਨਾਂ ਵਿਚ ਸਭ ਤੋਂ ਪਹਿਲਾਂ ਐਨ ਡੀ ਪੀ ਸਰਕਾਰ ਵਲੋਂ ਬਜਟ ਘਾਟੇ ਨੂੰ ਲਗਪਗ 14 ਅਰਬ ਡਾਲਰ ਤੱਕ ਛੱਡਣ ਨਾਲ ਨਿਪਟਣਾ ਕੋਈ ਸਹਿਜ ਕਾਰਜ ਨਹੀ। ਸੂਬੇ ਵਿਚ ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਅਤੇ ਨਵੇਂ ਨਿਵੇਸ਼ ਲਈ ਉਦਮ ਅਤੇ ਯੋਜਨਾਵਾਂ ਵੱਡੇ ਸਵਾਲ ਹਨ। ਚੋਣ ਵਾਅਦੇ ਮੁਤਾਬਿਕ ਲੋਕਾਂ ਨੂੰ ਤਰੁੰਤ ਰਾਹਤ ਲਈ ਟੈਕਸ ਵਿਚ ਕਟੌਤੀ, ਮੂਲਨਿਵਾਸੀਆਂ ਦੇ ਵਿਸ਼ੇਸ਼ ਅਧਿਕਾਰਾਂ ਵਾਲੇ ਡਰਿਪਾ ਕਨੂੰਨ ਨੂੰ ਰੱਦ ਕੀਤੇ ਜਾਣ, ਪ੍ਰਾਈਵੇਟ ਪ੍ਰਾਪਰਟੀ ਅਧਿਕਾਰਾਂ ਦੀ ਰੱਖਿਆ, ਬਿਲ-44 ਜਿਸ ਤਹਿਤ ਐਨ ਡੀ ਪੀ ਸਰਕਾਰ ਨੇ ਮਿਊਂਸਪਲ ਕੌਂਸਲਾਂ ਦੇ ਰਿਹਾਇਸ਼ੀ ਵਿਕਾਸ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ ਸੀ, ਬਾਰੇ ਠੋਸ ਫੈਸਲਾ ਲੈਣ ਤੋਂ ਇਲਾਵਾ ਲੈਂਡਲਾਰਡ ਤੇ ਕਿਰਾਏਦਾਰਾਂ ਦੇ ਹੱਕਾਂ ਦੀ ਰਖਵਾਲੀ, ਸਿੱਖਿਆ ਸੁਧਾਰ ਤਹਿਤ ਸੋਜੀ 123 ਨੂੰ ਰੱਦ ਕਰਨਾ ਅਤੇ ਆਈ ਸੀ ਬੀ ਸੀ ਵਿਚ ਲੋੜੀਂਦੇ ਸੁਧਾਰਾਂ ਬਾਰੇ ਅਹਿਮ ਮੁੱਦੇ ਹਨ। ਲੋਅਰ ਮੇਨਲੈਂਡ ਦੇ ਵਸਨੀਕਾਂ ਲਈ ਮੈਸੀ ਟਨਲ ਬਨਾਮ ਛੇ ਲਾਈਨਾਂ ਵਾਲੇ ਬ੍ਰਿਜ ਦਾ ਮੁੱਦਾ ਵੀ ਅਹਿਮ ਹੈ। ਸਰੀ ਦੇ ਮੇਅਰ ਵਲੋਂ ਸਰੀ ਵਿਚ ਨਵਾਂ ਜਨਰਲ ਹਸਪਤਾਲ ਬਣਾਉਣ ਅਤੇ ਸਰੀ ਨਿਊਟਨ ਤੱਕ ਸਕਾਈਟਰੇਨ ਦੇ ਵਿਸਥਾਰ ਲਈ ਬੀਸੀ ਕੰਸਰਵੇਟਿਵ ਆਗੂ ਵਲੋਂ ਸਰਕਾਰ ਬਣਨ ਦੀ ਸੂਰਤ ਵਿਚ ਇਹਨਾਂ ਦੋਵਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸਰੀ ਵਾਸੀਆਂ ਨਾਲ ਇਹ ਵਾਅਦਾ ਕਦੋਂ ਪੂੁਰਾ ਹੋਵੇਗਾ ਤੋਂ ਇਲਾਵਾ ਸਰਕਾਰ ਦੇ ਸਾਹਮਣੇ ‘ਆਰਟੀਫੀਸ਼ੀਅਲ ਇੰਟੈਲੀਜੈਂਸ’ (ਮਸਨੂਈ ਬੁੱਧੀ) ਨਾਲ ਜੁੜੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਅਤੇ ਇਸਦੀ ਬੇਹਤਰ ਵਰਤੋਂ ਬਾਰੇ ਵੀ ਫੈਸਲਾ ਲੈਣਾ ਅਹਿਮ ਹੈ।
ਬੀਸੀ ਕੰਸਰਵੇਟਿਵ ਦੇ ਚੋਣ ਵਾਅਦਿਆਂ ਅਤੇ ਉਹਨਾਂ ਦੀ ਪੂਰਤੀ ਲਈ ਨਵੀਂ ਸਰਕਾਰ ਦਰਪੇਸ਼ ਚੁਣੌਤੀਆਂ ਨੂੰ ਕਿਵੇਂ ਲੈਂਦੀ ਹੈ, ਸਮੇਂ ਤੇ ਛੱਡਣ ਦੇ ਨਾਲ ਇਸ ਘੜੀ ਪ੍ਰੀਮੀਅਰ ਡੌਰਕਸਨ ਦੇ ਇਹ ਸ਼ਬਦ ਅਹਿਮ ਹਨ ਕਿ ਬੀਸੀ ਦੇ ਲੋਕਾਂ ਨੇ ਉਹਨਾਂ ਅਤੇ ਉਹਨਾਂ ਦੀ ਪਾਰਟੀ ਉਪਰ ਜੋ ਭਰੋਸਾ ਪ੍ਰਗਟ ਕੀਤਾ ਹੈ, ਉਹ ਬਹੁਤ ਅਹਿਮ ਹੈ। ਉਹ ਪਾਰਟੀ ਦੇ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਅਤੇ ਸਖਤ ਮਿਹਨਤ ਲਈ ਪੂਰੀ ਤਰਾਂ ਤਿਆਰ ਹਨ।
ਨਵੀਂ ਸਰਕਾਰ ਨੂੰ ਇਕ ਨਵੀਂ ਸ਼ੁਰੂਆਤ ਲਈ ਸ਼ੁਭ ਕਾਮਨਾਵਾਂ…
